ਬਤੌਰ ਡੀ.ਪੀ.ਆਈ ਵੀ ਨਿਭਾਈਆਂ ਸ਼ਾਨਦਾਰ ਸੇਵਾਵਾਂ
ਸਿੱਖਿਆ ਦੇ ਖੇਤਰ ਵਿੱਚ ਆਪਣੀ ਵਿਲੱਖਣ ਪਹਿਚਾਣ ਬਣਾਉਣ ਵਾਲੇ, ਹਰੇਕ ਅਧਿਆਪਕ ਦੇ ਦਿਲ 'ਤੇ ਰਾਜ ਕਰਨ ਵਾਲੇ ਅਤੇ ਵਿਦਿਆਰਥੀਆਂ ਦੇ ਮਸੀਹਾ ਰਹੇ ਸਤਿਨਾਮ ਸਿੰਘ ਬਾਠ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਆਪਣੀ ਬੇਦਾਗ ਨੌਕਰੀ ਕਰਨ ਉਪਰੰਤ ਅੱਜ ਸੇਵਾ ਮੁਕਤ ਹੋ ਰਹੇ ਹਨ। ਜਿੱਥੇ ਹਰੇਕ ਅਧਿਆਪਕ ਉਨ੍ਹਾਂ ਦੇ ਜ਼ਿਲ੍ਹਾ ਮੁਖੀ ਹੋਣ 'ਤੇ ਮਾਣ ਮਹਿਸੂਸ ਕਰਦਾ ਹੈ, ਉਥੇ ਹੀ ਅੱਜ ਉਨ੍ਹਾਂ ਦੇ ਸੇਵਾ ਮੁਕਤ ਹੋਣ ਨਾਲ ਸਿੱਖਿਆ ਦੇ ਖੇਤਰ ਵਿੱਚ ਬਹੁਤ ਵੱਡਾ ਘਾਟਾ ਪਿਆ ਹੈ। ਸਤਿਨਾਮ ਸਿੰਘ ਬਾਠ ਆਪਣੀ 60 ਸਾਲ ਦੀ ਉਮਰ ਪੂਰੀ ਹੋਣ ਉਪਰੰਤ ਬਤੌਰ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ) ਤਰਨ ਤਾਰਨ ਮਿਤੀ 30-04-2026 ਨੂੰ ਦਫਤਰ ਜਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਤਰਨ ਤਾਰਨ ਤੋਂ ਸੇਵਾਮੁਕਤ ਹੋ ਰਹੇ ਹਨ। ਉਨ੍ਹਾਂ ਦਾ ਜਨਮ 25/04/1966 ਨੂੰ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਮਨਿਹਾਲਾ ਜੈ ਸਿੰਘ ਵਿਖੇ ਹਰਭਜਨ ਸਿੰਘ ਦੇ ਘਰ ਜੋਗਿੰਦਰ ਕੌਰ ਦੀ ਕੁੱਖੋਂ ਹੋਇਆ। ਉਨ੍ਹਾਂ ਨੇ ਮੁੱਢਲੀ ਵਿੱਦਿਆ ਸਰਕਾਰੀ ਪ੍ਰਾਇਮਰੀ ਸਕੂਲ ਮਨਿਹਾਲਾ ਜੈ ਸਿੰਘ ਤੋਂ ਪ੍ਰਾਪਤ ਕਰਨ ਉਪਰੰਤ ਬੀ.ਏ/ਐਮ.ਏ ਅਤੇ ਐਮ ਫਿਲ ਦੀ ਡਿਗਰੀ ਕੁਰੂਕੁਸ਼ੇਤਰ ਯੂਨੀਵਰਸਿਟੀ ਤੋਂ ਹਾਸਲ ਕੀਤੀ। ਆਪ ਨੇ ਗੌਰਮਿੰਟ ਇੰਚੀਟਿਊਟ ਆਫ ਗਾਰਮੈਂਟ ਟੈਕਨੇਲੇਜੀ (ਅੰਮ੍ਰਿਤਸਰ ) ਤੋਂ ਡਿਪਲੋਮਾ ਇੰਨ ਗਾਰਮੈਂਟ ਟੈਕਨੋਲੇਜੀ ਵੀ ਪਾਸ ਕੀਤਾ । 4 ਦਸੰਬਰ 1994 ਨੂੰ ਆਪ ਦੀ ਸ਼ਾਦੀ ਪਵਨਦੀਪ ਕੌਰ ਨਾਲ ਹੋਈ। ਬੇਟੀ ਸੁਖਮਨਦੀਪ ਕੌਰ ਬਾਠ ਅਤੇ ਬੇਟਾ ਵਿਸ਼ਵਦੀਪ ਸਿੰਘ ਬਾਠ ਆਪ ਦੇ ਵਿਹੜੇ ਦੀ ਰੌਣਕ ਹਨ। ਦੋਨੋਂ ਬੱਚੇ ਕੈਨੇਡਾ ਵਿਖੇ ਸੈਟਲ ਹਨ। ਸਤਿਨਾਮ ਸਿੰਘ ਨੇ 20/05/1986 ਨੂੰ ਬਤੌਰ ਵੈਕੇਸ਼ਨਲ ਮਾਸਟਰ ਸਹਸ ਕੰਧਵਾਲਾ ਅਮਰਕੋਟ ਤਹਿਸੀਲ ਅਬੋਹਰ ਤੋਂ ਸੇਵਾ ਦਾ ਆਗਾਜ਼ ਕੀਤਾ ਅਤੇ ਮਿਤੀ 22/12/2009 ਤੋਂ ਬਤੌਰ ਪ੍ਰਿੰਸੀਪਲ ਸਸਸਸ (ਮੁੰ) ਰਾਜਾਸਾਂਸੀ ਵਿਖੇ ਤਕਰੀਬਨ 9 ਸਾਲ ਸੇਵਾਵਾਂ ਦਿੱਤੀਆਂ ਅਤੇ ਸਾਲ 2018 ਵਿਚ ਬਤੌਰ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਜਲੰਧਰ ਵਿਖੇ ਸੇਵਾਵਾਂ ਦਿੰਦੇ ਹੋਏ ਮਿਤੀ 29/05/2019 ਨੂੰ ਜਿਲ੍ਹਾ ਸਿੱਖਿਆ ਅਫਸਰ( ਸੈ.ਸਿ) ਤਰਨ ਤਾਰਨ ਵਿਖੇ ਹਾਜ਼ਰ ਹੋਏ। ਮਿਤੀ 03/11/2023 ਨੂੰ ਆਪ ਨੇ ਬਤੌਰ ਡੀ.ਪੀ.ਆਈ (ਐ.ਸਿ) ਪਦਉੱਨਤ ਹੈ ਕੇ ਪੂਰੇ ਤਰਨ ਤਾਰਨ ਜ਼ਿਲ੍ਹੇ ਦਾ ਮਾਣ ਵਧਾਇਆ। ਮਿਤੀ 03/03/2025 ਤੋਂ ਹੁਣ ਤੱਕ ਇਸੇ ਜ਼ਿਲ੍ਹੇ ਵਿੱਚ ਸੇਵਾਵਾਂ ਦਿੰਦੇ ਹੋਏ ਆਪ ਮਿਤੀ 30/04/2026 ਨੂੰ ਤਕਰੀਬਨ 40 ਸਾਲ ਦੀ ਬੇਦਾਗ ਸੇਵਾ ਕਰਕੇ ਸੇਵਾਮੁਕਤ ਹੋ ਰਹੇ ਹਨ। ਸਤਿਨਾਮ ਸਿੰਘ ਸਾਦਗੀ ਵਿੱਚ ਰਹਿਣ ਵਾਲੇ ਅਤੇ ਉੱਚੀ ਸੋਚ ਵਿੱਚ ਵਿਸ਼ਵਾਸ ਰੱਖਣ ਵਾਲੀ ਸੰਪੂਰਨ ਸਖਸ਼ੀਅਤ ਦੇ ਮਾਲਕ ਹਨ। ਆਪ ਨੇ ਸੇਵਾ ਕਾਲ ਦੌਰਾਨ ਆਪਣੀ ਲਗਨ, ਮਿਹਨਤ ਅਤੇ ਕੰਮ ਪ੍ਰਤੀ ਲਗਾਵ ਨਾਲ ਸਫਲਤਾ ਦੇ ਝੰਡੇ ਗੱਡੇ। ਆਪ ਦੇ ਆਪਣੇ ਸਹਿਯੋਗੀ ਕਰਮੀਆਂ ਨਾਲ ਬੜੇ ਨਿੱਘੇ ਸਬੰਧ ਰਹੇ। ਇਹੀ ਕਾਰਨ ਹੈ ਕਿ ਆਪ ਆਪਣੇ ਸਹਿਕਰਮੀਆਂ ਵਿੱਚ ਅਤਿਅੰਤ ਹਰਮਨ ਪਿਆਰੇ ਹਨ। ਸਹਿਯੋਗੀ ਕਰਮੀਆਂ ਦੇ ਦੁੱਖ-ਸੁੱਖ ਵਿੱਚ ਸਾਥ ਦੇਣ ਵਾਲੇ, ਮਿੱਠ ਬੋਲੜੇ, ਨਿਰਛੱਲ, ਨਿਰਵੈਰ, ਇਮਾਨਦਾਰ ਅਤੇ ਸੱਚਾਈ ਦੇ ਪੈੜਿਆਂ 'ਤੇ ਬੇਬਾਕ ਤੁਰਦੇ ਰਹਿਣ ਵਾਲੇ ਸਤਿਨਾਮ ਸਿੰਘ ਨੇ ਆਪਣੇ ਕੰਮ ਦੀ ਰੱਬ ਵਾਂਗ ਇਬਾਦਤ ਕੀਤੀ ਅਤੇ ਵਿਭਾਗੀ ਕੰਮ/ਹੁਕਮ ਨੂੰ ਖਿੜੇ ਮੱਥੇ ਥੇ ਪ੍ਰਵਾਨ ਕੀਤਾ। ਵਿਭਾਗੀ ਕੰਮ ਦੇ ਬਹੁਤ ਜ਼ਿਆਦਾ ਬੋਝ ਹੋਣ ਦੇ ਬਾਵਜੂਦ ਆਪਣੇ ਕੰਮ ਨੂੰ ਬਹੁਤ ਹੀ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਦੇ ਰਹੇ ਹਨ ਅਤੇ ਸਮੂਹ ਸਟਾਫ ਨੂੰ ਇਕ ਸੁਚੱਜੀ ਅਗਵਾਈ ਦਿੰਦੇ ਰਹੇ ਹਨ। ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਰਾਜੀਵ ਕੁਮਾਰ ਛਾਬੜਾ ਨੇ ਕਿਹਾ ਕਿ ਸਿੱਖਿਆ ਵਿਭਾਗ ਨੂੰ ਆਪਣੀ ਜ਼ਿੰਦਗੀ ਦਾ ਬਿਹਤਰੀਨ ਸਮਾਂ ਦੇਣ, ਵਿਦਿਆਰਥੀਆਂ ਦੇ ਜੀਵਨ ਵਿੱਚ ਚਾਨਣ ਮੁਨਾਰਾ ਬਣ ਕੇ ਉਨ੍ਹਾਂ ਦੀ ਜ਼ਿੰਦਗੀ ਨੂੰ ਰੁਸ਼ਨਾਉਣ ਵਾਲੇ ਸਤਿਨਾਮ ਸਿੰਘ ਬਾਠ ਜੋ ਆਪਣੀ ਬੇਦਾਗ ਨੌਕਰੀ ਕਰਨ ਤੋਂ ਬਾਅਦ ਅੱਜ ਸੇਵਾ ਮੁਕਤ ਹੋ ਰਹੇ ਹਨ, ਸਿੱਖਿਆ ਵਿਭਾਗ ਤਰਨ ਤਾਰਨ ਉਨ੍ਹਾਂ ਦੀ ਸੇਵਾਮੁਕਤੀ 'ਤੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੰਦਾ ਹੈ।
ਗੁਰਦੀਪ ਸਿੰਘ ਪ੍ਰਿੰਸੀਪਲ-ਕਮ-ਜ਼ਿਲ੍ਹਾ ਸਮਾਰਟ ਸਕੂਲ ਮੈਂਟਰ ਤਰਨ ਤਾਰਨ ਨੇ ਕਿਹਾ ਕਿ ਸਤਿਨਾਮ ਸਿੰਘ ਬਾਠ ਕੁਸ਼ਲ ਪ੍ਰਸ਼ਾਸ਼ਕ ਸਨ। ਉਨ੍ਹਾਂ ਨਾਂ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਤਰਨ ਤਾਰਨ ਵਿੱਚ ਬੁਨਿਆਦੀ ਢਾਂਚਾ ਅਤੇ ਵਿੱਦਿਅਕ ਵਿਕਾਸ ਬੁਲੰਦੀਆਂ ਨੂੰ ਛੂਹਿਆ। ਉਨ੍ਹਾਂ ਦੀ ਸ਼ਖ਼ਸੀਅਤ ਅਧਿਆਪਕਾਂ / ਅਧਿਕਾਰੀਆਂ ਨੂੰ ਹਮੇਸ਼ਾ ਉਤਸ਼ਾਹਿਤ ਕਰਦੀ ਸੀ। ਸੁਖਬੀਰ ਸਿੰਘ ਕੰਗ ਜ਼ਿਲ੍ਹਾ ਗਾਈਡੈਂਸ ਕਾਊਂਂਸਲਰ ਤਰਨ ਤਾਰਨ ਨੇ ਕਿਹਾ ਕਿ ਸਤਿਨਾਮ ਸਿੰਘ ਬਾਠ ਵੱਲੋਂ ਸਰਕਾਰ ਦੇ ਕਿੱਤਾ ਮੁਖੀ ਪ੍ਰੋਜੈਕਟਾਂ ਨੂੰ ਸਰਕਾਰੀ ਸਕੂਲਾਂ ਵਿੱਚ ਲਾਗੂ ਕਰਨ ਲਈ ਬੜੀ ਸੁਹਿਰਦਤਾ ਨਾਲ ਯਤਨ ਕੀਤੇ ਗਏ। ਉਨ੍ਹਾਂ ਦੇ ਯਤਨਾਂ ਸਦਕਾ ਵਿਦਿਆਰਥੀਆਂ ਨੂੰ ਕੈਰੀਅਰ ਦੇ ਖੇਤਰ ਵਿੱਚ ਗਾਈਡੈਂਸ ਮਿਲਦੀ ਰਹੀ।