ਫਰੀਦਕੋਟ ਦੇ ਨਿੱਜੀ ਸਕੂਲ ਅਧਿਆਪਕਾਂ ਦੀਆਂ ਗੰਭੀਰ ਸਮੱਸਿਆਵਾਂ ਆਈਆਂ ਸਾਹਮਣੇ, ਅਰਸ਼ ਸੱਚਰ ਵੱਲੋਂ ਮੁੱਖ ਮੰਤਰੀ ਸਾਹਿਬ ਕੋਲ ਉੱਚ ਪੱਧਰੀ ਜਾਂਚ ਕਮੇਟੀ ਬਣਾਕੇ ਤੁਰੰਤ ਕਾਰਵਾਈ ਦੀ ਮੰਗ
ਫਰੀਦਕੋਟ, 22 ਮਈ26(ਨਾਇਬ ਰਾਜ)
ਫਰੀਦਕੋਟ ਦੇ ਵੱਖ-ਵੱਖ ਨਿੱਜੀ ਸਕੂਲਾਂ ਵਿੱਚ ਕੰਮ ਕਰ ਰਹੇ ਅਧਿਆਪਕਾਂ ਅਤੇ ਅਧਿਆਪਕਾਵਾਂ ਦੇ ਇਕ ਸਮੂਹ ਨੇ ਅੱਜ ਸਮਾਜ ਸੇਵਕ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਅਰਸ਼ ਸੱਚਰ ਨਾਲ ਮੁਲਾਕਾਤ ਕਰਕੇ ਆਪਣੀਆਂ ਗੰਭੀਰ ਸਮੱਸਿਆਵਾਂ ਸਾਂਝੀਆਂ ਕੀਤੀਆਂ।
ਅਧਿਆਪਕਾਂ ਨੇ ਦੱਸਿਆ ਕਿ ਉਹ ਲੰਮੇ ਸਮੇਂ ਤੋਂ ਮਾਨਸਿਕ ਅਤੇ ਸ਼ਾਰੀਰੀਕ ਦਬਾਅ ਹੇਠ ਕੰਮ ਕਰਨ ਲਈ ਮਜਬੂਰ ਹਨ, ਪਰ ਪਰਿਵਾਰਾਂ ਦੀ ਰੋਜ਼ੀ-ਰੋਟੀ ਅਤੇ ਨੌਕਰੀ ਦੇ ਡਰ ਕਾਰਨ ਖੁੱਲ੍ਹ ਕੇ ਆਵਾਜ਼ ਨਹੀਂ ਉਠਾ ਸਕਦੇ।
ਅਧਿਆਪਕਾਂ ਵੱਲੋਂ ਰੱਖੀਆਂ ਮੁੱਖ ਸਮੱਸਿਆਵਾਂ ਵਿੱਚ ਇੱਕ ਮਿੰਟ ਦੇਰੀ ਨਾਲ ਆਉਣ ‘ਤੇ ਚੌਥਾਈ ਛੁੱਟੀ ਲਗਾਉਣਾ, ਇਮਤਿਹਾਨਾਂ ਦੌਰਾਨ ਡਬਲ ਛੁੱਟੀ ਕਟੌਤੀ, ਸਕੂਲਾਂ ਵੱਲੋਂ ਫੀਸ ਵਧਾਉਣ ਦੇ ਬਾਵਜੂਦ ਅਧਿਆਪਕਾਂ ਦੇ ਇਨਕ੍ਰੀਮੈਂਟ ਵਿੱਚ ਕਮੀ, ਪੂਰਾ ਦਿਨ ਖੜ੍ਹੇ ਰਹਿਣ ਲਈ ਮਜਬੂਰ ਕਰਨਾ, ਐਤਵਾਰਾਂ ਅਤੇ ਸਰਕਾਰੀ ਛੁੱਟੀਆਂ ਵਿੱਚ ਵੀ ਕੰਮ ਲੈਣਾ, ਬੇਹੱਦ ਸਟੇ-ਬੈਕ ਸਮਾਂ ਅਤੇ ਇੱਕ ਕਲਾਸ ਵਿੱਚ 50 ਤੋਂ ਵੱਧ ਬੱਚਿਆਂ ਨੂੰ ਪੜ੍ਹਾਉਣ ਦਾ ਦਬਾਅ ਸ਼ਾਮਲ ਹਨ।
ਖਾਸ ਤੌਰ ‘ਤੇ ਮਹਿਲਾ ਅਧਿਆਪਕਾਵਾਂ ਨੇ ਦੱਸਿਆ ਕਿ ਲੰਮੇ ਸਮੇਂ ਤੱਕ ਖੜ੍ਹੇ ਰਹਿਣ ਕਾਰਨ ਉਹ ਬੈਕ ਪੇਨ, ਲੈਗ ਪੇਨ, ਸਰਵਾਈਕਲ ਅਤੇ ਸਪਾਈਨ ਦੀਆਂ ਸਮੱਸਿਆਵਾਂ ਦਾ ਸ਼ਿਕਾਰ ਹੋ ਰਹੀਆਂ ਹਨ।
ਇਸ ਮੌਕੇ ਅਰਸ਼ ਸੱਚਰ ਨੇ ਕਿਹਾ ਕਿ ਅਧਿਆਪਕ ਸਮਾਜ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ ਅਤੇ ਜੇ ਉਹੀ ਮਾਨਸਿਕ ਤਣਾਅ ਅਤੇ ਅਨਿਆਇ ਹੇਠ ਕੰਮ ਕਰਨ ਲਈ ਮਜਬੂਰ ਹੋਣ ਤਾਂ ਇਸਦਾ ਨਕਾਰਾਤਮਕ ਪ੍ਰਭਾਵ ਪੂਰੀ ਸਿੱਖਿਆ ਪ੍ਰਣਾਲੀ ‘ਤੇ ਪੈਂਦਾ ਹੈ।
ਉਨ੍ਹਾਂ ਕਿਹਾ ਕਿ ਇੱਕ ਸਮਾਜ ਸੇਵਕ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਹੋਣ ਦੇ ਨਾਤੇ ਉਨ੍ਹਾਂ ਨੇ ਇਹ ਸਾਰੇ ਮੁੱਦੇ ਮਾਣਯੋਗ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਜੀ ਦੇ ਧਿਆਨ ਵਿੱਚ ਜਨਹਿਤ ਅਰਜ਼ੀ ਰਾਹੀਂ ਰੱਖੇ ਹਨ ਅਤੇ ਮੰਗ ਕੀਤੀ ਹੈ ਕਿ ਪੰਜਾਬ ਪੱਧਰ ‘ਤੇ ਨਿੱਜੀ ਸਕੂਲਾਂ ਵਿੱਚ ਅਧਿਆਪਕਾਂ ਦੀਆਂ ਸਮੱਸਿਆਵਾਂ ਦੀ ਜਾਂਚ ਲਈ ਤੁਰੰਤ ਇੱਕ ਉੱਚ ਪੱਧਰੀ ਕਮੇਟੀ ਬਣਾਈ ਜਾਵੇ।
ਉਨ੍ਹਾਂ ਇਹ ਵੀ ਮੰਗ ਕੀਤੀ ਕਿ ਅਧਿਆਪਕਾਂ ਲਈ ਗੁਪਤ ਸ਼ਿਕਾਇਤ ਪ੍ਰਣਾਲੀ ਬਣਾਈ ਜਾਵੇ ਤਾਂ ਜੋ ਉਹ ਬਿਨਾਂ ਡਰ ਆਪਣੀਆਂ ਸਮੱਸਿਆਵਾਂ ਸਰਕਾਰ ਤੱਕ ਪਹੁੰਚਾ ਸਕਣ।
ਅਰਸ਼ ਸੱਚਰ ਨੇ ਕਿਹਾ ਕਿ ਇਹ ਮਸਲਾ ਸਿਰਫ਼ ਅਧਿਆਪਕਾਂ ਦਾ ਨਹੀਂ, ਸਗੋਂ ਪੰਜਾਬ ਦੇ ਸਿੱਖਿਆ ਪ੍ਰਣਾਲੀ ਅਤੇ ਭਵਿੱਖੀ ਪੀੜ੍ਹੀ ਨਾਲ ਜੁੜਿਆ ਹੋਇਆ ਵੱਡਾ ਜਨਹਿਤ ਮਸਲਾ ਹੈ, ਜਿਸ ‘ਤੇ ਤੁਰੰਤ ਸੰਵੇਦਨਸ਼ੀਲ ਅਤੇ ਨਿਆਂਪੂਰਕ ਕਾਰਵਾਈ ਦੀ ਲੋੜ ਹੈ।