ਕੈਂਸਰ ਵਰਗੀ ਮੌਤ ਨੂੰ ਹਰਾਉਣ ਵਾਲੀ:- ਜੋਤ ਪ੍ਰਭਜੋਤ ਕੌਰ
ਕੈਂਸਰ ਨਾਲ ਮੌਤ ਦੀ ਜੰਗ ਜੀਤਣ ਵਾਲੀ ਪ੍ਰਭਜੋਤ ਨੇ ਆਪਣੇ ਜੀਵਨ ਵਿੱਚ ਆਏ ਕੈਂਸਰ ਵਰਗੇ ਤੂਫ਼ਾਨ ਬਾਰੇ ਕਿਹਾ ਕਿ 'ਕੈਂਸਰ', ਇਹ ਸ਼ਬਦ ਸੁਣਦਿਆਂ ਹੀ ਅਕਸਰ ਲੋਕਾਂ ਦੇ ਜ਼ਹਿਨ ਵਿੱਚ ਮੌਤ ਦਾ ਪਰਛਾਵਾਂ ਨੱਚਣ ਲੱਗਦਾ ਹੈ। ਪਰ ਪਿਛਲੇ 16 ਸਾਲਾਂ ਤੋਂ ਇਸ ਨਾਮ ਨੂੰ ਆਪਣੀ ਹਿੰਮਤ ਨਾਲ ਹਰਾ ਕੇ ਮੈਂ ਜੀ ਰਹੀ ਹਾਂ, ਅੱਜ ਇਸ ਦੇ ਮਾਅਨੇ ਬਦਲ ਦੇਣਾ ਚਾਹੁੰਦੀ ਹਾਂ। ਮੇਰੇ ਲਈ ਕੈਂਸਰ ਮੌਤ ਦਾ ਸਿਰਨਾਵਾਂ ਨਹੀਂ, ਸਗੋਂ ਖ਼ੁਦ ਨੂੰ ਪਛਾਣਨ ਅਤੇ ਨਵੀਂ ਉਮੀਦ ਨਾਲ ਜਿਊਣ ਦਾ ਇੱਕ ਇਮਤਿਹਾਨ ਸੀ।
ਕੀਮੋਥੈਰੇਪੀ ਦਾ ਉਹ 'ਅਗਨੀ-ਪ੍ਰੀਖਿਆ' ਵਰਗਾ ਦੌਰ ਮੇਰੇ ਸੰਘਰਸ਼ ਦੀ ਕਹਾਣੀ ਕੀਮੋਥੈਰੇਪੀ ਦੇ ਉਨ੍ਹਾਂ ਦਿਨਾਂ ਤੋਂ ਬਿਨਾਂ ਅਧੂਰੀ ਹੈ, ਜਿਨ੍ਹਾਂ ਨੇ ਮੇਰੇ ਸਰੀਰ ਨੂੰ ਅੰਦਰੋਂ-ਬਾਹਰੋਂ ਝੰਜੋੜ ਕੇ ਰੱਖ ਦਿੱਤਾ ਸੀ। 2 ਮਹੀਨੇ ਵਿੱਚ 9 ਕੀਮੋਥੈਰੇਪੀ ਸੈਸ਼ਨ, ਹਰ ਇੱਕ ਸੈਸ਼ਨ ਕਿਸੇ ਖ਼ਤਰਨਾਕ ਜੰਗ ਤੋਂ ਘੱਟ ਨਹੀਂ ਸੀ। ਸਾਰਾ ਦਿਨ ਲਗਾਤਾਰ ਉਲਟੀਆਂ ਹੋਣੀਆਂ, ਫ਼ਿਰ ਪਟ-ਸਕੈਂਨ, MRI ਵਰਗੇ ਦਰਦਨਾਕ ਟੈਸਟ ਸਰੀਰ ਵਿੱਚ ਇੰਨੀ ਵੀ ਹਿੰਮਤ ਨਾ ਰਹਿਣੀ ਕਿ ਉੱਠ ਕੇ ਬੈਠ ਸਕਾਂ,ਉਸ ਵਕ਼ਤ ਪਾਣੀ ਦੀ ਇੱਕ ਬੂੰਦ ਵੀ ਸੰਘ ਤੋਂ ਹੇਠਾਂ ਨਹੀਂ ਸੀ ਲੰਘਦੀ ਸੀ। ਸਰੀਰ ਕਾਲਾ ਪੈ ਚੁੱਕਾ ਸੀ, ਅੱਖਾਂ ਅੰਦਰ ਧਸ ਗਈਆਂ ਸਨ ਅਤੇ ਮੇਰੇ ਸਾਰੇ ਵਾਲ ਝੜ ਗਏ ਸਨ।
ਪਰ ਕਹਿੰਦੇ ਹਨ ਕਿ ਹਨੇਰਾ ਜਿੰਨਾ ਸੰਘਣਾ ਹੋਵੇ, ਰੋਸ਼ਨੀ ਦੀ ਇੱਕ ਕਿਰਨ ਵੀ ਉਨੀ ਹੀ ਚਮਕਦਾਰ ਲੱਗਦੀ ਹੈ। ਉਨ੍ਹਾਂ ਦੁੱਖਾਂ ਅਤੇ ਤਕਲੀਫ਼ਾਂ ਦੇ ਵਿਚਕਾਰ ਮੇਰੇ ਪਤੀ ਅਤੇ ਮੇਰੇ ਬੱਚਿਆਂ ਦੀ ਦਿਨ-ਰਾਤ ਦੀ ਮਿਹਨਤ ਅਤੇ ਪਿਆਰ ਨੇ ਮੈਨੂੰ ਟੁੱਟਣ ਨਹੀਂ ਦਿੱਤਾ। ਅੱਜ ਜਦੋਂ ਮੈਂ ਆਪਣੇ ਇਨ੍ਹਾਂ ਖ਼ੂਬਸੂਰਤ ਵਾਲਾਂ ਨੂੰ ਵੇਖਦੀ ਹਾਂ, ਤਾਂ ਮੈਨੂੰ ਅਹਿਸਾਸ ਹੁੰਦਾ ਹੈ ਕਿ ਉਹ ਵਾਲ ਸਿਰਫ਼ ਕੁਦਰਤ ਦੀ ਦੇਣ ਨਹੀਂ, ਬਲਕਿ ਮੇਰੇ ਪਰਿਵਾਰ ਦੀ ਮਿਹਨਤ ਅਤੇ ਮੇਰੀ ਸਕਾਰਾਤਮਕ ਸੋਚ ਦਾ ਇਨਾਮ ਹਨ।
ਜਦੋਂ ਮੌਤ ਨੂੰ ਹਰਾ ਕੇ ਜ਼ਿੰਦਗੀ ਚੁਣੀ
ਇਹ ਪੀ.ਜੀ.ਆਈ. ਦਾ ਇੱਕ ਵਿਲੱਖਣ ਕੇਸ ਸੀ। 'ਓਸਟੀਓਸਾਰਕੋਮਾ' ਮੇਰੇ ਪੈਰ ਦੀ ਹੱਡੀ ਵਿੱਚ ਸੀ, ਜਿਸ ਕਾਰਨ ਮੈਂ ਆਪਣਾ ਇੱਕ ਪੈਰ ਗਵਾ ਦਿੱਤਾ। (ਡਾਕਟਰ ਮਨਜੀਤ ਸਿੰਘ ਬਲ ਅਨੁਸਾਰ: ਹੱਡੀਆਂ ਦਾ ਕੈਂਸਰ ਓਸਟਿਓ-ਸਰਕੋਮਾ ਦੇ ਵਧੇਰੇ ਕੇਸ ੧੫ ਤੋਂ ੩੦ ਸਾਲ ਦੀ ਉਮਰ ਦੌਰਾਨ ਹੁੰਦੇ ਆਮ ਕਰਕੇ ਇਹ ਗੋਡਿਆਂ ਦੀ ਹੱਡੀ ਵਿਚ ਹੁੰਦਾ ਹੈ ਇਲਾਜ ਵਜੋਂ ਕੀਮੋ ਥੇਰਪੀ, ਰੇਡੀਓ ਥੇਰਪੀ ਤੇ ਤਕਰੀਬਨ ਸਾਰੇ ਹੀ ਕੇਸਾਂ ਵਿਚ ਲੱਤ ਕੱਟਣੀ ਪੈਂਦੀ ਹੈ ਇਸ ਸਭ ਦੇ ਬਾਵਜੂਦ ਰੋਗੀ ਦੀ ਉਮਰ ਬਹੁਤ ਘਟ ਹੁੰਦੀ ਹੈ ਤੇ ਇਕ ਦੋ ਸਾਲਾਂ ਵਿਚ ਹੀ ਮੌਤ ਹੋ ਜਾਂਦੀ ਹੈ). ਪ੍ਰਭਜੋਤ ਕੌਰ ਅਨੁਸਾਰ ਸਰਕਾਰੀ ਕਾਗਜ਼ਾਂ ਵਿੱਚ ਮੈਂ '70 ਫ਼ੀਸਦੀ ਅਪਾਹਜ' ਹੋ ਗਈ, ਪਰ ਮੇਰੇ ਅੰਦਰਲੇ ਲੇਖਕ ਨੇ ਮੈਨੂੰ ਅਹਿਸਾਸ ਕਰਵਾਇਆ ਕਿ ਜਦੋਂ ਤੱਕ ਤੁਹਾਡਾ ਮਨ ਅਤੇ ਦਿਮਾਗ ਆਜ਼ਾਦ ਹੈ, ਉਦੋਂ ਤੱਕ ਕੋਈ ਵੀ ਸਰੀਰਕ ਘਾਟ ਤੁਹਾਨੂੰ ਹਰਾ ਨਹੀਂ ਸਕਦੀ। ਮੈਂ ਦਰਦ ਵਿੱਚੋਂ ਖ਼ੁਸ਼ੀ ਲੱਭਣੀ ਸਿੱਖ ਲਈ। ਮੇਰੀ ਪਹਿਲੀ ਕਿਤਾਬ ਵਿੱਚ ਮੇਰੇ ਡਾਕਟਰਾਂ ਨੇ ਲਿਖਿਆ ਕਿ ਮੇਰੀ ਜ਼ਿੰਦਾਦਿਲੀ ਫਿਲਮ 'ਆਨੰਦ' ਦੇ ਉਸ ਕਿਰਦਾਰ ਵਰਗੀ ਹੈ ਜੋ ਮੌਤ ਦੇ ਸਾਹਮਣੇ ਵੀ ਮੁਸਕਰਾਉਣਾ ਜਾਣਦਾ ਹੈ। ਮੇਰਾ ਸਿਧਾਂਤ: ਬਿਮਾਰੀ ਦੀ 'ਖ਼ੁਰਾਕ' ਬੰਦ ਕਰੋ, ਮੈਂ ਸਮਝ ਗਈ ਸੀ ਕਿ ਕੈਂਸਰ ਦੀ ਰਸੌਲੀ ਜਾਂ ਕੋਈ ਵੀ ਮਾੜਾ ਸੈੱਲ ਸਾਡੇ ਸਰੀਰ ਵਿੱਚ ਉਦੋਂ ਹੀ ਵਧਦਾ ਹੈ ਜਦੋਂ ਅਸੀਂ ਉਸ ਨੂੰ 'ਡਰ' ਅਤੇ 'ਨਕਾਰਾਤਮਕ ਸੋਚ' ਦੀ ਖ਼ੁਰਾਕ ਦਿੰਦੇ ਹਾਂ। ਜਿਸ ਦਿਨ ਤੁਸੀਂ ਬਿਮਾਰੀ ਬਾਰੇ ਸੋਚਣਾ ਛੱਡ ਕੇ ਉਸ ਉੱਤੇ ਹਾਵੀ ਹੋ ਜਾਂਦੇ ਹੋ, ਉਹ ਸੈੱਲ ਖ਼ੁਦ-ਬ-ਖ਼ੁਦ ਦਮ ਤੋੜਨਾ ਸ਼ੁਰੂ ਕਰ ਦਿੰਦੇ ਹਨ। ਮੈਂ ਆਪਣੇ ਅਨੁਭਵ ਨਾਲ ਕੈਂਸਰ (C.A.N.C.E.R) ਦੀ ਨਵੀਂ ਪਰਿਭਾਸ਼ਾ ਸਿਰਜੀ ਹੈ:
C-Cherish (ਸਤਿਕਾਰ), A- Affection (ਮੋਹ), N-Nirbhau (ਨਿਰਭਉ), C-Connection (ਸਾਂਝ), E -Empathy (ਦਰਦਮੰਦੀ), R- Relief (ਸਕੂਨ)। ਮੇਰੇ ਲਈ ਪੰਜਾਬੀ ਵਿੱਚ ਇਸ ਦੇ ਅਰਥ ਹਨ: ਚੜ੍ਹਦੀ ਕਲਾ, ਅਟੱਲ ਵਿਸ਼ਵਾਸ, ਨਵੀਂ ਉਮੀਦ, ਚਾਨਣ ਦੀ ਰਾਹ, ਇਰਾਦਾ ਮਜ਼ਬੂਤ ਅਤੇ ਰੱਬ ਦੀ ਰਜ਼ਾ ਤੇ ਫ਼ਤਿਹ।
ਦਰਦ ਤੋਂ ਦੁਆਵਾਂ ਤੱਕ ਦਾ ਸਫ਼ਰ
ਅੱਜ 16 ਸਾਲਾਂ ਬਾਅਦ, ਮੈਂ ਬਿਨਾਂ ਕਿਸੇ ਵਾਧੂ ਦਵਾਈ ਦੇ ਤੰਦਰੁਸਤ ਹਾਂ। ਮੇਰੀ ਕਲਮ ਹੁਣ ਉਨ੍ਹਾਂ ਲੋਕਾਂ ਲਈ 'ਉਮੀਦ ਦੀ ਮਸ਼ਾਲ' ਹੈ ਜੋ ਹਿੰਮਤ ਹਾਰ ਬੈਠਦੇ ਹਨ। ਜਦੋਂ ਅਣਜਾਣ ਲੋਕ ਫ਼ੋਨ ਕਰਕੇ ਦੱਸਦੇ ਹਨ ਕਿ ਮੇਰੀ ਹਿੰਮਤ ਵੇਖ ਕੇ ਉਨ੍ਹਾਂ ਨੂੰ ਜਿਊਣ ਦਾ ਰਾਹ ਲੱਭ ਗਿਆ ਹੈ, ਤਾਂ ਮੈਨੂੰ ਲੱਗਦਾ ਹੈ ਕਿ ਮੇਰਾ ਨਾਮ 'ਪ੍ਰਭਜੋਤ' ਸਾਰਥਕ ਹੋ ਗਿਆ ਹੈ। ਅਖ਼ੀਰ ਵਿੱਚ, ਮੈਂ ਇਹੀ ਕਹਾਂਗੀ: ਬਿਮਾਰੀ ਨੂੰ ਆਪਣੇ 'ਤੇ ਹਾਵੀ ਨਾ ਹੋਣ ਦਿਓ, ਸਗੋਂ ਖ਼ੁਦ ਉਸ 'ਤੇ ਹਾਵੀ ਹੋ ਕੇ ਉਸ ਦਾ ਨਾਮੋ-ਨਿਸ਼ਾਨ ਮਿਟਾ ਦਿਓ। ਮੇਰਾ ਤਖ਼ੱਲਸ 'ਜੋਤ' ਹਮੇਸ਼ਾ ਇਹੀ ਹੋਕਾ ਦਿੰਦਾ ਰਿਹਾ ਹੈ ਅਤੇ ਦਿੰਦਾ ਰਹੇਗਾ ਕਿ ਜਦੋਂ ਤੱਕ ਤੁਹਾਡੇ ਅੰਦਰ ਵਿਸ਼ਵਾਸ ਦੀ ਜੋਤ ਜਗ ਰਹੀ ਹੈ, ਦੁਨੀਆ ਦੀ ਕੋਈ ਵੀ ਤਾਕਤ ਤੁਹਾਨੂੰ ਹਰਾ ਨਹੀਂ ਸਕਦੀ।