ਨਾਲੇ ਚੋਰ ਨਾਲੇ ਚਤੁਰ:- ਡਾ ਦਲੇਰ ਸਿੰਘ ਮੁਲਤਾਨੀ
ਪੰਜਾਬ ਸਰਕਾਰ ਕਨੂੰਨ ਨਹੀਂ ਪੁਲਿਸ ਦਾ ਸਹਾਰਾ ਲੈ ਰਹੀ।ਬਠਿੰਡਾ ਵਿਚ ਦੁੱਧ ਵੇਚਣ ਵਾਲਿਆਂ ਦੇ ਪ੍ਰਧਾਨ ਨੇ ਐਸ ਐਸ ਪੀ ਬਠਿੰਡਾ ਨੂੰ ਸ਼ਿਕਾਇਤ ਕਰਵਾਈ ਹੈ ਕਿ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਨੇ ਨਕਲੀ ਦੁੱਧ ਬਣਾਉਣ ਅਤੇ ਵੇਚਣ ਬਾਰੇ ਵੀਡੀਓ ਜਾਰੀ ਕਰਕੇ ਦੋਧੀਆਂ ਦਾ ਨਾਮ ਬਦਨਾਮ ਕੀਤਾ ਅਤੇ ਉਹਨਾਂ ਦੇ ਧੰਦੇ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਹੈ।
ਪਰ ਹਰ ਸਰਕਾਰ ਅਤੇ ਹਰ ਬੰਦਾ ਨਿੱਤ ਕਹਿ ਰਿਹਾ ਕਿ ਨਕਲੀ ਦੁੱਧ ਵਿਕਦਾ ਅਤੇ ਇਸ ਵਿੱਚ ਦੁੱਧ ਪਨੀਰ ਖੋਆ ਵੇਚਣ ਅਤੇ ਬਣਾਉਣ ਵਾਲਿਆਂ ਦੀ ਸ਼ਮੂਲੀਅਤ ਹੈ । ਬਲਕਿ ਸਚਾਈ ਹੈ ਕਿ ਨਕਲੀ ਅਤੇ ਮਿਲਾਵਟੀ ਦੁੱਧ ਵਾਲੇ ਅਣਗਿਣਤ ਵਾਰ ਪਕੜੇ ਗਏ ਤੇ ਕਈਆਂ ਨੂੰ ਜੁਰਮਾਨੇ ਤੇ ਸਜ਼ਾਵਾਂ ਹੋਈਆਂ।
ਫਿਰ ਚਰਨਜੀਤ ਸਿੰਘ ਚੰਨੀ ਵਿਰੁੱਧ ਬਠਿੰਡਾ ਤੋਂ ਕਾਰਵਾਈ ਕਰਨ ਦੀਆਂ ਖ਼ਬਰਾਂ ਦੀ ਨਿੰਦਾ ਹੋਣੀ ਚਾਹੀਦੀ। ਬਲਕਿ ਜਿਸ ਨੇ ਸ਼ਿਕਾਇਤ ਕੀਤੀ ਉਸ ਵਿਰੁੱਧ ਸਰਕਾਰੀ ਮਦਦ ਲੈ ਕਿ ਮਿਲਾਵਟਾਂ ਤੇ ਪਰਦਾ ਪਾਉਣ ਦੀ ਕੋਸ਼ਿਸ਼ ਵਿਰੁੱਧ ਕਾਰਵਾਈ ਹੋਣੀ ਚਾਹੀਦੀ। ਮੇਰੇ ਵੱਲੋਂ ਕਈ ਵੀਡੀਓਜ-ਲਿਖਤਾਂ ਵਿੱਚ ਦੁੱਧ ਪਨੀਰ ਖੋਆ ਵਿਚ ਵੱਡੇ ਪੱਧਰ ਤੇ ਮਿਲਾਵਟਾਂ ਬਾਰੇ ਲਿਖਿਆ- ਬੋਲਿਆ ਗਿਆ । ਨੌਕਰੀ ਦੌਰਾਨ ਕਈ ਤਰ੍ਹਾਂ ਦੀਆਂ ਕਾਰਵਾਈਆਂ ਵੀ ਕੀਤੀਆਂ ਗਈਆਂ ਅਤੇ ਮਿਲਾਵਟਾਂ ਬਾਰੇ ਜਾਗਰੂਕਤਾ ਹੋਰ ਸਾਥੀਆਂ ਨਾਲ ਮਿਲ ਕੇ ਅੱਜ ਵੀ ਕਰ ਰਹੇ । ਇਸ ਗੱਲ ਤੋਂ ਵੀ ਇਨਕਾਰ ਨਹੀਂ ਕਿ ਪੰਜਾਬ ਦੇ ਫੂਡ ਕਮਿਸ਼ਨਰ ਦੇ ਦਫ਼ਤਰ ਵਲੋਂ ਮਿਲਾਵਟਾਂ ਵਿਰੁੱਧ ਬਹੁਤ ਹੀ ਸੀਮਤ ਕਾਰਵਾਈ ਕੀਤੀ ਜਾ ਰਹੀ ਜਦੋਂ ਕਿ ਅੱਜ ਖਾਣ ਪੀਣ ਵਾਲੀਆਂ ਵਸਤੂਆਂ ਵਿੱਚ ਮਿਲਾਵਟ ਕਈ ਵੱਡੀਆਂ ਬਿਮਾਰੀਆਂ ਦਾ ਕਾਰਨ ਹਨ।
ਇਸੇ ਤਰ੍ਹਾਂ ਪ੍ਰਦੂਸ਼ਣ ਕੰਟਰੋਲ ਬੋਰਡ ਜਿਸ ਨੇ ਧਰਤੀ ਹਵਾ , ਪਾਣੀ ਦੇ ਪ੍ਰਦੂਸ਼ਣ ਤੇ ਕੰਟਰੋਲ ਕਰਨਾ ਹੈ ਉਹ ਵੀ ਸਿਰਫ ਕਾਗਜ਼ੀ ਸ਼ੇਰ ਹੈ ਤੇ ਕਾਗਜ਼ੀ ਸ਼ੇਰ ਦੀ ਚੇਅਰਪਰਸਨ ਵੀ ਦਿੱਲੀ ਤੋਂ ਲਿਆ ਕੇ ਲਗਾਈ ਹੋਈ ਤੇ ਸਰਕਾਰ ਕਹਿੰਦੀ ਪੰਜਾਬ ਨੂੰ ਸਾਫ਼ ਹਵਾ, ਪਾਣੀ , ਧਰਤੀ ਦੇ ਰਹੇ ।
ਬਠਿੰਡਾ ਪੁਲਿਸ ਨੂੰ ਚਾਹੀਦਾ ਕਿ ਚਰਨਜੀਤ ਸਿੰਘ ਚੰਨੀ ਦੇ ਨਾਲ ਨਾਲ ਸਾਡੇ ਵਰਗੇ ਹੋਰ ਸਾਥੀਆਂ ਤੇ ਵੀ ਕਾਰਵਾਈ ਕਰੇ ਤਾਂ ਕਿ ਪੰਜਾਬ ਵਿੱਚ ਮਿਲਾਵਟਾਂ ਦੀ ਅਸਲੀਅਤ ਦਾ ਪਤਾ ਲੱਗ ਸਕੇ ਤੇ ਪੰਜਾਬੀਆਂ ਦੀ ਸਿਹਤ ਦੀ ਰਾਖੀ ਹੋ ਸਕੇ।
ਇੱਕ ਗੱਲ ਚਰਨਜੀਤ ਸਿੰਘ ਚੰਨੀ ਨੂੰ ਵੀ ਯਾਦ ਰੱਖਣੀ ਚਾਹੀਦੀ ਕਿ ਦੁੱਧ ਦੀ ਮਿਲਾਵਟ ਬਾਰੇ ਤੁਹਾਡੇ ਵਲੋਂ ਜਾਗਰੂਕਤਾ ਲਈ ਬਣਾਈ ਵੀਡੀਓ ਬਿਲਕੁਲ ਠੀਕ ਹੈ ਪਰ ਜਦੋਂ ਤੁਸੀਂ ਆਪ ਮੰਤਰੀ ਅਤੇ ਮੁੱਖ ਮੰਤਰੀ ਸੀ ਉਸ ਸਮੇਂ ਦੁੱਧ ਦੀ ਮਿਲਾਵਟ ਰੋਕਣ ਲਈ ਤੁਸੀਂ ਕਿਹੜੇ ਕਨੂੰਨ ਅਤੇ ਜਾਗਰੂਕਤਾ ਮੁਹਿੰਮ ਚਲਾਈ ਸੀ
ਅੱਜ ਪੰਜਾਬ ਧਰਤੀ, ਪਾਣੀ , ਹਵਾ , ਦੁੱਧ ਅਤੇ ਖਾਣ ਵਾਲੀਆਂ ਅਨੇਕਾਂ ਚੀਜ਼ਾਂ ਵਿੱਚ ਮਿਲਾਵਟ/ ਪ੍ਰਦੂਸ਼ਣ ਦਾ ਦੁੱਖ ਭੋਗ ਰਿਹਾ । ਇਹਨਾਂ ਮੁੱਦਿਆਂ ਤੇ ਜਾਗਰੂਕ ਕਰਨ ਵਾਲਿਆਂ ਦਾ ਸਰਕਾਰ ਨੂੰ ਧੰਨਵਾਦੀ ਹੋਣਾ ਚਾਹੀਦਾ ਨਾ ਕਿ ਦਬਾਉਣਾ ਚਾਹੀਦਾ । ਵੈਸੇ ਇਹ ਗੱਲ ਵੀ ਰਿਕਾਰਡ ਵਿੱਚ ਹੈ ਕਿ ਜਾਗਰੂਕਤਾ ਕਰਨ ਵਾਲਿਆਂ ਤੇ ਹਮੇਸ਼ਾ ਹੀ ਸਰਕਾਰੀ ਹਮਲੇ ਹੁੰਦੇ ਆਏ , ਜਿਸ ਤੋਂ ਪਿਛਲੀਆਂ ਸਰਕਾਰਾਂ ਵੀ ਮੁੱਕਰ ਨਹੀਂ ਸਕਦੀਆਂ । ਇਹ ਮੇਰਾ ਨਿਜੀ ਤਜਰਬਾ ਵੀ ਹੈ ਅਤੇ ਬਹੁਤ ਵਾਰ ਪਿੰਡੇ ਤੇ ਹੰਢਾਇਆ ਪਰ ਸਰਕਾਰਾਂ ਦੇ ਅਤੰਕ ਤੋਂ ਨਹੀਂ ਡਰਿਆ । ਪੰਜਾਬ ਸਰਕਾਰ ਯਾਦ ਰੱਖੋ ਜਿਸ ਤਰ੍ਹਾਂ ਤੁਸੀਂ ਅੱਜ ਕੱਲ ਅਪਣੀ ਹਰ ਕੰਮਜੋਰੀ ਤੇ ਪੁਲਿਸ ਦੀ ਮਦਦ ਨਾਲ ਪਰਦੇ ਪਾਉਣ ਅਤੇ ਦੂਜਿਆਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੇ ਹੋ , ਉਹ ਪੰਜਾਬ ਹਿਤੈਸ਼ੀ ਕਾਰਵਾਈਆਂ ਨਹੀਂ ਸਗੋਂ ਕਨੂੰਨ ਦੀ ਉਲੰਘਣਾ ਅਤੇ ਸਰਕਾਰੀ ਅਤੰਕ ਹੈ ਜੋ ਪੰਜਾਬ ਨੂੰ ਹਨੇਰੇ ਭਵਿੱਖ ਵੱਲ ਧੱਕ ਰਿਹਾ ।