ਨਵਾਂਸ਼ਹਿਰ: ਉਰਦੂ ਸਿਖਲਾਈ ਕੋਰਸ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਵੰਡੇ ਗਏ
ਨਵਾਂਸ਼ਹਿਰ: ਭਾਸ਼ਾ ਦਫ਼ਤਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਚਲਾਏ ਜਾ ਰਹੇ ਉਰਦੂ ਸਿਖਲਾਈ ਕੋਰਸ ਦੇ ਪਾਸ ਹੋਏ ਸਿਖਿਆਰਥੀਆਂ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਵੱਲੋਂ ਸਰਟੀਫ਼ਿਕੇਟ ਵੰਡੇ ਗਏ। ਇਸ ਮੌਕੇ ਉਨ੍ਹਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਵਨੀਤ ਕੌਰ ਪੀ.ਸੀ.ਐਸ. ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਸਿਖਿਆਰਥੀਆਂ ਨੂੰ ਕੋਰਸ ਪੂਰਾ ਕਰਨ 'ਤੇ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਮਿਹਨਤ ਕਰਕੇ ਚੰਗਾ ਮੁਕਾਮ ਹਾਸਲ ਕਰਨ ਦੀ ਸਿਫਾਰਿਸ਼ ਕੀਤੀ। ਇਸ ਸਮਾਰੋਹ ਵਿੱਚ ਛੇ ਸਿਖਿਆਰਥੀ ਸਵਰਨਜੀਤ ਕੌਰ, ਸ਼੍ਰੀਮਤੀ ਪਰਨੀਤ ਕੌਰ, ਜਤਿੰਦਰ ਕੁਮਾਰ, ਪ੍ਰਭਦੀਪ ਕੌਰ, ਸਿਮਰਜੀਤ ਕੌਰ ਅਤੇ ਮਨਜੀਤ ਕੌਰ ਆਪਣੇ ਉਰਦੂ ਅਧਿਆਪਕ ਸ. ਸਨੀ ਸਿੰਘ ਨਾਲ ਹਾਜ਼ਰ ਸਨ। ਭਾਸ਼ਾ ਵਿਭਾਗ ਵੱਲੋਂ ਇਹ ਉਰਦੂ ਕੋਰਸ ਹਰ ਸਾਲ ਦੋ ਵਾਰੀ ਜਨਵਰੀ ਤੋਂ ਜੂਨ ਅਤੇ ਜੁਲਾਈ ਤੋਂ ਦਸੰਬਰ ਤੱਕ ਸਕੂਲ ਆਫ਼ ਐਮੀਨੈਂਸ ਨਵਾਂਸ਼ਹਿਰ ਵਿੱਚ ਚਲਾਇਆ ਜਾਂਦਾ ਹੈ, ਜਿਸ ਦੀ ਕਲਾਸ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 5:00 ਤੋਂ 6:00 ਵਜੇ ਤੱਕ ਹੁੰਦੀ ਹੈ।