ਖੇਤਾਂ ਵਿੱਚ ਅੱਗ ਨਾਲ ਕਣਕ ਅਤੇ ਨਾੜ ਦਾ ਭਾਰੀ ਨੁਕਸਾਨ
ਭਵਾਨੀਗੜ੍ਹ, ਨੇੜਲੇ ਪਿੰਡ ਦਿਆਲਗੜ੍ਹ ਦੇ ਖੇਤਾਂ ਵਿੱਚ ਮੰਗਲਵਾਰ ਦੇਰ ਸ਼ਾਮ ਅਚਾਨਕ ਅੱਗ ਲੱਗਣ ਕਾਰਨ ਕਿਸਾਨਾਂ ਨੂੰ ਵੱਡਾ ਨੁਕਸਾਨ ਝੱਲਣਾ ਪਿਆ। ਮਿਲੀ ਜਾਣਕਾਰੀ ਮੁਤਾਬਕ ਅੱਗ ਨੇ ਖੜੀ ਕਣਕ ਦੀ ਫਸਲ ਅਤੇ ਨਾੜ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਨਾਲ ਕਈ ਏਕੜ ਜ਼ਮੀਨ ’ਚ ਖੜੀ ਫਸਲ ਸੜ ਕੇ ਸੁਆਹ ਹੋ ਗਈ। ਪਿੰਡ ਵਾਸੀਆਂ ਅਨੁਸਾਰ ਇਹ ਹਾਦਸਾ ਖੇਤਾਂ ਕੋਲੋਂ ਲੰਘ ਰਹੀਆਂ ਬਿਜਲੀ ਲਾਈਨਾਂ ਕਾਰਨ ਵਾਪਰਿਆ ਹੈ। ਅੱਗ ਦੇ ਸ਼ੋਲੇ ਉੱਠਦੇ ਦੇਖ ਕੇ ਇਲਾਕੇ ਵਿੱਚ ਅਫਰਾਤਫਰੀ ਮਚ ਗਈ ਅਤੇ ਲੋਕ ਤੁਰੰਤ ਮੌਕੇ ’ਤੇ ਇਕੱਠੇ ਹੋ ਗਏ। ਸਥਾਨਕ ਲੋਕਾਂ ਨੇ ਆਪਣੇ ਪੱਧਰ ’ਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਅਤੇ ਬਾਅਦ ਵਿੱਚ ਸੂਚਨਾ ਮਿਲਣ ’ਤੇ ਫਾਇਰ ਬ੍ਰਿਗੇਡ ਦੀ ਟੀਮ ਵੀ ਮੌਕੇ ’ਤੇ ਪਹੁੰਚ ਗਈ। ਕਾਫੀ ਮਿਹਨਤ ਮਗਰੋਂ ਅੱਗ ’ਤੇ ਕਾਬੂ ਪਾਇਆ ਗਿਆ, ਪਰ ਇਸ ਦੌਰਾਨ ਫਸਲ ਨੂੰ ਵੱਡਾ ਨੁਕਸਾਨ ਹੋ ਚੁੱਕਾ ਸੀ। ਪੀੜਤ ਕਿਸਾਨਾਂ ਮਨਪ੍ਰੀਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਮ ਦਿਆਲਗੜ੍ਹ ਨੇ ਦੱਸਿਆ ਕਿ ਅੱਗ ਕਾਰਨ ਉਨ੍ਹਾਂ ਦੀ ਮਿਹਨਤ ਦੀ ਕਮਾਈ ਪਲਾਂ ਵਿੱਚ ਸੜ ਗਈ। ਉਸ ਨੇ ਦੱਸਿਆ ਕਿ ਉਸ ਵੱਲੋਂ ਇੱਥੇ ਛੇ ਏਕੜ ਜਮੀਨ ਠੇਕੇ ਉੱਪਰ ਲਈ ਸੀ ਅਤੇ ਕਣਕ ਦੀ ਬਜਾਈ ਕੀਤੀ ਜਿਸ ਵਿੱਚੋਂ ਹੁਣ 3ਏਕੜ ਕਣਕ ਦੀ ਫਸਲ ਸੜ ਕੇ ਸੁਆਹ ਹੋ ਚੁੱਕੀ ਹੈ। ਇਸ ਦੇ ਨਾਲ ਹੀ ਇੱਕ ਹੋਰ ਕਿਸਾਨ ਗਮਦੂਰ ਸਿੰਘ ਪੁੱਤਰ ਨਿਰੰਜਨ ਸਿੰਘ ਵਾਸੀ ਦਿਆਲਗੜ੍ਹ ਦੀ ਦੋ ਏਕੜ ਨਾੜ ਵੀ ਸੜਕੇ ਸਵਾਹ ਹੋ ਗਈ। ਉਨ੍ਹਾਂ ਸਰਕਾਰ ਕੋਲੋਂ ਮੰਗ ਕੀਤੀ ਕਿ ਨੁਕਸਾਨ ਦਾ ਜਾਇਜ਼ ਅੰਦਾਜ਼ਾ ਲਗਾ ਕੇ ਯੋਗ ਮੁਆਵਜ਼ਾ ਦਿੱਤਾ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਨੇ ਮੰਗ ਕੀਤੀ ਕਿ ਖੇਤਾਂ ਦੇ ਨੇੜੇ ਲੰਘ ਰਹੀਆਂ ਬਿਜਲੀ ਲਾਈਨਾਂ ਦੀ ਜਾਂਚ ਕਰਵਾ ਕੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਤੋਂ ਬਚਾਅ ਲਈ ਪੱਕੇ ਉਪਾਅ ਕੀਤੇ ਜਾਣ।