
ਮੁੱਢਲੀ ਸਹਾਇਤਾ ਬਾਰੇ ਵਿਦਿਆਰਥੀਆਂ ਨੂੰ ਦਿੱਤੀ ਜਾਵੇਗੀ ਸਿਖਲਾਈ—ਸਿਵਲ ਸਰਜਨ ਡਾ.ਪ੍ਰਦੀਪ ਮਹਿੰਦਰਾ
ਲੁਧਿਆਣਾ, 14 ਫਰਵਰੀ (ਉਂਕਾਰ ਸਿੰਘ ਉੱਪਲ) ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਵੱਲੋ ਦਿੱਤੇ ਗਏ ਦਿਸਾਂ ਨਿਰਦੇਸਾਂ ਤਹਿਤ ਅਤੇ ਸਿਵਲ ਸਰਜਨ ਡਾ. ਪ੍ਰਦੀਪ ਕੁਮਾਰ ਮਹਿੰਦਰਾ ਦੀ ਅਗਵਾਈ ਹੇਠ ਅੱਜ ਸਕੂਲੀ ਬੱਚਿਆਂ ਨੂੰ ਮੁੱਢਲੀ ਸਹਾਇਤਾ ਦੇਣ ਸਬੰਧੀ ਵਿਸ਼ੇਸ ਮੁਹਿੰਮ ਸੁਰੂ ਕੀਤੀ ਗਈ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਸਿਵਲ ਸਰਜਨ ਡਾ. ਪ੍ਰਦੀਪ ਮਹਿੰਦਰਾ ਨੇ ਦੱਸਿਆ ਕਿ ਸਕੂਲੀ ਵਿਦਿਆਰਥੀਆਂ ਨੂੰ ਮੁੱਢਲੀ ਸਹਾਇਤਾ (ਫੱਸਟ ਏਡ) ਸਬੰਧੀ ਸਿਖਲਾਈ ਦਿੱਤੀ ਜਾ ਰਹੀ ਹੈ ਤਾਂ ਕਿ ਵਿਦਿਆਰਥੀ ਕਿਸੇ ਵੀ ਤਰਾਂ ਦੀ ਅਚਨਚੇਤ ਹੋਣ ਵਾਲੀ ਦੁਰਘਟਨਾ ਸਮੇਂ ਆਪਣੀ ਅਤੇ ਆਪਣੇ ਸਾਥੀਆਂ ਦੀ ਸਹਾਇਤਾ ਕਰਦੇ ਹੋਏ ਸਮੇ ਸਿਰ ਮੁੱਢਲੀ ਸਹਾਇਤਾ ਦੇ ਕੇ ਪੀੜਤ ਨੂੰ ਨੇੜੇ ਦੇ ਸਿਹਤ ਕੇਂਦਰ ਤੱਕ ਪਹੁੰਚਾ ਕੇ ਕੀਮਤੀ ਜਾਨ ਬਚਾਈ ਜਾ ਸਕੇ।ਉਨਾਂ ਦੱਸਿਆ ਕਿ ਨੱਕ ਵਿੱਚੋਂ ਖੂਨ ਵੱਗਣਾ, ਸੱਪ ਦਾ ਡੱਸਣਾ, ਬੇਹੋਸ਼ ਹੋ ਜਾਣਾ ਅਤੇ ਸਾਹ ਨਾ ਆਉਣਾ ਆਦਿ ਸਮੇ ਦੌਰਾਨ ਕੀਤੀ ਗਈ ਦੇਰੀ ਜਾਂ ਲੋੜੀਂਦੀ ਸਹਾਇਤਾ ਬਾਰੇ ਜਾਣਕਾਰੀ ਦੀ ਜਾਣਕਾਰੀ ਨਾ ਹੋਣ ਕਾਰਨ ਅਣਸੁਖਾਵੀਂ ਘਟਨਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ।ਇਸ ਲਈ ਵਿਦਿਆਰਥੀਆਂ ਨੂੰ ਬਣਾਉਟੀ ਸਾਹ (ਸੀ.ਪੀ.ਆਰ) ਦੇਣ ਅਤੇ ਹੋਰ ਮੁੱਢਲੀ ਸਹਾਇਤਾ ਦੇਣ ਸਬੰਧੀ ਸਿਖਾਲਾਈ ਦਿੱਤੀ ਜਾਵੇਗੀ।ਉਹਨਾ ਦੱਸਿਆ ਕਿ ਗੰਭੀਰ ਹਾਲਾਤ ਵਿੱਚ ਵਿਅਕਤੀ ਦੀ ਜਾਨ ਬਚਾਉਣਾ ਸਿਹਤ ਵਿਭਾਗ ਦੀ ਪਹਿਲੀ ਪ੍ਰਾਥਮਿਕਤਾ ਹੋਵੇਗੀ। ਇਸ ਤਹਿਤ ਅੱਜ ਜਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫਸਰ ਪਰਮਿੰਦਰ ਸਿੰਘ ਅਤੇ ਜਿਲ੍ਹਾ ਬੀ.ਸੀ.ਸੀ ਕੋਆਰਡੀਨੇਟਰ ਬਰਜਿੰਦਰ ਸਿੰਘ ਬਰਾੜ ਨੇ ਸਰਕਾਰੀ ਸੀਨੀਅਰ ਸੈਕੰਡਰੀ ਮਲਟੀਪਰਪਜ਼ ਸਕੂਲ ਮੰਡੀ ਕੇਸਰ ਗੰਜ ਵਿਖੇ ਬੱਚਿਆਂ ਨੂੰ ਮੁਢਲੀ ਸਹਾਇਤਾ ਦੇਣ ਸਬੰਧੀ ਜਾਗਰੂਕ ਕੀਤਾ ਗਿਆ।ਇਸ ਮੌਕੇ ਅਧਿਆਪਕ ਸੁਸ਼ੀਲ ਕੁਮਾਰ ਕੌੜਾ, ਜ਼ਸਮੀਤ ਕੌਰ, ਗੀਤਾਂਜਾਲੀ ਪੁਰੀ,ਸੁਰਚਨਾ ਪੰਧੇਰ, ਸ਼ੈਲੀ ਸਰਮਾ,ਕਮਲਜੀਤ ਕੌਰ ਅਤੇ ਵਾਰਡ ਅਟੈਂਡੈਂਟ ਸੰਨੀ ਕੁਮਾਰ ਵੀ ਹਾਜ਼ਰ ਸਨ।