ਬਾਬਾ ਫਰੀਦ ਯੂਨੀਵਰਸਿਟੀ ਵੱਲੋਂ SHE 4.0 – Tech Startup Connect & Grow ਵਰਕਸ਼ਾਪ ਦਾ ਆਯੋਜਨ
“ਪੰਜਾਬ ਸਰਕਾਰ ਸੂਬੇ ਦੀਆਂ ਮਹਿਲਾਵਾਂ ਦੇ ਸਸ਼ਕਤੀਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ SHE 4.0 ਵਰਗੀਆਂ ਪਹਿਲਕਦਮੀਆਂ ਮਹਿਲਾਵਾਂ ਨੂੰ ਨਵੀਨਤਾ ਅਤੇ ਆਤਮਨਿਰਭਰਤਾ ਵੱਲ ਅੱਗੇ ਵਧਣ ਲਈ ਪ੍ਰੇਰਿਤ ਕਰ ਰਹੀਆਂ ਹਨ,” ਡਾ. ਅਮਨਦੀਪ ਕੌਰ ਅਰੋੜਾ ।
ਫਰੀਦਕੋਟ: ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ (BFUHS), ਫਰੀਦਕੋਟ ਵੱਲੋਂ ਸੈਨੇਟ ਹਾਲ ਵਿੱਚ “SHE 4.0 – Tech Startup Connect & Grow” ਵਿਸ਼ੇ ‘ਤੇ ਇੱਕ ਦਿਨਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਸਿਹਤ ਅਤੇ ਸੰਬੰਧਿਤ ਖੇਤਰਾਂ ਵਿੱਚ ਮਹਿਲਾ-ਨੇਤ੍ਰਿਤਵ ਵਾਲੀਆਂ ਸਟਾਰਟਅੱਪਸ, ਨਵੀਨਤਾ ਅਤੇ ਉਦਯਮਿਤਾ ਨੂੰ ਉਤਸ਼ਾਹਿਤ ਕਰਨਾ ਸੀ।
ਇਸ ਮੌਕੇ ਡਾ. ਅਮਨਦੀਪ ਕੌਰ ਅਰੋੜਾ, ਵਿਧਾਇਕ ਮੋਗਾ ਅਤੇ ਮੈਂਬਰ, ਬੋਰਡ ਆਫ ਮੈਨੇਜਮੈਂਟ (BOM), BFUHS, ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਈਆਂ। ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਮਹਿਲਾਵਾਂ ਦੇ ਸਸ਼ਕਤੀਕਰਨ ਪ੍ਰਤੀ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ ਅਤੇ BFUHS ਵੱਲੋਂ SHE 4.0 ਵਰਗੇ ਮੰਚ ਉਪਲਬਧ ਕਰਵਾਉਣ ਲਈ ਪ੍ਰਸ਼ੰਸਾ ਕੀਤੀ।
ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਪ੍ਰੋ. (ਡਾ.) ਰਾਜੀਵ ਸੂਦ, ਵਾਈਸ ਚਾਂਸਲਰ, BFUHS, ਨੇ ਕਿਹਾ ਕਿ ਇਨੋਵੇਸ਼ਨ ਅਤੇ ਇੰਟਰਪਨਿਊਰਸ਼ਿਪ ਹੁਣ ਕੇਵਲ ਵੱਡੇ ਸ਼ਹਿਰਾਂ ਤੱਕ ਸੀਮਿਤ ਨਹੀਂ ਰਹੀ, ਸਗੋਂ ਯੂਨੀਵਰਸਿਟੀਆਂ ਅਤੇ ਛੋਟੇ ਸ਼ਹਿਰਾਂ ਵਿੱਚ ਵੀ ਵਿਕਸਿਤ ਹੋ ਰਹੀ ਹੈ। ਉਨ੍ਹਾਂ ਨੇ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ (PSCST) ਦੀ SHE (Startups’ Handholding & Empowerment) ਪਹਿਲਕਦਮੀ ਦੀ ਪ੍ਰਸੰਸ਼ਾ ਕੀਤੀ ਅਤੇ ਵਿਦਿਆਰਥੀਆਂ, ਖਾਸ ਕਰਕੇ ਮਹਿਲਾਵਾਂ ਨੂੰ ਉਦਯਮਿਤਾ ਵੱਲ ਪ੍ਰੇਰਿਤ ਕੀਤਾ।
ਡਾ. ਦਪਿੰਦਰ ਕੌਰ ਬਖ਼ਸ਼ੀ, ਜੌਇੰਟ ਡਾਇਰੈਕਟਰ, PSCST, ਨੇ SHE 4.0 ਪ੍ਰੋਗਰਾਮ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਯੋਜਨਾ ਮਹਿਲਾ ਉਦਯਮੀਆਂ ਨੂੰ ਵਿਚਾਰ ਤੋਂ ਲੈ ਕੇ ਉਤਪਾਦ ਵਿਕਾਸ, ਮਾਰਗਦਰਸ਼ਨ, ਮਾਰਕੀਟ ਲਿੰਕੇਜ ਅਤੇ ਵਿੱਤੀ ਸਹਾਇਤਾ ਤੱਕ ਹਰ ਪੜਾਅ ‘ਤੇ ਸਹਿਯੋਗ ਪ੍ਰਦਾਨ ਕਰਦੀ ਹੈ।
“SHE Cohort 4.0 – Innovations & Entrepreneurship” ਵਿਸ਼ੇ ‘ਤੇ ਹੋਈ ਪਲੇਨਰੀ ਸੈਸ਼ਨ ਵਿੱਚ, ਸ਼੍ਰੀਮਤੀ ਰੀਵਾ ਸੂਦ, ਫਾਊਂਡਰ ਅਤੇ ਮੈਨੇਜਿੰਗ ਡਾਇਰੈਕਟਰ, Agriva Naturally, ਡਾ. ਦੀਪਕ ਕਪੂਰ, ਸੀਨੀਅਰ ਵਿਹਿਆਨੀ, ਡਾ. ਗੌਰੀ ਜਯਮੁਰੂਗਨ (Founder, Gowriz), ਡਾ. ਆਸ਼ਨਾ ਨਰੂਲਾ (Founder & Director, Psychopedia – ਵਰਚੁਅਲ ਮੋਡ), ਮਿਸ ਪਾਲਕ ਪੇਰੀਵਾਲ (Co-Founder, Buckitoz), ਮਿਸ ਅਨੀਤਾ ਧੀਮਾਨ (Founder, Right Wrap – ਵਰਚੁਅਲ ਮੋਡ), ਡਾ. ਜੋਤੀ ਕਟਾਰੀਆ ਅਤੇ ਡਾ. ਸੁਰਭੀ ਜੈਨ (Founder, Whimsical Bakes) ਨੇ ਆਪਣੇ ਵਿਚਾਰ ਸਾਂਝੇ ਕੀਤੇ।
ਵਰਕਸ਼ਾਪ ਦਾ ਸਮਾਪਨ ਡਾ. ਗਜਿੰਦਰਾ ਸਿੰਘ ਵੱਲੋਂ ਦਿੱਤੇ ਗਏ ਧੰਨਵਾਦ ਪ੍ਰਸਤਾਵ ਨਾਲ ਹੋਇਆ। ਉਨ੍ਹਾਂ ਨੇ ਡਾ. ਸੀਮਾ ਗ੍ਰੋਵਰ ਭੱਟੀ, ਪ੍ਰੋ. ਅਤੇ ਮੁਖੀ, ਓਬੀਜੀ ਵਿਭਾਗ, ਸ਼੍ਰੀ ਸਮੀਰ ਕਾਂਤ ਆਹੁਜਾ, ਡਾ. ਇਸ਼ਾ ਤਾਪਸਵੀ ਅਤੇ ਡਾ. ਅੰਸ਼ੁਲ ਬਰਾੜ ਨੂੰ ਵਰਕਸ਼ਾਪ ਦੀ ਸਫ਼ਲ ਆਯੋਜਨਾ ਲਈ ਵਧਾਈ ਦਿੱਤੀ।
ਇਸ ਮੌਕੇ ਯੂਨੀਵਰਸਿਟੀ ਦੇ ਕੰਨਸਟੀਚਿਊਟ ਕਾਲਜਾਂ ਦੇ ਅਧਿਆਪਕ ਅਤੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਹਾਜ਼ਰ ਰਹੇ।