ਅਧਿਕਾਰੀਆਂ - ਕਰਮਚਾਰੀਆਂ ਦੇ ਮਨਮਰਜ਼ੀ ਦੇ ਹੁਕਮਾਂ ਤੇ ਚਾਪਲੂਸੀ ਲਈ ਜਾਂ ਰਿਸ਼ਵਤਖੋਰੀ ਲਈ:-ਡਾ ਦਲੇਰ ਸਿੰਘ ਮੁਲਤਾਨੀ
ਪਟਿਆਲਾ, ਅਪ੍ਰੈਲ :- ਗੁਲਾਮੀ ਤੋਂ ਭਾਰਤ ਅਜਾਦ ਹੋਇਆਂ ਨੂੰ ਅਠੱਤਰ ਸਾਲ ਹੋ ਗਏ, ਗੁਲਾਮ ਸ਼ਬਦ ਅਜੇ ਵੀ ਨਿੱਤ ਸੁਣਨ ਨੂੰ ਮਿਲ ਜਾਂਦੇ ਤੇ ਸੋਚਣ ਤੇ ਮਜਬੂਰ ਹੋਣਾ ਪੈਂਦਾ ਕਿ ਭਾਰਤ ਤਾਂ 1947 ਵਿੱਚ ਅਜ਼ਾਦ ਹੋ ਗਿਆ ਸੀ । ਫਿਰ ਹੁਣ ਅਸੀਂ ਕਿਸ ਦੇ ਗੁਲਾਮ ਹਾਂ ਜਾਂ ਕਿਸ ਦੀ ਗੁਲਾਮੀ ਕਰਦੇ , ਅਸੀਂ ਅਪਣੇ ਜੀਵਨ ਕਾਲ ਵਿੱਚ ਅੰਗਰੇਜ਼ਾਂ ਵਾਲੀ ਗੁਲਾਮੀ ਤਾਂ ਨਹੀਂ ਦੇਖੀ ਪਰ ਜਿਹੜੀ ਗੁਲਾਮੀ ਅਸੀਂ ਮਹਿਸੂਸ ਕਰ ਰਹੇ , ਉਹ ਸ਼ਾਇਦ ਅੰਗਰੇਜ਼ਾਂ ਦੀ ਗੁਲਾਮੀ ਨਾਲੋਂ ਵੀ ਖਤਰਨਾਕ ਲਗਦੀ ।
ਇਹ ਗੁਲਾਮੀ ਨਾ ਤਾਂ ਅੰਗਰੇਜ਼ਾਂ ਦੇ ਆਉਣ ਨਾਲ ਆਈ ਸੀ ਅਤੇ ਨਾ ਹੀ ਅੰਗਰੇਜ਼ਾਂ ਦੇ ਜਾਣ ਨਾਲ ਚੱਲੀ ਗਈ ਸੀ । ਇਸ ਗੁਲਾਮੀ ਨੂੰ ਮਾਨਸਿਕ ਗੁਲਾਮੀ ਕਹਿੰਦੇ , ਜਿਸ ਨੇ ਸਾਨੂੰ ਜਨਮ ਤੋਂ ਘੇਰਿਆ ਹੋਇਆ । ਉਸ ਦਾ ਵੱਡਾ ਕਾਰਨ ਹੈ ਕਿ ਧਾਰਮਿਕ ਧਾਰਨਾਵਾਂ- ਭਾਵਨਾਵਾਂ ਜਿਸ ਦੇ ਨਿਯਮ ਜੋ ਸਵੇਰੇ ਦਿਨ ਚੜ੍ਹਣ ਤੋਂ ਲੈ ਕਿ ਰਾਤ ਸੌਣ ਤੱਕ ਖਾਣ ਪੀਣ , ਕੱਪੜੇ ਪਾਉਣ ਤੋਂ ਲੈ ਕੇ ਸਰੀਰਕ ਬਿਮਾਰੀਆਂ ਤੇ ਵੀ ਲਾਗੂ ਹੁੰਦੇ ।
ਇਸ ਵਿਚ ਤਰਕ ਘੱਟ ਤੇ ਧਾਰਮਿਕ ਕੱਟੜਤਾ ਜ਼ਿਆਦਾ ਹੁੰਦੀ ਤੇ ਆਮ ਆਦਮੀ ਕਹਿ ਦਿੰਦਾ ਆਸਥਾ ਵਿਚ ਤਰਕ ਨਹੀਂ ਵਿਸ਼ਵਾਸ ਹੁੰਦਾ । ਇਸੇ ਦੇ ਅਧਾਰ ਤੇ ਬਾਬਿਆਂ ਦੇ ਡੇਰਿਆਂ ਦਾ ਜਾਲ ਵਿਛਿਆ ਹੋਇਆ , ਜਿਥੇ ਲੋਕਾਂ ਨੂੰ ਮਾਨਸਿਕ ਗੁਲਾਮ ਬਣਾ ਕੇ ਸ਼ੋਸ਼ਣ ਕੀਤਾ ਜਾਂਦਾ । ਜਿਵੇਂ ਅਸੀਂ ਕਹਿੰਦੇ ਜੋ ਨਸ਼ੇ ਦਾ ਗੁਲਾਮ ਹੋ ਗਿਆ ਉਸ ਨੂੰ ਨਸ਼ੇ ਤੋਂ ਇਲਾਵਾ ਹੋਰ ਕੁਝ ਨਹੀਂ ਸੁਝਦਾ । ਇਸੇ ਤਰ੍ਹਾਂ ਜਿਹੜਾ ਬਿਨਾਂ ਵਿਚਾਰੇ-ਸਮਝੇ ਧਰਮ ਦਾ ਗੁਲਾਮ ਹੋ ਗਿਆ , ਉਸ ਦੇ ਆਲੇ ਦੁਆਲੇ ਵੀ ਧਾਰਮਿਕ ਨਿਯਮ ਹੀ ਘੁੰਮਦੇ ਅਤੇ ਗ਼ੁਲਾਮ ਉਸ ਨੂੰ ਹੀ ਪੂਜਣ ਲੱਗ ਜਾਂਦੇ ਨਾ ਕਿ ਉਸ ਦੀ ਪ੍ਰੈਕਟਿਸ ਕਰਦੇ ਤੇ ਫਿਰ ਉਸ ਪੂਜਾ ਦਾ ਫਲ ਵੀ ਭਾਲਦੇ ਜਦੋਂ ਕਿ ਫਲ ਪ੍ਰੈਕਟਿਸ ਨਾਲ ਮਿਲਣੇ । ਧਰਮ ਜੀਵਨ ਜਾਚ ਹੈ ਪ੍ਰੈਕਟਿਸ ਕਰੋ , ਪੂਜਾ ਪਾਠ ਨਹੀਂ। ਦੂਸਰੀ ਵੱਡੀ ਗੁਲਾਮੀ ਹੈ ਸ਼ਾਸਨ ਪ੍ਰਸ਼ਾਸਨ ਦੀ, ਜਿਸ ਦੇ ਗੁਲਾਮ ਅਸੀਂ ਕਈ ਸਦੀਆਂ ਤੋਂ ਬਣੇ ਹੋਏ ਤੇ ਅੱਜ ਵੀ ਇਸੇ ਮਾਨਸਿਕਤਾ ਹੇਠ ਰਹਿ ਰਹੇ ਤਾਂ ਹੀ ਅੱਜ ਵੀ ਨੇਤਾਵਾਂ ਨੂੰ ਰਾਜੇ ਸਮਝੀ ਜਾਂਦੇ ਅਤੇ ਮੁਲਾਜ਼ਮਾਂ ਨੂੰ ਦਫ਼ਤਰਾਂ ਦੇ ਮਾਲਕ ।
ਜਦੋਂ ਅਜ਼ਾਦੀ ਹੋਈ ਸੀ ਲੋਕਤੰਤਰ ਦਾ ਮਤਲਬ ਸੀ ਲੋਕਾਂ ਦਾ ਰਾਜ , ਲੋਕਾਂ ਰਾਹੀਂ ਤੇ ਲੋਕਾਂ ਲਈ । ਇਸ ਕਰਕੇ ਲੋਕਤੰਤਰ ਵਿੱਚ ਹਿੱਸੇਦਾਰੀ ਹੁੰਦੀ, ਨਾ ਕਿ ਸਰਕਾਰਾਂ ਵਲੋਂ ਮੁਫਤਖੋਰੀ ਦੀ ਗੁਲਾਮੀ। ਸਰਕਾਰਾਂ ਵਲੋਂ ਟੈਕਸ ਦੇ ਪੈਸੇ ਬੈਂਕਾਂ ਵਿਚੋਂ ਕੱਢ ਕੇ ਵੋਟਾਂ ਬਟੋਰਨ ਲਈ ਵਰਤਣ ਨੂੰ ਸਿਆਣਪ ਨਹੀਂ ਮੂਰਖਤਾ ਕਹਿੰਦੇ। ਜਿੱਤੇ ਨੇਤਾ ਘਰ ਨਹੀਂ ਵੜਨ ਦਿੰਦੇ ਅਤੇ ਜੇ ਬਾਹਰ ਮਿਲਣਾ ਹੋਵੇ ਤਾਂ ਸੁਰੱਖਿਆ ਦਸਤਿਆਂ ਨੇ ਘੇਰੇ ਹੁੰਦੇ ਜਿਵੇਂ ਕਦੀ ਰਾਜੇ ਕਰਿਆ ਕਰਦੇ ਸਨ । ਬਹੁਤ ਸਾਰੇ ਮੁਲਾਜ਼ਮ ਦਫ਼ਤਰਾਂ ਵਿੱਚ ਨਹੀਂ ਵੜਨ ਦਿੰਦੇ ਜਦੋਂ ਕਿ ਦਫ਼ਤਰ ਲੋਕਾਂ ਲਈ ਬਣੇ ਨਾ ਕਿ ਦਫਤਰ ਵਿੱਚ ਬੈਠੇ ਅਧਿਕਾਰੀਆਂ - ਕਰਮਚਾਰੀਆਂ ਦੇ ਮਨਮਰਜ਼ੀ ਦੇ ਹੁਕਮਾਂ ਤੇ ਚਾਪਲੂਸੀ ਲਈ ਜਾਂ ਰਿਸ਼ਵਤਖੋਰੀ ਲਈ।
ਧਾਰਮਿਕ ਸਥਾਨ ਨਹੀਂ ਚੱਲ ਸਕਦੇ ਜੇਕਰ ਤੁਸੀਂ ਅਪਣੀ ਕਮਾਈ ਵਿੱਚੋ ਇਹਨਾਂ ਦਾ ਢਿੱਡ ਨਾ ਭਰੋ ਤੇ ਨਾ ਹੀ ਇਹ ਨੇਤਾ / ਮੁਲਾਜ਼ਮ ਤੁਹਾਨੂੰ ਗੁਲਾਮ ਬਣਾ ਸਕਦੇ ਜੇਕਰ ਤੁਸੀਂ ਅਪਣੇ ਹੱਕਾਂ ਦੀ ਜਾਣਕਾਰੀ ਰੱਖਦੇ ਹੋਵੋ। ਇਸੇ ਲਈ ਕਹਿੰਦੇ “ ਡੁੱਬੀ ਤਾਂ ਤਾਂ ਹੀ ਜੇ ਸਾਹ ਨਹੀਂ ਆਇਆ ।”
ਕੀ ਤੁਸੀਂ ਕਦੀ ਵਿਚਾਰ ਕੀਤਾ ਕਿ ਜੋ ਦਾਦੇ ਪੜਦਾਦੇ ਕਰਦੇ ਆਏ , ਉਸੇ ਤੇ ਹੀ ਮੱਖੀ ਤੇ ਮੱਖੀ ਅਜਾਦ ਭਾਰਤ ਵਿੱਚ ਵੀ ਮਾਰੀ ਜਾਓਗੇ ਕਿ ਖੁੱਲ੍ਹੇ ਮਨ ਨਾਲ ਜ਼ਿੰਮੇਵਾਰੀਆਂ ਤੇ ਅਮਲ ਕਰੋਗੇ ਤੇ ਅਪਣੇ ਹੱਕਾਂ ਦੀ ਰਾਖੀ ਕਰੋਗੇ.