ਚੋਰਾਂ ਨੇ ਮਕਾਨ ਦੇ ਤੋੜੇ ਤਾਲੇ, ਨਗਦੀ ਤੇ ਗਹਿਣਿਆਂ ਸਮੇਤ ਲੱਖਾਂ ਦੀ ਚੋਰੀ
*ਪੁਲਿਸ ਵੱਲੋਂ ਮੌਕੇ ਦਾ ਜਾਇਜ਼ਾ, ਪੀੜਤ ਨੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਕੀਤੀ ਮੰਗ
ਲਹਿਰਾਗਾਗਾ, 26 ਅਪ੍ਰੈਲ 2026 (ਅੰਕੁਸ਼ ਸ਼ਰਮਾ) ; ਨੇੜਲੇ ਪਿੰਡ ਚੰਗਾਲੀਵਾਲਾ ਵਿੱਚ ਚੋਰੀ ਦੀ ਇਕ ਗੰਭੀਰ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਬਲਦੀਪ ਸਿੰਘ ਪੁੱਤਰ ਗੁਰਮੇਲ ਸਿੰਘ ਸੰਗਤਪੁਰਾ ਆਪਣੀ ਪਤਨੀ ਸਮੇਤ ਸ਼ਨੀਵਾਰ ਦੁਪਹਿਰ ਕਰੀਬ 12:15 ਵਜੇ ਆਪਣੇ ਘਰ ਨੂੰ ਤਾਲੇ ਲਗਾ ਕੇ ਕਿਸੇ ਨਿੱਜੀ ਕੰਮ ਲਈ ਬਾਹਰ ਗਏ ਹੋਏ ਸਨ।
ਜਦੋਂ ਉਹ ਸ਼ਾਮ ਕਰੀਬ ਸਾਢੇ 7 ਵਜੇ ਵਾਪਸ ਘਰ ਪਹੁੰਚੇ ਤਾਂ ਉਨ੍ਹਾਂ ਨੇ ਦੇਖਿਆ ਕਿ ਅਣਪਛਾਤੇ ਚੋਰ ਮਕਾਨ ਦੀ ਕੰਧ ਟੱਪ ਕੇ ਅੰਦਰ ਦਾਖਲ ਹੋਏ ਅਤੇ ਕਮਰਿਆਂ ਦੇ ਮੇਨ ਤਾਲੇ ਤੋੜ ਦਿੱਤੇ। ਚੋਰਾਂ ਨੇ ਘਰ ਅੰਦਰ ਪਈਆਂ ਦੋ ਅਲਮਾਰੀਆਂ ਅਤੇ ਤਿੰਨ ਬੌਕਸ ਬੈਡ ਖੋਲ ਕੇ ਸਮਾਨ ਦੀ ਉਲਟ-ਪਲਟ ਕੀਤੀ ਅਤੇ ਘਰ ਵਿਚੋਂ ਕਰੀਬ 8-9 ਤੋਲੇ ਸੋਨੇ ਤੋਂ ਇਲਾਵਾ ਚਾਂਦੀ ਦੇ ਗਹਿਣੇ,ਲਗਭਗ ਦੋ ਲੱਖ ਰੁਪਏ ਨਗਦ ਅਤੇ ਕੁਝ ਜ਼ਰੂਰੀ ਦਸਤਾਵੇਜ਼ ਚੋਰੀ ਕਰਕੇ ਫਰਾਰ ਹੋ ਗਏ।
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਲਹਿਰਾਗਾਗਾ ਦੀ ਪੁਲਿਸ ਮੌਕੇ ‘ਤੇ ਫੋਰੈਂਸਿਕ ਟੀਮ ਪਹੁੰਚੀ ਅਤੇ ਘਟਨਾ ਸਥਾਨ ਤੋਂ ਫਿੰਗਰਪ੍ਰਿੰਟ ਲਈ ਅਤੇ ਘਟਨਾ ਦਾ ਜਾਇਜ਼ਾ ਲਿਆ।
ਪੀੜਤ ਬਲਦੀਪ ਸਿੰਘ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਅਤੇ ਚੋਰੀ ਕੀਤਾ ਸਮਾਨ ਬਰਾਮਦ ਕੀਤਾ ਜਾਵੇ।
ਦੂਜੇ ਪਾਸੇ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।