ਪਿੰਡ ਦੁਗਾਲ ਦੀ ਸ੍ਰੀ ਰਾਮ ਗਊਸ਼ਾਲਾ ਨੂੰ ਮਾਲੀ ਸਹਾਇਤਾ ਦਾ ਐਲਾਨ
ਪਾਤੜਾਂ: ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਹਲਕਾ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਦੇ ਨਾਲ ਪਿੰਡ ਦੁਗਾਲ ਵਿਖੇ ਸਥਿਤ ਸ੍ਰੀ ਰਾਮ ਗਊਸ਼ਾਲਾ ਦਾ ਦੌਰਾ ਕੀਤਾ ਅਤੇ ਤੂੜੀ ਦੇ ਗੋਦਾਮ ਵਿੱਚ ਲੱਗੀ ਅੱਗ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਇਸ ਅੱਗ ਵਿੱਚ ਕਈ ਟਨ ਤੂੜੀ ਸੜ ਕੇ ਖ਼ਤਮ ਹੋ ਗਈ ਅਤੇ ਗੋਦਾਮ ਦਾ ਸ਼ੈੱਡ ਵੀ ਬਰਬਾਦ ਹੋਇਆ। ਵਿੱਤ ਮੰਤਰੀ ਨੇ ਗਊਸ਼ਾਲਾ ਨੂੰ 50 ਲੱਖ ਰੁਪਏ ਦੀ ਮਾਲੀ ਸਹਾਇਤਾ ਦਾ ਐਲਾਨ ਕੀਤਾ।
ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਇੱਥੇ ਲਗਭਗ 4,000 ਗਊਵੰਸ਼ ਦੀ ਦੇਖਭਾਲ ਹੁੰਦੀ ਹੈ ਅਤੇ ਨੇੜਲੇ ਖੇਤਰਾਂ ਦੀਆਂ ਹੋਰ ਗਊਸ਼ਾਲਾਵਾਂ ਲਈ ਵੀ ਤੂੜੀ ਸਪਲਾਈ ਕੀਤੀ ਜਾਂਦੀ ਹੈ। ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਨੁਕਸਾਨ ਦਾ ਵਿਸਥਾਰ ਨਾਲ ਨਿਰੀਖਣ ਕਰਨ ਦੇ ਹੁਕਮ ਦਿੱਤੇ ਹਨ ਤਾਂ ਜੋ ਹੋਰ ਸਹਾਇਤਾ ਦਿਤੀ ਜਾ ਸਕੇ। ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਵਿੱਤ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰ ਹੋਰ ਪ੍ਰਭਾਵਿਤ ਗਊਸ਼ਾਲਾਵਾਂ ਨੂੰ ਵੀ ਵਿੱਤੀ ਸਹਾਇਤਾ ਦੇ ਰਹੀ ਹੈ, ਜਿਸ ਨਾਲ ਇਨ੍ਹਾਂ ਨੂੰ ਮੁੜ ਖੜ੍ਹਾ ਕਰਨ ਵਿੱਚ ਮਦਦ ਮਿਲੇਗੀ।