logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਫਰੀਦਕੋਟ ਸ਼ਹਿਰ ਦੀ ਵਾਟਰ ਸਪਲਾਈ ਮਜ਼ਬੂਤ ਕਰਨ ਲਈ 14.06 ਕਰੋੜ ਦੇ ਪ੍ਰੋਜੈਕਟ ਨੂੰ ਮਨਜ਼ੂਰੀ : ਵਿਧਾਇਕ ਗੁਰਦਿੱਤ ਸਿੰਘ ਸੇਖੋਂ



ਫ਼ਰੀਦਕੋਟ, 23 ਅਪ੍ਰੈਲ 2026(ਨਾਇਬ ਰਾਜ)

ਵਿਧਾਇਕ ਫ਼ਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਨੇ ਦੱਸਿਆ ਹੈ ਕਿ ਸ਼ਹਿਰ ਵਾਸੀਆਂ ਨੂੰ ਸੁਚਾਰੂ ਅਤੇ ਨਿਰਵਿਘਨ ਪਾਣੀ ਸਪਲਾਈ ਮੁਹੱਈਆ ਕਰਵਾਉਣ ਲਈ ਪਹਿਲੇ ਪੜਾਅ ਵਿੱਚ 14.06 ਕਰੋੜ ਰੁਪਏ ਦੀ ਲਾਗਤ ਨਾਲ ਵਾਟਰ ਸਪਲਾਈ ਸੰਬੰਧੀ ਮਹੱਤਵਪੂਰਨ ਪ੍ਰੋਜੈਕਟ ਨੂੰ ਮਨਜ਼ੂਰੀ ਮਿਲ ਚੁੱਕੀ ਹੈ ਅਤੇ ਇਸ ਦੇ ਟੈਂਡਰ ਵੀ ਜਾਰੀ ਕਰ ਦਿੱਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਸੰਜੇ ਨਗਰ ਵਾਟਰ ਵਰਕਸ ਵਿਖੇ 246 ਲੱਖ ਲੀਟਰ ਸਮਰੱਥਾ ਵਾਲਾ ਨਵਾਂ ਕਲੀਅਰ ਵਾਟਰ ਟੈਂਕ ਤਿਆਰ ਕੀਤਾ ਜਾਵੇਗਾ, ਜਿਸ ਨਾਲ ਪਾਣੀ ਸਟੋਰ ਕਰਨ ਦੀ ਸਮਰੱਥਾ ਵਿੱਚ ਵਾਧਾ ਹੋਵੇਗਾ ਅਤੇ ਸ਼ਹਿਰ ਨੂੰ ਲਗਾਤਾਰ ਪਾਣੀ ਦੀ ਸਪਲਾਈ ਯਕੀਨੀ ਬਣੇਗੀ।
ਵਿਧਾਇਕ ਸ. ਸੇਖੋਂ ਨੇ ਦੱਸਿਆ ਕਿ ਸ਼ਹਿਰ ਵਿੱਚ 22.20 ਕਿਲੋਮੀਟਰ ਲੰਬਾਈ ਦੀਆਂ ਨਵੀਆਂ ਪਾਈਪਾਂ ਵਿਛਾਈਆਂ ਜਾਣਗੀਆਂ, ਜਿਸ ਨਾਲ ਹਰ ਗਲੀ ਅਤੇ ਮਹੁੱਲੇ ਤੱਕ ਪਾਣੀ ਦੀ ਪਹੁੰਚ ਯਕੀਨੀ ਬਣੇਗੀ। ਇਸ ਤੋਂ ਇਲਾਵਾ ਪੁਰਾਣੀ ਕੈਂਟ ਰੋਡ, ਜੀ.ਟੀ.ਬੀ. ਨਗਰ, ਫ਼ਿਰੋਜ਼ਪੁਰ ਰੋਡ ਅਤੇ ਮੇਨ ਬਾਜ਼ਾਰ ਦੀਆਂ ਮੇਨ ਪਾਈਪ ਲਾਈਨਾਂ ਨੂੰ ਵੱਡਾ ਕਰਕੇ ਬਦਲਿਆ ਜਾਵੇਗਾ ਤਾਂ ਜੋ ਲੱਗਦੇ ਇਲਾਕਿਆਂ ਵਿੱਚ ਪਾਣੀ ਦੀ ਸਪਲਾਈ ਸੁਧਰੇ।
ਉਨ੍ਹਾਂ ਹੋਰ ਦੱਸਿਆ ਕਿ ਇਸ ਪ੍ਰੋਜੈਕਟ ਅਧੀਨ ਕਰੀਬ 2000 ਘਰਾਂ ਨੂੰ ਨਵੇਂ ਵਾਟਰ ਕੁਨੈਕਸ਼ਨ ਦਿੱਤੇ ਜਾਣਗੇ। ਨਾਲ ਹੀ ਬਾਜੀਗਰ ਬਸਤੀ ਅਤੇ ਸੰਜੇ ਨਗਰ ਵਾਟਰ ਵਰਕਸ ਦੀਆਂ ਕੰਪਾਊਂਡ ਵਾਲਾਂ ਦੀ ਉਸਾਰੀ ਕੀਤੀ ਜਾਵੇਗੀ ਅਤੇ ਸੰਜੇ ਨਗਰ ਵਾਟਰ ਵਰਕਸ ਦੀ ਰਿਪੇਅਰ ਵੀ ਕਰਵਾਈ ਜਾਵੇਗੀ। ਬੀ.ਐਸ.ਐਫ. ਕੈਂਪਸ ਵਿੱਚੋਂ ਲੰਘ ਰਹੀ ਇੰਨਲੈਟ ਚੈਨਲ ਪਾਈਪ ਨੂੰ ਵੀ ਬਦਲਿਆ ਜਾਵੇਗਾ ਤਾਂ ਜੋ ਪਾਣੀ ਸਪਲਾਈ ਪ੍ਰਣਾਲੀ ਹੋਰ ਮਜ਼ਬੂਤ ਬਣੇ।
ਵਿਧਾਇਕ ਸ. ਸੇਖੋਂ ਨੇ ਦੱਸਿਆ ਕਿ ਦੂਜੇ ਪੜਾਅ ਵਿੱਚ ਲਗਭਗ 8 ਕਰੋੜ ਰੁਪਏ ਦੇ ਹੋਰ ਪ੍ਰੋਜੈਕਟ ਉੱਤੇ ਵੀ ਕੰਮ ਜਾਰੀ ਹੈ, ਜਿਸ ਤਹਿਤ ਟੀਚਰ ਕਲੋਨੀ ਨੇੜੇ ਨਹਿਰਾਂ ਦੇ ਕੋਲ ਨਵੇਂ ਵੱਡੇ ਵਾਟਰ ਵਰਕਸ ਦੀ ਉਸਾਰੀ ਦੀ ਯੋਜਨਾ ਹੈ। ਇਸ ਲਈ ਜ਼ਮੀਨ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਇਸ ਪ੍ਰੋਜੈਕਟ ਨੂੰ ਵੀ ਅਮਲੀ ਜਾਮਾ ਪਹਿਨਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸ਼ਹਿਰ ਦੇ ਹਰ ਘਰ ਤੱਕ ਬਿਹਤਰ ਸਹੂਲਤਾਂ ਪਹੁੰਚਾਉਣ ਲਈ ਵਚਨਬੱਧ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਵਿਕਾਸ ਕਾਰਜ ਇਸੇ ਤਰ੍ਹਾਂ ਜਾਰੀ ਰਹਿਣਗੇ।

0
0 views

Comment