ਮਿਨੀਮਮ ਵੇਜ ਐਕਟ ਦੀ ਉਲੰਘਣਾ ਖ਼ਿਲਾਫ਼ ਭੱਠਾ ਮਜ਼ਦੂਰਾਂ ਦਾ ਸੰਘਰਸ਼ ਤੇਜ਼।
ਪ੍ਰਸ਼ਾਸਨ ਤੇ ਭੱਠਾ ਮਾਲਕਾਂ ਦੀ ਪੁਸ਼ਤ ਪਨਾਹੀ ਕਰਨ ਦੇ ਦੋਸ਼, ਦੋ ਦਿਨ ਹੜਤਾਲ ਦਾ ਐਲਾਨ।
ਫਤਹਿਗੜ੍ਹ ਸਾਹਿਬ: ਕਿਸਾਨ ਮਜ਼ਦੂਰ ਐਸੋਸੀਏਸ਼ਨ ਪੰਜਾਬ ਦੀ ਅਹਿਮ ਮੀਟਿੰਗ ਰੋਜਾ ਸ਼ਰੀਫ ਫਤਹਿਗੜ੍ਹ ਸਾਹਿਬ ਵਿੱਚ ਸੂਬਾ ਪ੍ਰਧਾਨ ਕੁਲਦੀਪ ਸਿੰਘ ਨੀਟੂ ਕੋਟ ਧਰਮੂੰ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿੱਚ ਫਤਹਿਗੜ੍ਹ ਸਾਹਿਬ ਦੇ ਭੱਠਾ ਮਜ਼ਦੂਰ ਵੱਡੀ ਗਿਣਤੀ ਵਿੱਚ ਹਾਜ਼ਰ ਰਹੇ। ਦਿਲਵਰ ਖਾਂ ਸੰਗਰੂਰ ਨੇ ਕਿਹਾ ਕਿ ਭੱਠਾ ਮਾਲਕ ਮਿਨੀਮਮ ਵੇਜ ਐਕਟ 1948 ਦੀ ਉਲੰਘਣਾ ਕਰ ਰਹੇ ਹਨ, ਜਿਸ ਤਹਿਤ ਕੱਚੀ ਭਰਾਈ ਮਜ਼ਦੂਰਾਂ ਦੀ ਉਜਰਤ 312.45 ਪੈਸੇ ਪ੍ਰਤੀ ਹਜ਼ਾਰ ਇੱਟ ਹੋਣੀ ਚਾਹੀਦੀ ਹੈ।
ਦਿਲਵਰ ਖਾਂ ਨੇ ਦੱਸਿਆ ਕਿ ਮਜ਼ਦੂਰਾਂ ਨੇ 19 ਮਈ ਨੂੰ ਡਿਪਟੀ ਕਮਿਸ਼ਨਰ ਦਫਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਸੀ ਪਰ ਪ੍ਰਸ਼ਾਸਨ ਅਤੇ ਮਾਲਕਾਂ ਵੱਲੋਂ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਨੇ ਪ੍ਰਸ਼ਾਸਨ 'ਤੇ ਮਾਲਕਾਂ ਦੀ ਪੁਸ਼ਤ ਪਨਾਹੀ ਕਰਨ ਦੇ ਦੋਸ਼ ਲਾਏ। ਇਸਦੇ ਜਵਾਬ ਵਿੱਚ, ਭੱਠਾ ਮਜ਼ਦੂਰ 30 ਅਤੇ 31 ਮਈ ਨੂੰ ਹੜਤਾਲ ਕਰਨਗੇ। ਇਸ ਮੌਕੇ ਬੂਟਾ ਖਾਂ, ਨੈਬੀ ਖਾਂ, ਬਿੰਦਰ ਖਾਂ, ਮੇਜਰ ਸਿੰਘ, ਸਰਾਜ ਖਾਂ, ਅਕਬਰ ਖਾਂ, ਕਾਕਾ ਸਿੰਘ, ਮੇਜਰ ਖਾਂ, ਸੱਜੂ ਖਾਂ, ਦਿਲਵਰ ਖਾਂ ਸੌਟੀ, ਸਰਾਜ ਖਾਂ ਸੁਲਤਾਨਪੁਰ, ਨਾਜਰ ਜਹਾਂਗੀਰ ਆਦਿ ਮੌਜੂਦ ਸਨ।