ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਕੂੜਾ ਸਾੜਨ ਤੋਂ ਰੋਕਣ ਲਈ ਜਨਤਕ ਸਹਿਯੋਗ ਮੰਗਿਆ
ਪਟਿਆਲਾ, 29 ਅਪ੍ਰੈਲ:ਭਾਰਤ ਵਿੱਚ ਆਪਣੀ ਕਿਸਮ ਦੀ ਪਹਿਲੀ ਪਹਿਲਕਦਮੀ ਕਰਦਿਆਂ , ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਰਾਜ ਦੀਆਂ ਸਾਰੀਆਂ ਸ਼ਹਿਰੀ ਸਥਾਨਕ ਸੰਸਥਾਵਾਂ ਵਿੱਚ 13,000 ਤੋਂ ਵੱਧ ਕੂੜਾ ਅਤੇ ਬਾਗਬਾਨੀ ਕਰਮਚਾਰੀਆਂ ਨੂੰ ਸਿਖਲਾਈ ਦੇ ਕੇ ਇੱਕ ਵਿਸ਼ਾਲ ਰਾਜ ਵਿਆਪੀ ਜਾਗਰੂਕਤਾ ਮੁਹਿੰਮ ਨੂੰ ਸਫਲਤਾਪੂਰਵਕ ਪੂਰਾ ਕੀਤਾ ਹੈ। ਇਹ ਹਵਾ ਦੀ ਗੁਣਵੱਤਾ ਅਤੇ ਵਾਤਾਵਰਣ ਪ੍ਰਬੰਧਨ ਵਿੱਚ ਸੁਧਾਰ ਕਰਨ ਦੇ ਯਤਨਾਂ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ।
ਸਿਖਲਾਈ ਦੀ ਸ਼ੁਰੂਆਤ ਨਵੰਬਰ 2025 ਵਿੱਚ ਪਟਿਆਲਾ ਵਿਖੇ 'ਮਿਸ਼ਨ ਕਲੀਨ ਏਅਰ ਪਟਿਆਲਾ' ਮੁਹਿੰਮ ਦੇ ਹਿੱਸੇ ਵਜੋਂ ਕੀਤੀ ਗਈ ਸੀ, ਜਿਸਦਾ ਉਦਘਾਟਨ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੀ ਚੇਅਰਪਰਸਨ ਰੀਨਾ ਗੁਪਤਾ, ਮੈਂਬਰ ਸਕੱਤਰ ਲਵਨੀਤ ਦੂਬੇ ਅਤੇ ਪਟਿਆਲਾ ਦੇ ਨਗਰ ਨਿਗਮ ਕਮਿਸ਼ਨਰ ਪਰਮਜੀਤ ਸਿੰਘ ਨੇ ਕੀਤਾ ਸੀ। ਉਦੋਂ ਤੋਂ, 216 ਬੈਚਾਂ ਵਿੱਚ, ਪੰਜਾਬ ਦੇ ਸਾਰੀਆਂ 166 ਸ਼ਹਿਰੀ ਸਥਾਨਕ ਸੰਸਥਾਵਾਂ ਵਿੱਚ 13,023 ਕੂੜਾ ਅਤੇ ਬਾਗਬਾਨੀ ਕਰਮਚਾਰੀਆਂ (ਨਿਯਮਤ ਅਤੇ ਗੈਰ-ਰਸਮੀ ਦੋਵੇਂ) ਨੂੰ ਜਾਗਰੂਕ ਕੀਤਾ ਗਿਆ। ਇਹ ਪ੍ਰੋਗਰਾਮ ਵਿਗਿਆਨਕ ਕੂੜਾ ਪ੍ਰਬੰਧਨ, ਸਰੋਤ ਤੋਂ ਵੱਖਰਾ ਕਰਨਾ, ਕੂੜਾ ਸਾੜਨ ਤੋਂ ਰੋਕਣ ਅਤੇ ਕੁਸ਼ਲ ਨਿਪਟਾਰੇ ਦੇ ਤਰੀਕਿਆਂ 'ਤੇ ਕੇਂਦਰਿਤ ਸੀ। ਖੁੱਲ੍ਹੇ ਵਿੱਚ ਕੂੜਾ ਸਾੜਨ ਦੇ ਵਿਰੁੱਧ ਵਾਤਾਵਰਣ ਅਤੇ ਕਾਨੂੰਨੀ ਜਾਗਰੂਕਤਾ ਪ੍ਰਦਾਨਕਰਨ ਦੇ ਨਾਲ-ਨਾਲ, ਇਹ ਸਿਖਲਾਈ (ਸੈਂਟਰ ਫਾਰ ਸਟੱਡੀ ਆਫ ਸਾਇੰਸ, ਟੈਕਨਾਲੋਜੀ ਐਂਡ ਪਾਲਿਸੀ ਦੁਆਰਾ ਤਿਆਰ ਕੀਤੀ ਗਈ) ਵਾਤਾਵਰਣ ਦੀ ਸੰਭਾਲਦੇ ਸੱਭਿਆਚਾਰਕ ਅਤੇ ਨੈਤਿਕ ਮਹੱਤਵ 'ਤੇ ਜ਼ੋਰ ਦੇਣ ਲਈ ਧਾਰਮਿਕ ਗ੍ਰੰਥਾਂ ਦੇ ਹਵਾਲਿਆਂ ਨੂੰ ਵਿਲੱਖਣ ਰੂਪ ਵਿੱਚ ਸ਼ਾਮਲ ਕੀਤਾ ਗਿਆ ਹੈ। ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੀ ਚੇਅਰਪਰਸਨ ਰੀਨਾ ਗੁਪਤਾ ਨੇ ਕਿਹਾ 'ਪੰਜਾਬ ਵਿੱਚ ਹਵਾ ਦੀ ਗੁਣਵੱਤਾ ਦੇ ਕਈ ਅਧਿਐਨਾਂ ਨੇ ਨਗਰ ਨਿਗਮ ਦੇ ਠੋਸ ਕੂੜੇ ਨੂੰ ਖੁੱਲ੍ਹੇ ਵਿੱਚ ਸਾੜਨ ਨੂੰ ਹਵਾ ਪ੍ਰਦੂਸ਼ਣ ਦਾ ਇੱਕ ਵੱਡਾ ਕਾਰਨ ਮੰਨਿਆ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਰੋਕਣ ਲਈ ਸਜ਼ਾ ਯੋਗ ਕਾਰਵਾਈਆਂ ਦੀ ਬਜਾਏ ਉਨ੍ਹਾਂ ਨੂੰ ਸ਼ਕਤੀ ਪ੍ਰਦਾਨ ਕਰਕੇ, ਬੋਰਡ ਨੇ ਸਾਫ਼ ਹਵਾ ਅਤੇ ਸਿਹਤਮੰਦ ਵਾਤਾਵਰਣ ਵਿੱਚ ਆਪਣੇ ਫਰੰਟਲਾਈਨ ਕਰਮਚਾਰੀਆਂ ਦੀ ਸਰਗਰਮ ਸ਼ਮੂਲੀਅਤ ਨੂੰ ਯਕੀਨੀ ਬਣਾਇਆ ਹੈ।' ਰੀਨਾ ਗੁਪਤਾ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੂੜਾ ਨਾ ਸਾੜਨ ਅਤੇ ਦੂਜਿਆਂ ਨੂੰ ਵੀ ਅਜਿਹਾ ਕਰਨ ਤੋਂ ਰੋਕਣ। ਉਨ੍ਹਾਂ ਕਿਹਾ ਕਿ ਉਲੰਘਣਾ ਕਰਨ ਵਾਲਿਆਂ ਨੂੰ 25,000 ਰੁਪਏ ਤੱਕ ਦੇ ਚਲਾਨ ਕੀਤੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਕੂੜਾ ਸਾੜਨ ਵਾਲਿਆਂ ਦੀ ਸਥਾਨਕ ਅਧਿਕਾਰੀਆਂ ਜਾਂ ਬੋਰਡ ਨੂੰ ਇਸ ਦੀ ਰਿਪੋਰਟ ਕਰਨੀ ਚਾਹੀਦੀ ਹੈ।'