ਮੋਹਾਲੀ: ਪ੍ਰਭਜੋਤ ਕੌਰ ਨੇ ਓਸਟੀਓਸਾਰਕੋਮਾ ਤੇ ਜਿੱਤ ਦਰਸਾਈ:-ਡਾ. ਮਨਜੀਤ ਸਿੰਘ ਬੱਲ
ਸਾਰੇ ਹੀ ਰੋਗ ਬੜੇ ਖ਼ਤਰਨਾਕ ਨੇ ਦਿਲ ਦੀਆਂ ਬਿਮਾਰੀਆਂ, ਏਡਸ, ਐਕਸੀਡੈਂਟਸ, ਸਮੇਤ ਕੈਂਸਰ, ਪਰ ਕੈਂਸਰ ਦੇ ਰੋਗ ਨੂੰ ਖ਼ਾਸ ਕਰਕੇ, ਲੋਕ ਬਹੁਤ ਮਾੜਾ ਸਮਝਦੇ ਹਨ। ਕਈ ਲੋਕ ਤਾਂ ਇਹਨੂੰ ਇੱਕ ਕਲੰਕ ਸਮਝਦੇ ਹਨ ਜਦਕਿ ਕਲੰਕ ਵਾਲੀ ਕੋਈ ਗੱਲ ਨਹੀਂ ਹੁੰਦੀ । ਓਸਟੀਓਜੈਨਿਕ ਸਾਰਕੋਮਾ (ਓਸਟੀਓਸਾਰਕੋਮਾ), ਹੱਡੀਆਂ ਦਾ ਇੱਕ ਪ੍ਰਾਇਮਰੀ ਕੈਂਸਰ ਹੁੰਦਾ ਹੈ ਜਿਹੜਾ ਕਿ ਆਮ ਕੈਂਸਰ ਨਹੀਂ । ਚਾਰ ਪੰਜ ਮਿਲੀਅਨ ਲੋਕਾਂ ਵਿੱਚੋਂ ਇਸ ਕੈਂਸਰ ਦੇ ਸਿਰਫ ਤਿੰਨ ਚਾਰ ਕੇਸ ਹੀ ਹੁੰਦੇ ਨੇ। ਇਹ ਆਮ ਕਰਕੇ ਇਹ 10 ਤੋਂ 30 ਸਾਲ ਦੀ ਉਮਰ ਦੇ ਵਿੱਚ ਹੁੰਦਾ ਕਿਉਂਕਿ ਇਸ ਉਮਰ ਦੇ ਵਿੱਚ ਹੱਡੀਆਂ ਨੇ ਵਧਣਾ ਹੁੰਦਾ ਹੈ, ਉਹਨਾਂ ਦੀ ਗ੍ਰੋਥ ਹੁੰਦੀ ਹੈ, ਹੱਡੀਆਂ ਦੇ ਸੈੱਲਾਂ ਦਾ ਵਾਧਾ, ਅਨ-ਕੰਟਰੋਲਡ ਹੋ ਜਾਂਦਾ ਹੈ ਤੇ ਕੈਂਸਰ ਉਤਪੰਨ ਹੋ ਜਾਂਦਾ ਹੇ। ਕੈਂਸਰ ਦੀ ਇਹ ਕਿਸਮ ਵਾਕਿਆ ਹੀ ਜ਼ਿਆਦਾ ਖ਼ਤਰਨਾਕ ਹੈ ਕਿਉਂਕਿ ਇਹਦਾ survival ਰੇਟ ਬਾਕੀ ਕੈਂਸਰਾਂ ਦੇ ਮੁਤਾਬਿਕ ਬਹੁਤ ਘੱਟ ਹੁੰਦਾ ਹੈ ਯਾਨੀ ਕਿ ਜਿਨ੍ਹਾਂ ਵਿਚ ਇਹ ਕੈਂਸਰ ਡਾਇਗਨੋਸ ਹੋ ਜਾਂਦਾ ਹੈ, ਉਹਦਾ ਅੰਗ, ਉਹ ਲਿੰਬ ਕੱਟਿਆ ਜਾਂਦਾ ਜਿਵੇਂ ਆਮ ਕਰਕੇ ਇਹ ਲੱਤ ਵਿੱਚ ਹੁੰਦਾ ਤੇ ਲੱਤ ਕੱਟੀ ਜਾਂਦੀ ਹੈ ਤੇ ਜੇ ਬਾਂਹ ਦੀ ਕਿਸੇ ਹੱਡੀ ਚ ਹੋਵੇ ਤਾਂ ਬਾਂਹ ਕੱਟਣੀ ਪੈਂਦੀ ਹੈ। ਉਸ ਤੋਂ ਬਾਅਦ ਵੀ ਵਧੀਆ ਇਲਾਜ ਦੇ ਬਾਵਜੂਦ, ਰੋਗੀ ਦੀ ਉਮਰ ਕੋਈ ਜਿਆਦਾ ਲੰਮੀ ਨਹੀਂ ਹੁੰਦੀ; ਛੇ ਮਹੀਨੇ, ਸਾਲ ਵੱਧ ਤੋਂ ਵੱਧ ਡੇਢ ਸਾਲ ।
ਇਹਨਾਂ ਦਿਨਾਂ ਚ ਮੋਹਾਲੀ ਦੀ ਨਿਵਾਸੀ ਇੱਕ ਬੀਬੀ, ਪ੍ਰਭਜੋਤ ਕੌਰ ‘ਜੋਤ’ ਸਾਡੇ ਸੰਪਰਕ ਚ ਆਈ ਹੈ ਜਿਸ ਨੇ ਇਸ ਕੈਂਸਰ ਯਾਨੀ ਕਿ ਓਸਟੀਓਸਾਰਕੋਮਾ ਦਾ ਬਹੁਤ ਡਟ ਕੇ ਮੁਕਾਬਲਾ ਕੀਤਾ ਹੈ । ਕਿਉਂਕਿ ਕਿਸੇ ਵੀ ਬਿਮਾਰੀ ਜਾਂ ਕੈਂਸਰ ਹੋਣ ਤੇ, ਜੇ ਤੁਸੀਂ ਆਪਣਾ ਮਨੋਬਲ ਉੱਚਾ ਰੱਖੋ, ਸਾਰਥਕ ਰਹੋ, ਖੁਸ਼ ਰਹੋ ਲੋਕਾਂ ਨੂੰ ਵੀ ਖੁਸ਼ ਰੱਖੋ, ਆਪਣੇ ਆਪ ਨੂੰ ਕਿਸੇ ਕੰਮ ਚ ਬਿਜ਼ੀ ਰੱਖੋ ਤਾਂ ਕੈਂਸਰ ਦੇ ਸੈਲ ਕਮਜ਼ੋਰ ਹੋ ਜਾਂਦੇ ਹਨ, ਮਰ ਜਾਂਦੇ ਨੇ ਸੋ ਰੋਗੀ ਦੀ ਉਮਰ ਜਿਆਦਾ ਲੰਬੀ ਹੁੰਦੀ ਹੈ। ਉਸਨੇ ਕਿਹਾ ਕਿ 8 ਮਈ ਦਾ ਦਿਨ ਮੇਰੇ ਵਾਸਤੇ ਵਿਸ਼ੇਸ਼ ਹੁੰਦਾ ਹੈ ਕਿਉਂਕਿ ਮੈਂ ਮਨੋਬਲ, ਹਿੰਮਤ ਤੇ ਹੌਸਲੇ ਨਾਲ ਕੈਂਸਰ ਨੂੰ ਹਾਰਿਆ । ਅੱਜ ਕੱਲ ਦੇ ਆਧੁਨਿਕ ਇਲਾਜਾਂ ਦੇ ਵਿੱਚ ਕੀਮੋਥੈਰਪੀ ਤੇ ਕਈ ਵਾਰ ਰੇਡੀਓ ਥੈਰਪੀ ਵੀ ਸਰਜਰੀ ਤੋਂ ਪਹਿਲਾਂ ਦਿੱਤੀ ਜਾਂਦੀ ਹੈ। ਉਹਦੇ ਨਾਲ ਕਈ ਕੇਸਾਂ ਦੇ ਵਿੱਚ ਤੇ ਉਹਨੂੰ ਲਿੰਬ ਸੇਵਿੰਗ ਸਰਜਰੀ ਜਾਂ ਲਿੰਬ ਸਪੇਰਿੰਗ ਸਰਜਰੀ ਵੀ ਕਹਿੰਦੇ ਨੇ ਤੇ ਉਹਨਾਂ ਦੀ ਲੱਤ ਜਾਂ ਬਾਂਹ ਬਚ ਵੀ ਸਕਦੀ ਹੈ। ਇਸੇ ਥੀਮ ਨੂੰ ਲੈ ਕੇ 6-7 ਸਾਲ ਪਹਿਲਾਂ ਅਸੀਂ ਇਕ ਫਿਲਮ "ਝਾਂਜਰ ਵਿਦ ਓਸਟਿਓ ਸਰਕੋਮਾ” ਬਣਾਈ ਸੀ ਜੋ ਯੂ ਟਿਊਬ 'ਤੇ ਹੈ
ਹੱਡੀਆਂ ਦੇ ਕੈਂਸਰ ਓਸਟਿਓ-ਸਰਕੋਮਾ ਦੇ ਵਧੇਰੇ ਕੇਸ 15 ਤੋਂ 30 ਸਾਲ ਦੀ ਉਮਰ ਦੌਰਾਨ ਹੁੰਦੇ ਹਨ। ਆਮ ਕਰਕੇ ਇਹ ਗੋਡਿਆਂ ਦੀ ਹੱਡੀ ਵਿਚ ਹੁੰਦਾ ਹੈ । ਇਲਾਜ ਵਜੋਂ ਕੀਮੋ ਥੇਰਪੀ, ਰੇਡੀਓ ਥੇਰਪੀ ਤੇ ਤਕਰੀਬਨ ਸਾਰੇ ਹੀ ਕੇਸਾਂ ਵਿਚ ਲੱਤ ਕੱਟਣੀ ਪੈਂਦੀ ਹੈ ਇਸ ਸਭ ਦੇ ਬਾਵਜੂਦ ਰੋਗੀ ਦੀ ਉਮਰ ਬਹੁਤ ਘਟ ਹੁੰਦੀ ਹੈ ਤੇ ਇਕ ਦੋ ਸਾਲਾਂ ਵਿਚ ਹੀ ਮੌਤ ਹੋ ਜਾਂਦੀ ਹੈ । ਜਿਹੜਾ ਖੁਸ਼ ਰਹਿੰਦਾ ਹੈ, ਜਿਹੜਾ ਪੋਜੀਟਿਵ ਰਹਿੰਦਾ ਹੈ, ਜਿਹੜਾ ਕੈਸਰ ਦੇ ਨਾਮ ਤੋਂ ਡਰਦਾ ਨਹੀਂ, ਪੋਸ਼ਟਿਕ ਤੇ ਸੰਤੁਲਿਤ ਭੋਜਨ ਛਕਦਾ ਹੈ, ਉਹ ਮਰੀਜ਼, ਕੈਂਸਰ 'ਤੇ ਜਿੱਤ ਪ੍ਰਾਪਤ ਕਰ ਲੈਂਦੇ ਹਨ। ਪ੍ਰਭਜੋਤ ਕੌਰ ‘ਜੋਤ’ ਇਸ ਦੀ ਜਿਉਂਦੀ ਜਾਗਦੀ ਮਿਸਾਲ ਹੈ । ਉਹ ਬਿਲਕੁਲ ਪੋਜਿਟਿਵ ਸੋਚਦੀ ਹੈ, ਸਕਾਰਾਤਮਕ ਗੱਲਾਂ ਕਰਦੀ ਹੈ, ਲੇਖਕ ਹੈ, ਕਵਿਤਾ ਲਿਖਦੀ ਹੈ, ਕਹਾਣੀਆਂ ਲਿਖਦੀ ਹੈ, ਪਰਿਵਾਰ ਵਿੱਚ ਖੁਸ਼ ਰਹਿੰਦੀ ਹੈ, ਸਾਰੇ ਪਰਿਵਾਰ ਨੂੰ ਖੁਸ਼ ਰੱਖਦੀ ਹੈ। ਕੁਦਰਤ ਦੀ ਦੇਣ ਹੈ ਕਿ ਉਹਦੇ ਪਰਿਵਾਰ ਵਾਲੇ ਉਹਦਾ ਪੂਰਾ ਖਿਆਲ ਵੀ ਰੱਖਦੇ ਹਨ ਤੇ ਉਹਨੂੰ ਖੁਸ਼ ਵੀ ਰੱਖਦੇ ਹਨ ।
ਸੋ ਮਨੁੱਖ ਨੂੰ ਕਿਸੇ ਵੀ ਬਿਮਾਰੀ ਤੋਂ ਖ਼ਾਸ ਕਰਕੇ ਕੈਂਸਰ ਤੋਂ ਡਰਨਾ ਨਹੀਂ ਚਾਹੀਦਾ ਤੇ ਉਹਦਾ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ। ਓਹਦਾ ਕੈਂਸਰ ਡਾਇਗਨੋਜ਼ ਹੋਏ ਨੂੰ 16 ਸਾਲ ਤੋਂ ਵੱਧ ਸਮਾਂ ਹੋ ਚੁਕਾ ਹੈ 8 ਮਈ ਨੂੰ ਉਹਦੀ ਲੱਤ ਕੱਟੀ ਗਈ ਸੀ ਹਰ ਸਾਲ ਇਸ ਦਿਨ 8 ਮਈ ਨੂੰ ਉਹ, ਆਪਣੇ ਆਪ ਨਾਲ ਹੀ ਇਸ ਦਿਨ ਨੂੰ, ਤਿਉਹਾਰ ਦੀ ਤਰ੍ਹਾਂ ਮਨਾ ਲੈਂਦੀ ਹੈ ਕਿਉਂਕਿ ਉਸਨੇ ਆਪਣੇ ਆਪ ਨਾਲ ਤੇ ਡਾਕਟਰਾਂ ਨਾਲ ਕੀਤਾ ਵਾਅਦਾ ਕਿ ਮੈਂ ਕੈਂਸਰ ਨਾਲ ਨਹੀਂ ਮਰਾਂਗੀ ।
ਪਿਛਲੇ ਦਿਨੀਂ, ਪ੍ਰਭਜੋਤ ਜੋਤ ਨੂੰ ਕੈਂਸਰ ਤੇ ਜਿੱਤ ਪ੍ਰਾਪਤ ਕਰਨ ਕਰਕੇ, ਮੋਹਾਲੀ ਵਿਚ ਸਨਮਾਨਿਤ ਵੀ ਕੀਤਾ ਗਿਆ ਸੀ। ਕੈਂਸਰ ਬਾਰੇ ਜੋਤ ਨੇ ਆਪਣੇ ਆਪ ਇਕ ਧਾਰਨਾ ਬਣਾ ਲਈ ਹੈ C A N C E R C ਤੋਂ ਭਾਵ ਹੈ - ਚੜ੍ਹਦੀ ਕਲਾ, A ਤੋਂ ਅੱਟਲ ਵਿਸ਼ਵਾਸ N ਨਵੀਂ ਉੱਮੀਦ C ਤੋਂ - ਚਾਨਣ ਦਾ ਰਾਹ E ਤੋਂ - ਇਰਾਦਾ ਮਜ਼ਬੂਤ R ਤੋਂ - ਰੱਬ ਦੀ ਰਜ਼ਾ 'ਤੇ ਫਤਹਿ।