“ਮੇਰੀ ਧਰਤੀ- ਮੇਰਾ ਜਨੂੰਨ” ਮੁਹਿੰਮ ਤਹਿਤ ਪਿੰਘਬੜੀ ਵਿੱਚ ਆਧੁਨਿਕ 1 ਕਰੋੜ 56 ਲੱਖ ਨਾਲ ਆਰ.ਸੀ.ਸੀ ਪੁਲ ਦੀ ਉਸਾਰੀ ਸ਼ੁਰੂ- ਹਰਜੋਤ ਬੈਂਸ
“ਮੇਰੀ ਧਰਤੀ- ਮੇਰਾ ਜਨੂੰਨ” ਮੁਹਿੰਮ ਤਹਿਤ ਪਿੰਘਬੜੀ ਵਿੱਚ ਆਧੁਨਿਕ 1 ਕਰੋੜ 56 ਲੱਖ ਨਾਲ ਆਰ.ਸੀ.ਸੀ ਪੁਲ ਦੀ ਉਸਾਰੀ ਸ਼ੁਰੂ- ਹਰਜੋਤ ਬੈਂਸ
ਕਨੈਕਟਿਵਿਟੀ ਮਜ਼ਬੂਤ ਕਰਨ ਲਈ ਸਰਕਾਰ ਵਚਨਬੱਧ, ਸਾਰੇ ਵਾਅਦੇ ਕੀਤੇ ਜਾਣਗੇ ਪੂਰੇ- ਕੈਬਨਿਟ ਮੰਤਰੀ
11 ਕਰੋੜ ਰੁਪਏ ਨਾਲ ਪਿੰਘਬੜੀ ਦਾ ਕਰਵਾਇਆ ਜਾਵੇਗਾ ਵਿਕਾਸ- ਬੈਂਸ
ਨੰਗਲ 20 ਅਪ੍ਰੈਲ: “ਮੇਰੀ ਧਰਤੀ, ਮੇਰਾ ਜਨੂੰਨ” ਮੁਹਿੰਮ ਤਹਿਤ ਵਿਕਾਸ ਕਾਰਜਾਂ ਦੀ ਲੜੀ ਦਾ ਅੱਜ ਪਿੰਡ ਪਿੰਘਬੜੀ ਤੋਂ ਕੈਬਨਿਟ ਮੰਤਰੀ ਸ. ਹਰਜੋਤ ਸਿੰਘ ਬੈਂਸ ਵੱਲੋਂ ਅਰੰਭ ਕੀਤਾ ਗਿਆ। ਇਸ ਮੌਕੇ ਕੈਬਨਿਟ ਮੰਤਰੀ ਨੇ ਇੱਕ ਨਵੇਂ ਆਧੁਨਿਕ ਆਰ.ਸੀ.ਸੀ ਪੁਲ ਦੀ ਉਸਾਰੀ ਦੀ ਸ਼ੁਰੂਆਤ ਕਰਦੇ ਹੋਏ ਸਰਕਾਰ ਦੀ ਪਿੰਡਾਂ ਅਤੇ ਪਿੱਛੜੇ ਇਲਾਕਿਆਂ ਵਿੱਚ ਬੁਨਿਆਦੀ ਢਾਂਚਾ ਮਜ਼ਬੂਤ ਕਰਨ ਦੀ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਕਿਹਾ ਕਿ ਇਹ ਕਦਮ ਪੰਜਾਬ ਸਰਕਾਰ ਦੇ ਸੰਤੁਲਿਤ ਵਿਕਾਸ ਅਤੇ ਲੋਕਾਂ ਦੇ ਜੀਵਨ ਮਿਆਰ ਨੂੰ ਉੱਚਾ ਚੁੱਕਣ ਦੇ ਵਿਜ਼ਨ ਨੂੰ ਦਰਸਾਉਂਦਾ ਹੈ। ਇਸ ਪਿੰਡ ਵਿੱਚ ਪੁਲ ਦਾ ਨਿਰਮਾਣ, ਡੰਗੇ ਤੇ 4 ਕਰੋੜ ਨਾਲ ਸੜਕਾਂ ਦੇ ਨਿਰਮਾਣ ਸਮੇਤ ਕੁੱਲ 11 ਕਰੋੜ ਰੁਪਏ ਦੇ ਕੰਮ ਕਰਵਾਏ ਜਾ ਰਹੇ ਹਨ।
ਸ.ਬੈਂਸ ਨੇ ਕਿਹਾ ਕਿ 70 ਸਾਲ ਬਾਅਦ ਇਸ ਖੇਤਰ ਦਾ ਵਿਕਾਸ ਕਰਵਾਇਆ ਜਾ ਰਿਹਾ ਹੈ, ਪਹਿਲਾ ਇਸ ਖੇਤਰ ਨੂੰ ਅਣਗੋਲਿਆ ਕੀਤਾ ਗਿਆ ਸੀ। ਪਰ ਹੁਣ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਰ ਖੇਤਰ ਦੇ ਵਿਕਾਸ ਲਈ ਵਚਨਬੱਧ ਹੈ। ਉਨ੍ਹਾਂ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਹਰ ਖੇਤਰ ਨੂੰ ਸੜਕਾਂ ਅਤੇ ਪੁਲਾਂ ਦੇ ਮਜ਼ਬੂਤ ਜਾਲ ਨਾਲ ਜੋੜਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਨਵਾਂ ਪੁਲ ਖਾਸ ਕਰਕੇ ਬਰਸਾਤ ਦੇ ਮੌਸਮ ਦੌਰਾਨ ਲੋਕਾਂ ਨੂੰ ਆਵਾਜਾਈ ਦੀਆਂ ਸਮੱਸਿਆਵਾਂ ਤੋਂ ਵੱਡੀ ਰਾਹਤ ਦੇਵੇਗਾ, ਜਦੋਂ ਪਾਣੀ ਦੇ ਤੇਜ਼ ਬਹਾਅ ਕਾਰਨ ਰੋਜ਼ਾਨਾ ਜੀਵਨ ਪ੍ਰਭਾਵਿਤ ਹੁੰਦਾ ਹੈ। ਮੰਤਰੀ ਨੇ ਵਿਸ਼ਵਾਸ ਦਿਵਾਇਆ ਕਿ ਭਗਵੰਤ ਮਾਨ ਸਰਕਾਰ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰਨ ਲਈ ਵਚਨਬੱਧ ਹੈ।
ਉਨ੍ਹਾਂ ਨੇ ਦੱਸਿਆ ਕਿ ਲਗਭਗ 1 ਕਰੋੜ 56 ਲੱਖ ਰੁਪਏ ਦੀ ਲਾਗਤ ਨਾਲ ਬਣ ਰਹੇ ਇਸ ਪੁਲ ਨੂੰ ਆਧੁਨਿਕ ਆਰ.ਸੀ.ਸੀ ਸਟਰਕਚਰ ਦੇ ਰੂਪ ਵਿੱਚ ਤਿਆਰ ਕੀਤਾ ਜਾਵੇਗਾ, ਜੋ ਭਾਰੀ ਪਾਣੀ ਦੇ ਬਹਾਅ ਨੂੰ ਝੱਲਣ ਸਮਰੱਥ ਹੋਵੇਗਾ। ਪੁਲ ਦੀ ਬੈਡ ਵਿਡਥ 200 ਫੁੱਟ ਅਤੇ ਕੈਰੇਜ ਵੇਅ 18 ਫੁੱਟ ਹੋਵੇਗੀ, ਜਿਸ ਨਾਲ ਵਾਹਨਾਂ ਅਤੇ ਪੈਦਲ ਯਾਤਰੀਆਂ ਲਈ ਸੁਰੱਖਿਅਤ ਅਤੇ ਸੁਵਿਧਾਜਨਕ ਆਵਾਜਾਈ ਯਕੀਨੀ ਬਣੇਗੀ। ਇਸ ਵਿੱਚ ਐਮ-30 ਗਰੇਡ ਕੰਕਰੀਟ ਦੀ ਵਰਤੋਂ ਕੀਤੀ ਜਾਵੇਗੀ ਅਤੇ ਸੁਰੱਖਿਆ ਲਈ ਕ੍ਰੈਸ਼ ਬੈਰੀਅਰ ਲਗਾਏ ਜਾਣਗੇ। ਇਸ ਤੋਂ ਇਲਾਵਾ, ਅਬਟਮੈਂਟ, ਪ੍ਰੋਟੈਕਸ਼ਨ ਵਰਕ, ਗਰਾਊਟਿੰਗ ਅਤੇ ਸੁਕੇ ਪੱਥਰਾਂ ਦੀ ਪਿਚਿੰਗ ਵਰਗੇ ਉਪਕਰਣ ਇਸ ਨੂੰ ਹੋਰ ਮਜ਼ਬੂਤ ਬਣਾਉਣਗੇ।
ਸ.ਬੈਂਸ ਨੇ ਹੋਰ ਦੱਸਿਆ ਕਿ ਪਿਛਲੇ ਸਾਲਾਂ ਵਿੱਚ ਭਾਰੀ ਬਰਸਾਤ ਕਾਰਨ ਇਲਾਕੇ ਵਿੱਚ ਮੌਜੂਦਾ ਢਾਂਚੇ ਨੂੰ ਕਾਫੀ ਨੁਕਸਾਨ ਪਹੁੰਚਿਆ ਸੀ, ਜਿਸ ਵਿੱਚ ਕਾਜਵੇ ਦੇ ਟੁੱਟਣ ਅਤੇ ਨਜ਼ਦੀਕੀ ਖੇਤੀਬਾੜੀ ਜ਼ਮੀਨ ਨੂੰ ਨੁਕਸਾਨ ਵੀ ਸ਼ਾਮਲ ਹੈ। ਇਸ ਗੰਭੀਰਤਾ ਨੂੰ ਦੇਖਦੇ ਹੋਏ ਸਰਕਾਰ ਨੇ ਤਕਨੀਕੀ ਜਾਂਚਾਂ, ਜਿਵੇਂ ਕਿ ਬੇਅਰਿੰਗ ਟੈਸਟ ਆਦਿ ਕਰਵਾ ਕੇ ਅਤੇ ਸੰਬੰਧਤ ਇੰਜੀਨੀਅਰਿੰਗ ਅਥਾਰਟੀ ਤੋਂ ਮਨਜ਼ੂਰੀ ਪ੍ਰਾਪਤ ਕਰਕੇ ਇਸ ਪ੍ਰੋਜੈਕਟ ਨੂੰ ਤਰਜੀਹ ਦਿੱਤੀ। ਉਨ੍ਹਾਂ ਕਿਹਾ ਕਿ ਪੁਲ ਨਾਲ ਜੁੜੀਆਂ ਅਪ੍ਰੋਚ ਸੜਕਾਂ ਨੂੰ ਵੀ ਸੁਧਾਰਿਆ ਜਾਵੇਗਾ, ਜਿਸ ਨਾਲ ਇਲਾਕੇ ਦੀ ਕੁੱਲ ਵਿਕਾਸ ਗਤੀ ਵਿੱਚ ਵਾਧਾ ਹੋਵੇਗਾ।
ਇਸ ਮੌਕੇ ਡਾ.ਸੰਜੀਵ ਗੌਤਮ ਜਿਲ੍ਹਾ ਪ੍ਰਧਾਨ, , ਗੁਰਜਿੰਦਰ ਸਿੰਘ ਸ਼ੋਕਰ ਬਲਾਕ ਪ੍ਰਧਾਨ, ਸੋਹਣ ਸਿੰਘ ਬੈਂਸ, ਬਲਜੀਤ ਕੌਰ ਸਰਪੰਚ, ਪੂਨਮ ਸ਼ਰਮਾ ਪੰਚ, ਸੰਗੀਤਾ ਚੋਧਰੀ ਪੰਚ, ਉਰਮਿਲਾ ਦੇਵੀ ਪੰਚ, ਰਣਜੀਤ ਸਿੰਘ, ਮਨਜੀਤ ਸਿੰਘ ਬਲਾਕ ਸੰਮਤੀ ਮੈਂਬਰ, ਦੀਪਕ ਅਬਰੋਲ ਖੇੜਾ ਬਾਗ਼, ਮਹਿੰਦਰ ਢਿੱਲੋਂ ਏਰੀਆ ਸਕੱਤਰ, ਰਾਜੇਸ਼ ਸ਼ਰਮਾ, ਦੀਪੂ ਬਾਸ, ਦਰਸ਼ਨ ਕੁਮਾਰ ਚੋਧਰੀ, ਸਵਰਨ ਸਿੰਘ,ਵੇਦ ਪ੍ਰਕਾਸ਼, ਜਸਪਾਲ ਰਾਣਾ, ਰਾਮ ਲਾਲ, ਕੁਲਦੀਪ ਸ਼ਰਮਾ ਤੇ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ।