ਕੀਰਤਪੁਰ ਸਾਹਿਬ ਦੀ ਸਥਾਪਨਾ ਦਿਵਸ ਮੌਕੇ ਸੰਗਤਾਂ ਦੀ ਸਹੂਲਤ ਲਈ ਹੋਣਗੇ ਢੁਕਵੇ ਪ੍ਰਬੰਧ- ਅਦਿੱਤਿਆ ਡੇਚਲਵਾਲ
ਕੀਰਤਪੁਰ ਸਾਹਿਬ ਦੀ ਸਥਾਪਨਾ ਦਿਵਸ ਮੌਕੇ ਸੰਗਤਾਂ ਦੀ ਸਹੂਲਤ ਲਈ ਹੋਣਗੇ ਢੁਕਵੇ ਪ੍ਰਬੰਧ- ਅਦਿੱਤਿਆ ਡੇਚਲਵਾਲ
ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਸੇਵਾ ਦੀ ਭਾਵਨਾ ਨਾਲ ਕੰਮ ਕਰਨ ਦੀ ਕੀਤੀ ਹਦਾਇਤ
29 ਅਪ੍ਰੈਲ ਤੋਂ 1 ਮਈ ਤੱਕ ਕੀਰਤਪੁਰ ਸਾਹਿਬ ਵਿਖੇ ਮਨਾਏ ਜਾਣਗੇ ਸਥਾਪਨਾ ਦਿਵਸ ਸਮਾਗਮ
ਸ੍ਰੀ ਅਨੰਦਪੁਰ ਸਾਹਿਬ 22 ਅਪ੍ਰੈਲ: ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਰਤਪੁਰ ਸਾਹਿਬ ਸਥਾਪਨਾ ਦਿਵਸ ਮੌਕੇ ਹੋਣ ਵਾਲੇ ਸਮਾਗਮਾਂ ਅਤੇ ਸੰਗਤਾਂ ਦੇ ਲਈ ਸਾਰੇ ਸੁਚਾਰੂ ਪ੍ਰਬੰਧ ਕੀਤੇ ਜਾਣਗੇ ਇਸ ਦੇ ਲਈ ਪ੍ਰਸ਼ਾਸਨ ਵੱਲੋਂ ਅਗਾਊਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਅਦਿੱਤਿਆ ਡੇਚਲਵਾਲ ਆਈ.ਏ.ਐਸ ਨੇ ਅੱਜ ਇਥੇ ਉਪ ਮੰਡਲ ਦਫਤਰ ਦੇ ਮੀਟਿੰਗ ਹਾਲ ਵਿੱਚ ਬੁਲਾਈ ਜਿਲ੍ਹਾ ਪੱਧਰ ਦੇ ਅਧਿਕਾਰੀਆਂ ਦੀ ਇੱਕ ਮੀਟਿੰਗ ਉਪਰੰਤ ਦਿੱਤੀ। ਉਹਨਾਂ ਨੇ ਦੱਸਿਆ ਕਿ ਕੀਰਤਪੁਰ ਸਾਹਿਬ ਦੇ ਸਥਾਪਨਾ ਦਿਵਸ ਦੇ ਸਮਾਗਮ 29,30 ਅਪ੍ਰੈਲ ਅਤੇ 1 ਮਈ ਨੂੰ ਹੋ ਰਹੇ ਹਨ। ਉਹਨਾਂ ਨੇ ਦੱਸਿਆ ਕਿ ਦੋ ਗੁਰੂ ਸਾਹਿਬਾਨ ਦੇ ਜਨਮ ਸਥਾਨ ਅਤੇ ਛੇ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਇਸ ਪਵਿੱਤਰ ਧਰਤੀ ਕੀਰਤਪੁਰ ਸਾਹਿਬ ਵਿਖੇ ਸਮਾਗਮਾਂ ਮੌਕੇ ਪਹੁੰਚਣ ਵਾਲੀਆਂ ਸੰਗਤਾਂ ਲਈ ਸਾਰੇ ਸੁਚਾਰੂ ਪ੍ਰਬੰਧ ਕੀਤੇ ਜਾ ਰਹੇ ਹਨ।
ਡਿਪਟੀ ਕਮਿਸ਼ਨਰ ਵੱਲੋ ਸਫਾਈ,ਪੀਣ ਵਾਲਾ ਪਾਣੀ,ਆਰਜੀ ਪਖਾਨੇ, ਟ੍ਰੈਫਿਕ ਮੈਨੇਜਮੈਂਟ, ਪਾਰਕਿੰਗ ਸੁਰੱਖਿਆ ਅਤੇ ਹੋਰ ਜਰੂਰੀ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ। ਉਹਨਾਂ ਨੇ ਦੱਸਿਆ ਕਿ ਮੈਡੀਕਲ ਟੀਮਾਂ ਨੂੰ ਸਥਾਈ ਰੂਪ ਵਿੱਚ ਇਥੇ ਤੈਨਾਤ ਕੀਤਾ ਜਾਵੇਗਾ ਤਾਂ ਜੋ ਲੋਕਾਂ ਨੂੰ ਮੁਫਤ ਸਿਹਤ ਸਹੂਲਤਾ ਉਪਲੱਬਧ ਹੋ ਸਕਣ। ਉਹਨਾਂ ਨੇ ਕਿਹਾ ਕਿ ਪੁਲਿਸ ਵਿਭਾਗ ਨੂੰ ਸਮੁੱਚੇ ਇਲਾਕੇ ਵਿੱਚ ਟ੍ਰੈਫਿਕ ਦੀ ਬਿਹਤਰ ਵਿਵਸਥਾ ਕਰਨ ਦੀ ਹਦਾਇਤ ਕੀਤੀ ਹੈ ਅਤੇ ਲੋਕ ਨਿਰਮਾਣ ਵਿਭਾਗ ਵੱਲੋਂ ਇਸ ਇਲਾਕੇ ਵਿੱਚ ਢੁਕਵੀਆਂ ਥਾਵਾਂ ਤੇ ਪਾਰਕਿੰਗ ਬਣਾਈ ਜਾਵੇਗੀ। ਉਹਨਾਂ ਨੇ ਦੱਸਿਆ ਕਿ ਨਗਰ ਪੰਚਾਇਤ ਵੱਲੋਂ ਸਮੁੱਚੇ ਇਲਾਕੇ ਵਿੱਚ ਸਫਾਈ ਫੋਗਿੰਗ ਅਤੇ ਸਟ੍ਰੀਟ ਲਾਈਟ ਦੀ ਵਿਵਸਥਾ ਕੀਤੀ ਗਈ ਹੈ, ਜਦੋਂ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਨਿਰੰਤਰ ਪਾਣੀ ਦੀ ਸਪਲਾਈ ਅਤੇ ਟਾਇਲਟ ਬਲਾਕ ਬਣਾਏ ਜਾਣਗੇ, ਲੋਕ ਨਿਰਮਾਣ ਵਿਭਾਗ ਇਲੈਕਟੀਕਲ ਵਿੰਗ ਵੱਲੋਂ ਸੜਕ ਉਤੇ ਰੋਸ਼ਨੀ ਦੇ ਪ੍ਰਬੰਧ ਕੀਤੇ ਗਏ ਹਨ। ਉਹਨਾਂ ਨੇ ਕਿਹਾ ਕਿ ਬਾਜ਼ਾਰਾਂ ਵਿੱਚ ਭਾਵੇਂ ਰਾਹ ਥੋੜੇ ਘੱਟ ਚੋੜੇ ਹਨ ਇਸਦੇ ਬਾਵਜੂਦ ਸੁਚਾਰੂ ਟ੍ਰੈਫਿਕ ਪੁਲਿਸ ਲਈ ਲੋਕਾਂ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਦੁਕਾਨਾਂ ਦੇ ਬਾਹਰ ਫਾਲਤੂ ਸਮਾਨ ਨਾ ਲਗਾਉਣ ਤਾਂ ਜੋ ਸ਼ਰਧਾਲੂਆਂ ਨੂੰ ਆਉਣ ਜਾਣ ਸਮੇਂ ਕੋਈ ਪ੍ਰੇਸ਼ਾਨੀ ਨਾ ਹੋਵੇ।
ਡਿਪਟੀ ਕਮਿਸ਼ਨਰ ਨੇ ਕਿਹਾ ਸੀ ਅਸੀਂ ਸਾਰੇ ਪ੍ਰਬੰਧ ਸੁਚਾਰੂ ਕੀਤੇ ਹਨ। ਅਧਿਕਾਰੀ ਨਿਰੰਤਰ ਗੁਰੂਧਾਮਾਂ ਦੇ ਆਲੇ ਦੁਆਲੇ ਦਾ ਜਾਇਜ਼ਾ ਲੈ ਰਹੇ ਹਨ ਤਾਂ ਜੋ ਸ਼ਰਧਾਲੂ ਬਿਨਾਂ ਕਿਸੇ ਦਿੱਕਤ ਤੋ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਣ। ਉਹਨਾਂ ਨੇ ਕਿਹਾ ਕਿ ਇਸ ਪੂਰੀ ਵਿਵਸਥਾ ਨੂੰ 27 ਅਪ੍ਰੈਲ ਤੱਕ ਮੁਕੰਮਲ ਕਰ ਲਿਆ ਜਾਵੇਗਾ। ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਸੰਗਤਾਂ ਦੀ ਆਸਥਾ ਨੂੰ ਧਿਆਨ ਵਿੱਚ ਰੱਖਦੇ ਹੋਏ 29,30 ਅਪ੍ਰੈਲ ਤੇ 1 ਮਈ ਨੂੰ ਇਸ ਇਲਾਕੇ ਵਿੱਚ ਸ਼ਰਾਬ ਦੇ ਠੇਕੇ ਬੰਦ ਰੱਖੇ ਜਾਣਗੇ।
ਇੱਕ ਮੌਕੇ ਐਸਐਸਪੀ ਰੂਪਨਗਰ ਮਨਿੰਦਰ ਸਿੰਘ,ਵਧੀਕ ਡਿਪਟੀ ਕਮਿਸ਼ਨਰ ਚੰਦਰ ਜਯੋਤੀ ਸਿੰਘ ਆਈ.ਏ.ਐਸ,ਸੁਪਰਡੈਂਟ ਆਫ ਪੁਲਿਸ ਅਰਵਿੰਦ ਮੀਨਾ ਆਈ.ਪੀ.ਐਸ , ਐਸਡੀਐਮ ਸ੍ਰੀ ਅਨੰਦਪੁਰ ਸਾਹਿਬ ਸੁਖਪਾਲ ਸਿੰਘ , ਐਸਡੀਐਮ ਚਮਕੌਰ ਸਾਹਿਬ ਪਰਦੀਪ ਸਿੰਘ ਬੈਂਸ , ਐਸਡੀਐਮ ਮਰਿੰਡਾ ਚੇਤਨ ਬੰਗੜ , ਐਸਡੀਐਮ ਨੰਗਲ ਸਚਿਨ ਪਾਠਕ , ਡੀਐਸਪੀ ਜਸ਼ਨਦੀਪ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।