ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸਾਖੀ ਦਾ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਗਿਆ ।
ਸ੍ਰੀ ਅਨੰਦਪੁਰ ਸਾਹਿਬ-14 ਅਪ੍ਰੈਲ
ਭੰਗਾਣੀ ਦਾ ਯੁੱਧ ਜਿੱਤਣ ਤੋ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਏ। ਇੱਥੇ ਪਾਣੀ ਦੀ ਕਿੱਲਤ ਹੋਣ ਕਾਰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਬਾਉਲੀ ਦਾ ਨਿਰਮਾਣ ਕੀਤਾ। ਜੋ ਕਿ ਕਿਲ੍ਹਾ ਅਨੰਦਗੜ੍ਹ ਸਾਹਿਬ ਵਿੱਚ ਸਥਿਤ ਹੈ। ਜਿਸ ਵਿੱਚ ਸਾਰੀਆਂ ਸੰਗਤਾਂ ਜਲ ਦੀ ਚੂਲੀ ਛੱਕ ਕੇ ਆਪਣੇ ਜੀਵਨ ਨੂੰ ਪਵਿੱਤਰ ਬਣਾਉਂਦੀਆਂ ਹਨ। ਸ੍ਰੀ ਅਨੰਦਪੁਰ ਸਾਹਿਬ ਵਿੱਚ ਮਾਹਰਾਜ ਨੇ ਪੰਜ ਕਿਲ੍ਹਿਆ ਦਾ ਨਿਰਮਾਣ ਕੀਤਾ, ਕਿਲ੍ਹਾ ਅਨੰਦਗੜ੍ਹ ਸਾਹਿਬ, ਕਿਲ੍ਹਾ ਤਾਰਾਗੜ੍ਹ ਸਾਹਿਬ, ਕਿਲ੍ਹਾ ਫਤਿਹਗੜ੍ਹ ਸਾਹਿਬ, ਕਿਲ੍ਹਾ ਹੋਲਗੜ੍ਹ ਸਾਹਿਬ, ਕਿਲ੍ਹਾ ਲੋਹਗੜ੍ਹ ਸਾਹਿਬ। ਕਿਲਾ ਲੋਹਗੜ੍ਹ ਸਾਹਿਬ ਵਿਖੇ ਭਾਈ ਬਚਿੱਤਰ ਸਿੰਘ ਦਾ ਮਸਤ ਹਾਥੀ ਨਾਲ ਮੁਕਾਬਲਾ ਹੋਇਆ ਸੀ।ਮਹਾਰਾਜ ਦੇ ਤਿੰਨ ਪੁੱਤਰਾਂ ਦਾ ਜਨਮ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੋਇਆ। ਜਿੱਥੇ ਅੱਜ ਗੁਰਦੁਆਰਾ ਸ੍ਰੀ ਭੋਰਾ ਸਾਹਿਬ ਸਥਿਤ ਹੈ। ਗੁਰੂ ਸਾਹਿਬ ਦੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸੀਸ ਦਾ ਸੰਸਕਾਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਇਆ। ਜਿੱਥੇ ਅੱਜ ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ ਸੁਸ਼ੋਭਿਤ ਹੈ। ਗੁਰੂ ਸਾਹਿਬ ਨੇ ਸੰਗਤਾਂ ਦੇ ਭਲੇ ਲਈ ਹੁਕਮਨਾਮੇ ਜਾਰੀ ਕਰਕੇ ਸੰਗਤਾਂ ਨੂੰ ਸ੍ਰੀ ਅਨੰਦਪੁਰ ਸਾਹਿਬ ਇਕੱਠੇ ਹੋਣ ਲਈ ਕਿਹਾ। ਦੂਰੋਂ- ਦੂਰੋਂ ਸੰਗਤਾਂ ਦੇ ਇਕੱਠ ਲਈ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੰਡਾਲ ਲਾਇਆ ਹੋਇਆ ਸੀ ਜਿੱਥੇ ਅੱਜ ਗੁਰਦੁਆਰਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਸਥਿਤ ਹੈ। ਗੁਰੂ ਮਾਹਰਾਜ ਨੇ ਆਪਣੀ ਤਲਵਾਰ ਮਿਆਨ ਵਿੱਚੋ ਕੱਢ ਕੇ ਕਿਹਾ ਕਿ ਮੈਨੂੰ ਇੱਕ ਸਿੱਖ ਦੇ ਸਿਰ ਦੀ ਲੋੜ ਹੈ। ਇਸ ਤਰ੍ਹਾ ਇੱਕ ਇੱਕ ਕਰਕੇ ਪੰਜ ਸਿੰਘਾਂ ਦੇ ਸਿਰਾਂ ਨੂੰ ਇੱਕਠੇ ਕਰਕੇ ਜਿਹਨਾਂ ਵਿੱਚ ਭਾਈ ਦਿਆ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ ਅਤੇ ਭਾਈ ਸਾਹਿਬ ਸਿੰਘ ਇਹਨਾਂ ਪੰਜਾ ਨੂੰ ਅੰਮਿਤ ਛਕਾ ਕੇ ਸੁਰਜੀਤ ਕੀਤਾ। ਇਹਨਾਂ ਨੂੰ ਪੰਜ ਪਿਆਰਿਆ ਦਾ ਦਰਜਾ ਦਿੱਤਾ। ਅਤੇ ਫਿਰ ਇਹਨਾਂ ਪੰਜਾਂ ਤੋਂ ਆਪ ਅੰਮ੍ਰਿਤ ਛੱਕ ਕੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣੇ। "ਵਾਹ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਇਕੇਲਾ।। ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ"।।