ਡਰੱਗਜ਼ ਕੰਟਰੋਲ ਵਿਭਾਗ ਵੱਲੋਂ MTP ਕਿੱਟਾਂ ਦੀ ਗੈਰਕਾਨੂੰਨੀ ਵਿਕਰੀ ਖ਼ਿਲਾਫ਼ ਸਖ਼ਤ ਕਾਰਵਾਈ
ਫਰਜੀ ਗਾਹਕ ਨੂੰ ਬਿਨਾਂ ਡਾਕਟਰੀ ਪਰਚੀ ਤੇ ਬਿਨਾਂ ਬਿੱਲ MTP ਕਿੱਟ ਵੇਚਣ ਦਾ ਮਾਮਲਾ ਬੇਨਕਾਬ
ਲੁਧਿਆਣਾ 26 ਮਈ 2026 ( ਉਂਕਾਰ ਸਿੰਘ ਉੱਪਲ)
ਡਿਪਟੀ ਕਮਿਸ਼ਨਰ ਲੁਧਿਆਣਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ MTP ਕਿੱਟਾਂ ਦੀ ਗੈਰਕਾਨੂੰਨੀ ਖਰੀਦ-ਫ਼ਰੋਖ਼ਤ ਨੂੰ ਰੋਕਣ ਲਈ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਡਰੱਗਜ਼ ਕੰਟਰੋਲ ਵਿਭਾਗ ਵੱਲੋਂ ਜਾਂਚ ਹੋਰ ਤੇਜ਼ ਕੀਤੀ ਗਈ।
ਇਸ ਮੁਹਿੰਮ ਦੇ ਤਹਿਤ ਨਵਦੀਪ ਸੰਧੂ, ਡਰੱਗਜ਼ ਕੰਟਰੋਲ ਅਫ਼ਸਰ, ਲੁਧਿਆਣਾ-3 ਵੱਲੋਂ ਦੋ ਫਰਮਾਂ ਦੀ ਜਾਂਚ ਕੀਤੀ ਗਈ। ਹੇਬੋਵਾਲ ਕਲਾਂ ਦੇ ਰਘੁਬੀਰ ਪਾਰਕ ਇਲਾਕੇ ਵਿੱਚ ਸਥਿਤ ਇੱਕ ਮੈਡੀਕਲ ਸਟੋਰ ਤੇ ਵਿਭਾਗ ਵੱਲੋਂ ਫਰਜੀ ਗਾਹਕ ਭੇਜ ਕੇ ਜਾਂਚ ਕੀਤੀ ਗਈ।ਕਾਰਵਾਈ ਦੌਰਾਨ ਫਰਮ ਵੱਲੋਂ ਬਿਨਾਂ ਡਾਕਟਰ ਦੀ ਪ੍ਰਿਸਕ੍ਰਿਪਸ਼ਨ ਅਤੇ ਬਿਨਾਂ ਵਿਕਰੀ ਬਿੱਲ ਜਾਰੀ ਕੀਤੇ MTP ਕਿੱਟ ਵੇਚੀ ਗਈ, ਜੋ ਕਿ ਡਰੱਗਜ਼ ਐਂਡ ਕਾਸਮੈਟਿਕਸ ਐਕਟ ਅਤੇ ਸੰਬੰਧਿਤ ਨਿਯਮਾਂ ਦੀ ਉਲੰਘਣਾ ਹੈ। ਇਸ ਸਬੰਧੀ ਤੱਥ ਮੌਕੇ ਤੇ ਤਿਆਰ ਕੀਤੀ ਜਾਂਚ ਰਿਪੋਰਟ ਵਿੱਚ ਦਰਜ ਕੀਤੇ ਗਏ।
ਇਸ ਤੋਂ ਇਲਾਵਾ, ਜਾਂਚ ਦੌਰਾਨ ਫਰਮ ਵੱਲੋਂ ਸਟਾਕ ਵਿੱਚ ਮੌਜੂਦ MTP ਕਿੱਟ ਦਾ ਖਰੀਦ ਰਿਕਾਰਡ ਵੀ ਪੇਸ਼ ਨਹੀਂ ਕੀਤਾ ਗਿਆ, ਜੋ ਕਿ ਡਰੱਗਜ਼ ਐਂਡ ਕਾਸਮੈਟਿਕਸ ਐਕਟ, 1940 ਅਧੀਨ ਲਾਜ਼ਮੀ ਹੈ।ਡਰੱਗਜ਼ ਕੰਟਰੋਲ ਅਫ਼ਸਰ ਲੁਧਿਆਣਾ-3 ਨਵਦੀਪ ਸੰਧੂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ, ਉਲੰਘਣਾ ਕਰਨ ਵਾਲੇ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸੰਵੇਦਨਸ਼ੀਲ ਦਵਾਈਆਂ ਦੀ ਗੈਰਕਾਨੂੰਨੀ ਵਿਕਰੀ ਰੋਕਣ ਅਤੇ ਲੋਕ ਸਿਹਤ ਦੀ ਸੁਰੱਖਿਆ ਲਈ ਅਜੇਹੀਆਂ ਅਚਾਨਕ ਜਾਂਚਾਂ ਅਤੇ ਡਿਕੌਇ ਕਾਰਵਾਈਆਂ ਭਵਿੱਖ ਵਿੱਚ ਵੀ ਜਾਰੀ ਰਹਿਣਗੀਆਂ।