logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਸੰਵੇਦਨਸ਼ੀਲ ਖੇਤਰਾਂ ਦਾ ਮੁਲਾਂਕਣ ਹੜ੍ਹਾਂ ਤੋਂ ਬਚਾਅ ਲਈ ਤਿਆਰੀਆਂ

ਪਟਿਆਲਾ, ਅਪ੍ਰੈਲ: ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਜ਼ਿਲ੍ਹੇ ਅੰਦਰ ਹੜ੍ਹ ਸੁਰੱਖਿਆ ਕਾਰਜਾਂ ਦਾ ਮੁਲਾਂਕਣ ਕਰਦਿਆਂ ਮੌਨਸੂਨ ਸੀਜ਼ਨ ਲਈ ਤਿਆਰੀਆਂ ਦਾ ਵਿਸਤ੍ਰਿਤ ਜਾਇਜ਼ਾ ਲਿਆ।ਉਨ੍ਹਾਂ ਨੇ ਸਾਰੇ ਸਬੰਧਤ ਵਿਭਾਗਾਂ ਨੂੰ ਚੱਲ ਰਹੇ ਪ੍ਰੋਜੈਕਟ ਸਮੇਂ ਸਿਰ ਪੂਰਾ ਕਰਨ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ, ਡਿਪਟੀ ਕਮਿਸ਼ਨਰ ਨੇ ਘੱਗਰ ਨਦੀ ਸਮੇਤ ਹੋਰ ਨਦੀਆਂ, ਨਾਲਿਆਂ ਵਿੱਚ ਪਿਛਲੇ ਸਾਲਾਂ ਦੌਰਾਨ ਆਏ ਪਾਣੀ ਕਾਰਨ ਪਏ ਪਾੜਾਂ ਸਮੇਤ ਨੀਵੇਂ ਇਲਾਕਿਆਂ ਵਿੱਚ ਪਾਣੀ ਭਰਨ ਦੀ ਡੂੰਘਾਈ ਨਾਲ ਸਮਝ ਦੀ ਲੋੜ 'ਤੇ ਜ਼ੋਰ ਦਿੱਤਾ। ਅਗਲੇ ਕੁਝ ਮਹੀਨਿਆਂ ਲਈ ਹੜ੍ਹ ਰੋਕੂ ਕਾਰਜਾਂ ਨੂੰ ਤਰਜੀਹੀ ਕੰਮ ਵਜੋਂ ਨਿਰਧਾਰਤ ਕਰਦਿਆਂ ਉਨ੍ਹਾਂ ਕਿਹਾ ਕਿ ਹੜ੍ਹਾਂ ਤੋਂ ਬਚਾਅ ਲਈ ਸਾਰੀਆਂ ਤਿਆਰੀਆਂ ਸਮੇਂ ਸਿਰ ਮੁਕੰਮਲ ਕੀਤੀਆਂ ਜਾਣ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨਿਰਧਾਰਤ ਸਮਾਂ-ਸੀਮਾ ਦੇ ਅੰਦਰ ਹੜ੍ਹ ਸੁਰੱਖਿਆ ਕਾਰਜਾਂ ਨੂੰ ਪੂਰਾ ਕਰਨ ਵਿੱਚ ਕਿਸੇ ਵੀ ਦੇਰੀ ਜਾਂ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਸਬੰਧਤ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਹੋਵੇਗੀ।
ਡਾ. ਹਿਮਾਂਸ਼ੂ ਅਗਰਵਾਲ ਨੇ ਡਰੇਨੇਜ ਵਿਭਾਗ ਨੂੰ ਚੱਲ ਰਹੇ ਸਾਰੇ ਹੜ੍ਹ ਸੁਰੱਖਿਆ ਕਾਰਜ ਜੂਨ ਦੇ ਅੰਤ ਤੱਕ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ। ਸ਼ਹਿਰ ਅੰਦਰ ਹੜ੍ਹਾਂ ਬਾਬਤ ਸਮੀਖਿਆ ਕਰਦਿਆਂ ਉਨ੍ਹਾਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਮਾਨਸੂਨ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਸ਼ਹਿਰ ਵਿੱਚ ਜੈਕਬ ਅਤੇ ਮਾਡਲ ਟਾਊਨ ਡਰੇਨਾਂ ਸਮੇਤ ਸਾਰੀਆਂ ਸੀਵਰ ਲਾਈਨਾਂ ਦੀ ਸਫਾਈ ਨੂੰ ਸਮੇਂ ਸਿਰ ਮੁਕੰਮਲ ਕਰਵਾਉਣਾ ਯਕੀਨੀ ਬਣਾਉਣ ਦੇ ਵੀ ਨਿਰਦੇਸ਼ ਦਿੱਤੇ। ਡਿਪਟੀ ਕਮਿਸ਼ਨਰ ਨੇ ਘੱਗਰ ਦੇ ਬੰਨ੍ਹ ਮਜ਼ਬੂਤ ਕਰਨ ਤੋਂ ਇਲਾਵਾ ਵੱਡੀ ਨਦੀ ਅਤੇ ਛੋਟੀ ਨਦੀ ਸਮੇਤ ਨਾਲਿਆਂ ਦੀ ਸਫਾਈ ਦੇ ਕੰਮਾਂ ਦੀ ਸਮੀਖਿਆ ਕਰਦਿਆਂ ਸਾਲ 2019, 2023 ਅਤੇ 2025 ਵਿੱਚ, ਹੜ੍ਹਾਂ ਸਮੇਤ ਖਾਸ ਕਰਕੇ ਨੀਵੇਂ ਇਲਾਕਿਆਂ ਵਿੱਚ ਪਾਣੀ ਭਰਨ ਦੀ ਸਥਿਤੀ ਬਾਰੇ ਵਿਸਤ੍ਰਿਤ ਰਿਪੋਰਟ ਮੰਗੀ। ਉਨ੍ਹਾਂ ਕਿਹਾ ਕਿ ਉਹ ਚੱਲ ਰਹੇ ਕੰਮਾਂ ਦਾ ਖੁਦ ਨਿਰੀਖਣ ਕਰਨਗੇ ਅਤੇ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਮੁੱਖ ਥਾਵਾਂ 'ਤੇ ਚੱਲ ਰਹੇ ਹੜ੍ਹ ਸੁਰੱਖਿਆ ਉਪਾਵਾਂ ਦੀ ਵੀ ਸਮੀਖਿਆ ਕੀਤੀ, ਜਿਸ ਵਿੱਚ ਸਰਾਲਾ ਹੈੱਡ ਵਿਖੇ ਘੱਗਰ ਵਿੱਚੋਂ ਮਿੱਟੀ ਕੱਢਣ ਦਾ ਕੰਮ, ਪਿੰਡ ਮਾੜੂ ਵਿਖੇ ਘੱਗਰ ਦੇ ਕੰਢਿਆਂ ‘ਤੇ ਪੱਥਰ ਲਗਾ ਕੇ ਮਜ਼ਬੂਤ ਕਰਨ ਅਤੇ ਹਰਿਆਣਾ ਸਿੰਚਾਈ ਵਿਭਾਗ ਵੱਲੋਂ ਹਾਂਸੀ-ਬੁਟਾਣਾ ਨਹਿਰ ਦੇ ਸਾਈਫਨਾਂ ਹੇਠੋਂ ਮਿੱਟੀ ਕੱਢਣਾ ਸ਼ਾਮਲ ਹੈ। ਸਾਰੇ ਵਿਭਾਗਾਂ ਨੂੰ ਸਮਾਂ-ਸੀਮਾ ਦੀ ਸਖ਼ਤੀ ਨਾਲ ਪਾਲਣਾ ਕਰਨ ਦਾ ਨਿਰਦੇਸ਼ ਦਿੰਦੇ ਹੋਏ, ਡਾ. ਹਿਮਾਂਸ਼ੂ ਅਗਰਵਾਲ ਨੇ ਸਬੰਧਤ ਵਿਭਾਗਾਂ ਨੂੰ ਵਿਸਥਾਰ ਪੂਰਵਕ ਕਾਰਜ ਯੋਜਨਾਵਾਂ ਬਿਨਾਂ ਕਿਸੇ ਦੇਰੀ ਦੇ ਜਮ੍ਹਾਂ ਕਰਾਉਣ ਲਈ ਕਿਹਾ। ਉਨ੍ਹਾਂ ਨੇ ਪੀਐਸਪੀਸੀਐਲ ਅਤੇ ਫੂਡ ਸਪਲਾਈ ਸਮੇਤ ਹੋਰ ਵਿਭਾਗਾਂ ਨੂੰ ਹੜ੍ਹਾਂ ਦੌਰਾਨ ਪ੍ਰਭਾਵਿਤ ਹੋਣ ਵਾਲੇ ਪਾਵਰ ਸਟੇਸ਼ਨਾਂ, ਗੁਦਾਮਾਂ ਅਤੇ ਹੋਰ ਬੁਨਿਆਦੀ ਢਾਂਚਿਆਂ ਦੀ ਸੂਚੀ ਮੁਹੱਈਆ ਕਰਵਾਉਣ ਤੇ ਇਨ੍ਹਾ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਬਾਰੇ ਡੇਟਾ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ, ਉਨ੍ਹਾਂ ਨੇ ਪਿਛਲੇ ਹੜ੍ਹਾਂ ਦੌਰਾਨ ਸੰਪਰਕ ਟੁੱਟਣ ਵਾਲੇ ਪਿੰਡਾਂ ਤੇ ਪਿੱਛੇ ਇਕੱਲੇ ਪਸ਼ੂ ਰਹਿ ਜਾਣ ਵਾਲੇ ਪਿੰਡਾਂ ਬਾਰੇ ਜਾਣਕਾਰੀ ਮੰਗੀ। ਉਨ੍ਹਾਂ ਨੇ ਅਧਿਕਾਰੀਆਂ ਨੂੰ ਸੁਰੱਖਿਆ ਉਪਕਰਣਾਂ ਦੀ ਸੂਚੀ ਦੇ ਨਾਲ ਇੱਕ ਵਿਆਪਕ ਸੰਚਾਰ ਯੋਜਨਾ ਤਿਆਰ ਕਰਨ ਦੇ ਵੀ ਨਿਰਦੇਸ਼ ਦਿੱਤੇ। ਬੈਠਕ ਮੌਕੇ ਏ ਡੀ ਸੀ (ਦਿਹਾਤੀ ਵਿਕਾਸ) ਦਮਨਜੀਤ ਸਿੰਘ ਮਾਨ, ਏ ਡੀ ਸੀ (ਸ਼ਹਿਰੀ ਵਿਕਾਸ) ਨਵਰੀਤ ਕੌਰ ਸੇਖੋਂ, ਐਸਡੀਐਮਜ ਨਮਨ ਮਾਰਕਨ, ਰਿਚਾ ਗੋਇਲ, ਏਪੀਐਸ ਸੋਮਲ ਅਤੇ ਹਰਜੋਤ ਕੌਰ ਮਾਵੀ, ਡੀਆਰਓ ਹਰਸਿਮਰਨ ਸਿੰਘ, ਡਰੇਨੇਜ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਆਕਾਸ਼ ਅਗਰਵਾਲ ਸਮੇਤ ਹੋਰ ਅਧਿਕਾਰੀ ਮੌਜੂਦ ਸਨ।

0
0 views

Comment