ਮਾਸੂਮ ਧੀਆਂ ਤੇ ਅਪਾਹਜ ਪੁੱਤ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ: ਫਰਾਰ ਵਾਹਨ ਚਾਲਕ ’ਤੇ ਮਾਮਲਾ ਦਰਜ
ਬਰਨਾਲਾ, ਬੀਤੇ ਦਿਨ ਸ਼ਹਿਰ ਦੇ ਤਰਕਸ਼ੀਲ ਚੌਂਕ ਤੋਂ ਸੰਘੇੜਾ ਬਾਈਪਾਸ ਨੂੰ ਜਾਂਦੀ ਸੜਕ `ਤੇ ਸਥਿਤ ਪੱਤੀ ਸੇਖਵਾਂ `ਤੇ ਇਕ ਦਰਦਨਾਕ ਹਾਦਸਾ ਵਾਪਰਿਆ। ਇਕ ਤੇਜ਼ ਰਫ਼ਤਾਰ ਥਾਰ ਗੱਡੀ ਨੇ ਮੋਟਰਸਾਈਕਲ ਸਵਾਰ ਜਗਤਾਰ ਸਿੰਘ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ। ਜਿਸ ਕਾਰਨ ਉਸਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਗੱਡੀ ਚਲਾ ਰਿਹਾ ਨੌਜਵਾਨ ਇਕ ਪਿੰਡ ਦੇ ਸਰਪੰਚ ਦਾ ਪੁੱਤਰ ਹੈ। ਜੋ ਸੱਤਾਧਾਰੀ ਪਾਰਟੀ ਦੇ ਆਗੂ ਦਾ ਨਜ਼ਦੀਕੀ ਦੱਸਿਆ ਜਾ ਰਿਹਾ ਹੈ। ਮ੍ਰਿਤਕ ਦੀ ਪਤਨੀ ਅਨੁਸਾਰ ਉਹ ਤੇ ਉਸਦਾ ਪਤੀ ਬਾਜ਼ਾਰ ਜਾ ਰਹੇ ਸਨ। ਟ੍ਰੈਫਿਕ ਜ਼ਿਆਦਾ ਹੋਣ ਕਾਰਨ ਜਗਤਾਰ ਸਿੰਘ ਨੇ ਮੋਟਰਸਾਈਕਲ ਸੜਕ ਦੇ ਕਿਨਾਰੇ ਕੱਚੀ ਥਾਂ `ਤੇ ਰੋਕ ਲਿਆ। ਇਸੇ ਦੌਰਾਨ ਤਰਕਸ਼ੀਲ ਚੌਂਕ ਵਲੋਂ ਆ ਰਹੀ ਤੇਜ਼ ਰਫ਼ਤਾਰ ਥਾਰ ਨੇ ਉਨ੍ਹਾਂ ਨੂੰ ਜ਼ੋਰਦਾਰ ਟੱਕਰ ਮਾਰੀ ਤੇ ਜਗਤਾਰ ਸਿੰਘ ਨੂੰ ਕਾਫੀ ਦੂਰ ਤਕ ਘਸੀੜ ਕੇ ਲੈ ਗਈ। ਚਸ਼ਮਦੀਦਾਂ ਅਨੁਸਾਰ ਡਰਾਈਵਰ ਨੇ ਗੱਡੀ ’ਚੋਂ ਉਤਰ ਕੇ ਆਪਣੀ ਪਛਾਣ ਸਰਪੰਚ ਦੇ ਪੁੱਤਰ ਵਜੋਂ ਦੱਸੀ ਤੇ ਮਦਦ ਦਾ ਬਹਾਨਾ ਲਗਾ ਕੇ ਮੌਕੇ ਤੋਂ ਫਰਾਰ ਹੋ ਗਿਆ। ਹਸਪਤਾਲ ਲਿਜਾਣ `ਤੇ ਡਾਕਟਰਾਂ ਨੇ ਜਗਤਾਰ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਪਰਿਵਾਰ ਦੇ ਸਖ਼ਤ ਰੁਖ਼ ਤੋਂ ਬਾਅਦ ਪੁਲਿਸ ਨੇ ਧਰਮਵੀਰ ਸਿੰਘ ਖ਼ਿਲਾਫ਼ ਲੰਘੀ 13 ਅਪ੍ਰੈਲ ਨੂੰ ਐਫਆਈਆਰ ਨੰਬਰ 163 ਬੀਐੱਨਐੱਸ ਦੀਆਂ ਧਾਰਾਵਾਂ 106, 271 ਤੇ 324 ਤਹਿਤ ਮਾਮਲਾ ਤਾਂ ਦਰਜ ਹੋ ਗਿਆ ਹੈ। ਪਰ ਪਰਿਵਾਰ ਦਾ ਦੋਸ਼ ਹੈ ਕਿ ਪੁਲਿਸ ਸਿਆਸੀ ਦਬਾਅ ਹੇਠ ਉਨ੍ਹਾਂ `ਤੇ ਸਮਝੌਤਾ ਕਰਨ ਲਈ ਜ਼ੋਰ ਪਾ ਰਹੀ ਹੈ। ਕੀ ਗਰੀਬ ਪਰਿਵਾਰ ਨੂੰ ਮਿਲ ਸਕੇਗਾ ਇਨਸਾਫ਼ ਮ੍ਰਿਤਕ ਜਗਤਾਰ ਸਿੰਘ ਆਪਣੇ ਪਰਿਵਾਰ ਦਾ ਇਕੋ-ਇਕ ਸਹਾਰਾ ਸੀ। ਉਹ ਸਕੂਲ ਵੈਨ ਚਲਾ ਕੇ ਤੇ ਸ਼ਾਮ ਨੂੰ ਨੌਕਰੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਸੀ। ਉਸਦੇ ਪਿੱਛੇ ਦੋ ਬੇਟੀਆਂ ਤੇ ਇਕ ਅਪਾਹਜ ਬੇਟਾ ਰਹਿ ਗਏ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਕੀ ਪ੍ਰਸ਼ਾਸਨ ਇਸ ਗਰੀਬ ਪਰਿਵਾਰ ਨੂੰ ਇਨਸਾਫ਼ ਦਿਵਾਉਂਦਾ ਹੈ ਜਾਂ ਸਿਆਸੀ ਪਹੁੰਚ ਹਾਦਸੇ ਦੇ ਜ਼ਿੰਮੇਵਾਰ ਨੂੰ ਬਚਾ ਲਵੇਗੀ।