logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਪੈਸਾ ਕਮਾਉਣ ਵਿੱਚ ਇੰਨੇ ਲੱਗ ਜਾਂਦੇ ਹਾਂ ਕਿ ਖੁਸ਼ੀ ਮਾਣਨ ਦਾ ਸਮਾਂ ਹੀ ਨਹੀਂ

ਜੀਵਨ ਸਫ਼ਰ ਦੀ ਸ਼ੁਰੂਆਤ ਤੇ ਅੰਤ ਦੀ ਸਭ ਤੋਂ ਖੂਬਸੂਰਤ ਗੱਲ ਇਹ ਹੈ ਕਿ ਨਾ ਆਉਣ ਵੇਲੇ ਕੋਈ ਟਿਕਟ ਲੱਗਦੀ ਹੈ, ਨਾ ਜਾਣ ਵੇਲੇ। ਇਹ ਦੋਵੇਂ ਪਾਸਿਓਂ ਬਿਲਕੁਲ ਮੁਫ਼ਤ ਹੈ, ਬਾਕੀ ਦੇ ਸਭ ਸਫ਼ਰਾਂ ਦੀ ਸਾਨੂੰ ਕੋਈ ਨਾ ਕੋਈ ਕੀਮਤ ਅਦਾ ਕਰਨੀ ਹੀ ਪੈਂਦੀ ਹੈ। ਜੀਵਨ ਦਾ ਕਿੰਨਾ ਸੋਹਣਾ ਸਮਾਂ ਅੱਜ ਸਾਡੇ ਹੱਥ ਵਿੱਚ ਹੈ। ਇਹੋ ਪਲ ਅਸਲ ਪੂੰਜੀ ਹਨ, ਇਹੋ ਅਸਲ ਦੌਲਤ ਹੈ ਕਿ ਅਸੀਂ ਖ਼ੂਬਸੂਰਤ ਸੰਸਾਰ ਤੇ ਬ੍ਰਹਿਮੰਡ ਦਾ ਹਿੱਸਾ ਹਾਂ। ਪਰ ਅਸੀਂ ਜੀਵਨ ਨੂੰ ਸਮਝਣ ਦੀ ਬਜਾਏ, ਅਕਸਰ ਗੁਆ ਬੈਠਦੇ ਹਾਂ। ਜੀਵਨ ਦਾ “ਮੁਫ਼ਤ” ਹੋਣਾ, ਜ਼ਿੰਦਗੀ ਦੀ ਕਦਰ ਘਟਾਉਂਦਾ ਨਹੀਂ, ਸਗੋਂ ਸਾਨੂੰ ਇਸ ਦੀ ਮਹਾਨਤਾ ਸਮਝਣ ਲਈ ਮਜਬੂਰ ਕਰਦਾ ਹੈ। ਕੁਦਰਤ ਨੇ ਸਾਨੂੰ ਬਿਨਾਂ ਕੀਮਤ ਦੇ ਬਹੁਤ ਕੁਝ ਦਿੱਤਾ ਜਿਵੇਂ ਪੌਣ-ਪਾਣੀ, ਧਰਤੀ, ਸਾਹ, ਸਰੀਰ, ਅਹਿਸਾਸ, ਪਿਆਰ ਕਰਨ ਦੀ ਸਮਰਥਾ, ਸੋਚਣ ਦੀ ਆਜ਼ਾਦੀ। ਪਰ ਅਸੀਂ ਇਨ੍ਹਾਂ ਮੁਫ਼ਤ ਦੇ ਤੋਹਫ਼ਿਆਂ ਨੂੰ ਵੀ ਹਿਸਾਬ-ਕਿਤਾਬ ਵਿੱਚ ਤੋਲਣਾ ਸ਼ੁਰੂ ਕਰ ਦਿੰਦੇ ਹਾਂ। ਅਸੀਂ ਜਦੋਂ ਸੰਸਾਰ ‘ਤੇ ਆਉਂਦੇ ਹਾਂ, ਸਾਡਾ ਦਿਲ ਸਾਫ਼ ਹੁੰਦਾ ਹੈ, ਨਾ ਕਿਸੇ ਨਾਲ ਦੌੜ, ਨਾ ਕਿਸੇ ਨਾਲ ਤੁਲਨਾ। ਪਰ ਜਿਵੇਂ ਜਿਵੇਂ ਅਸੀਂ ਕੁਦਰਤ ਦੀਆਂ ਰਹਿਮਤਾਂ ਸਦਕਾ ਵੱਧਦੇ ਫੁੱਲਦੇ ਹਾਂ, ਅਸੀਂ ਆਪਣੇ ਆਪ ਨੂੰ ਹੀ ਗੁਆ ਬੈਠਦੇ ਹਾਂ। ਅਸੀਂ ਅਕਸਰ ਉਹ ਬਣਨ ਦੀ ਗ਼ਲਤੀ ਕਰਦੇ ਹਾਂ ਜੋ ਦੁਨੀਆ ਚਾਹੁੰਦੀ ਹੈ, ਨਾ ਕਿ ਜੋ ਅਸੀਂ ਅਸਲ ਵਿੱਚ ਹਾਂ। ਇਹੀ ਸਭ ਤੋਂ ਵੱਡਾ ਨੁਕਸਾਨ ਹੈ ਕਿ ਅਸੀਂ ਜੀਵਨ ਤਾਂ ਬਰਬਾਦ ਕਰਦੇ ਹੀ ਹਾਂ, ਸਗੋਂ ਖੁਦ ਨੂੰ ਵੀ ਗੁਆ ਬੈਠਦੇ ਹਾਂ। ਜੀਵਨ ਸਫ਼ਰ ਹੈ, ਪੱਕਾ ਟਿਕਾਣਾ ਨਹੀਂ, ਇਸਦਾ ਹਰ ਪਲ ਇੱਕ ਨਜ਼ਾਰਾ ਹੈ। ਕੁਝ ਨਜ਼ਾਰੇ ਸਾਨੂੰ ਸੋਹਣੇ ਲੱਗਦੇ ਨੇ, ਕੁਝ ਔਖੇ, ਪਰ ਹਨ ਦੋਵੇਂ ਹੀ ਬਹੁਤ ਜ਼ਰੂਰੀ। ਜੇ ਸਿਰਫ਼ ਖੁਸ਼ੀਆਂ ਹੀ ਹੁੰਦੀਆਂ, ਤਾਂ ਅਸੀਂ ਕਦਰ ਕਰਨੀ ਨਾ ਸਿੱਖਦੇ। ਜੇ ਸਿਰਫ਼ ਦੁੱਖ ਹੀ ਹੁੰਦੇ, ਤਾਂ ਜੀਣ ਦਾ ਮਕਸਦ ਹੀ ਖ਼ਤਮ ਹੋ ਜਾਂਦਾ। ਜੀਵਨ ਦਾ ਅਸਲ ਰੰਗ ਇਹਨਾਂ ਦੋਹਾਂ ਦੇ ਸੰਜੋਗ ਵਿੱਚ ਹੈ। ਦੂਸਰੀ ਗ਼ਲਤੀ ਅਸੀਂ ਅਕਸਰ ਭਵਿੱਖ ਦੇ ਚੱਕਰ ਵਿੱਚ ਵਰਤਮਾਨ ਨੂੰ ਕੁਰਬਾਨ ਕਰ ਦਿੰਦੇ ਹਾਂ। “ਕੱਲ੍ਹ ਚੰਗਾ ਹੋਵੇਗਾ” ਦੇ ਇੰਤਜ਼ਾਰ ਵਿੱਚ “ਅੱਜ” ਨੂੰ ਬੇ-ਮਤਲਬ ਬਣਾ ਲੈਂਦੇ ਹਾਂ। ਪਰ ਸੱਚ ਇਹ ਹੈ ਕਿ ਕੱਲ੍ਹ ਕਦੇ ਨਹੀਂ ਆਉਂਦਾ, ਜਦੋਂ ਆਉਂਦਾ ਹੈ, ਉਹ ਵੀ ਅੱਜ ਬਣ ਕੇ ਆਉਂਦਾ ਹੈ। ਜੀਵਨ ਹਮੇਸ਼ਾਂ ਵਰਤਮਾਨ ਵਿੱਚ ਹੀ ਜਿਉਂਦਾ ਹੈ। ਅਸੀਂ ਪੈਸਾ ਕਮਾਉਣ ਵਿੱਚ ਇੰਨੇ ਲੱਗ ਜਾਂਦੇ ਹਾਂ ਕਿ ਖੁਸ਼ੀ ਮਾਣਨ ਦਾ ਸਮਾਂ ਹੀ ਨਹੀਂ ਬਚਦਾ। ਅਸੀਂ ਰਿਸ਼ਤੇ ਬਣਾਉਂਦੇ ਹਾਂ, ਪਰ ਉਹਨਾਂ ਨੂੰ ਨਿਭਾਉਣ ਲਈ ਸਮਾਂ ਨਹੀਂ ਕੱਢਦੇ। ਅਸੀਂ ਆਪਣੇ ਲਈ ਮਕਾਨ ਬਣਾਉਂਦੇ ਹਾਂ, ਪਰ ਉਸ ਵਿੱਚ ਵੱਸਣ ਵਾਲਾ ਸਕੂਨ ਖੋ ਬੈਠਦੇ ਹਾਂ। ਅਸੀਂ ਲਗਾਤਾਰ ਦੌੜ ਰਹੇ ਹਾਂ, ਪਰ ਕਿੱਥੇ ਪਹੁੰਚਣਾ ਹੈ, ਇਹੀ ਸਾਨੂੰ ਪਤਾ ਨਹੀਂ, ਇਹ ਸਫ਼ਰ ਮੁਕਾਬਲੇ ਲਈ ਨਹੀਂ, ਰਾਹੀਆਂ ਦੇ ਅਹਿਸਾਸ ਸਮਝਣ ਲਈ ਮਿਲਿਆ ਹੈ। ਜੀਵਨ ਦੀ ਅਸਲ ਅਹਿਮੀਅਤ ਇਸ ਗੱਲ ਵਿੱਚ ਨਹੀਂ ਕਿ ਅਸੀਂ ਕਿੰਨਾ ਕੁ ਹਾਸਿਲ ਕੀਤਾ, ਸਗੋਂ ਇਸ ਵਿੱਚ ਹੈ ਕਿ ਅਸੀਂ ਕਿੰਨਾ ਕੁ ਮਹਿਸੂਸ ਕੀਤਾ।
ਕੀ ਅਸੀਂ ਕਿਸੇ ਦਾ ਦਰਦ ਸਮਝਿਆ, ਕੀ ਅਸੀਂ ਕਿਸੇ ਨੂੰ ਸੱਚਾ ਪਿਆਰ ਕੀਤਾ ਜਾਂ ਦਿੱਤਾ, ਕੀ ਅਸੀਂ ਆਪਣੇ ਆਪ ਨਾਲ ਇੱਕੱਲੇ ਬੈਠ ਕੇ ਆਪਣੇ ਦਿਲ ਦੀ ਆਵਾਜ਼ ਕਦੇ ਸੁਣੀ, ਜੇ ਇਹ ਸਭ ਨਹੀਂ ਕੀਤਾ, ਤਾਂ ਫਿਰ ਸਫ਼ਰ ਅਧੂਰਾ ਹੈ! ਜੀਵਨ ਕਿਤਾਬ ਵਰਗਾ ਹੈ, ਹਰ ਦਿਨ ਇੱਕ ਨਵਾਂ ਸਫ਼ਾ। ਪਰ ਅਸੀਂ ਅਕਸਰ ਪੁਰਾਣੇ ਸਫ਼ਿਆਂ ਨੂੰ ਹੀ ਵਾਰ-ਵਾਰ ਪੜ੍ਹਦੇ ਰਹਿੰਦੇ ਹਾਂ, ਪਛਤਾਵੇ, ਗ਼ਲਤੀਆਂ, ਯਾਦਾਂ। ਇਸ ਕਰਕੇ ਨਵਾਂ ਸਫ਼ਾ ਖੁਲ੍ਹਦਾ ਹੀ ਨਹੀਂ। ਸਾਨੂੰ ਛੱਡਣਾ ਵੀ ਸਿੱਖਣਾ ਪਵੇਗਾ… ਪੁਰਾਣੀਆਂ ਗੱਲਾਂ ਨੂੰ, ਬੇਕਾਰ ਦੀਆਂ ਚਿੰਤਾਵਾਂ ਨੂੰ ਤੇ ਉਹ ਰਿਸ਼ਤੇ ਜੋ ਸਿਰਫ਼ ਦਰਦ ਦਿੰਦੇ ਹਨ। ਕਿਉਂਕਿ ਜਗ੍ਹਾ ਖਾਲੀ ਹੋਵੇਗੀ ਤਾਂ ਖੁਸ਼ੀਆਂ ਆਉਣਗੀਆਂ, ਅਗਲੀ ਗੱਲ, ਮੌਤ ਸਭ ਲਈ ਸੱਚ ਹੈ, ਜਿਸ ਨੂੰ ਅਸੀਂ ਟਾਲ ਨਹੀਂ ਸਕਦੇ। ਪਰ ਇਸ ਦੇ ਡਰ ਵਿੱਚ ਜੀਣਾ ਵੀ ਬੇ-ਮਤਲਬ ਹੈ। ਮੌਤ ਅਹਿਸਾਸ ਸਾਨੂੰ ਇਹ ਸਿਖਾਉਂਦਾ ਹੈ ਕਿ ਸਮਾਂ ਬਹੁਤ ਸੀਮਤ ਹੈ, ਇਸ ਲਈ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਜਿਉਂ ਕੇ ਜਾਓ ਸੱਜਣ ਜੀ। ਮਿਲਿਆ ਸਮਾਂ ਕਿਉਂ ਨਾ ਰੂਹ ਨਾਲ ਜੀ ਲਈਏ, ਕਿਉਂ ਨਾ ਅਸੀਂ ਆਪਣੇ ਆਪ ਨੂੰ ਲੱਭੀਏ, ਕਿਉਂ ਨਾ ਅਸੀਂ ਆਪਣੇ ਦਿਲ ਦੀ ਸੁਣੀਏ, ਕਿਉਂ ਨਾ ਅਸੀਂ ਹਰ ਪਲ ਨੂੰ ਇੱਕ ਤੋਹਫ਼ਾ ਸਮਝੀਏ, ਜੀਵਨ ਨੂੰ ਸਮਝਣਾ ਐਨਾ ਔਖਾ ਨਹੀਂ, ਜਿੰਨਾ ਸਾਦਗੀ ਨਾਲ ਜੀਣਾ ਔਖਾ ਹੈ। ਜੇ ਅਸੀਂ ਸਾਦਗੀ ਸਿੱਖ ਲਈ, ਤਾਂ ਹਰ ਦਿਨ ਤਿਉਹਾਰ ਬਣ ਸਕਦਾ ਹੈ, ਹਰ ਪਲ ਇਕ ਨਜ਼ਾਰਾ ਬਣ ਸਕਦਾ ਹੈ, ਤੇ ਹਰ ਸਾਹ ਇੱਕ ਸ਼ੁਕਰਾਨਾ ਬਣ ਸਕਦਾ ਹੈ।ਮੁਫ਼ਤ ਮਿਲੇ ਇਸ ਜੀਵਨ ਨੂੰ ਸਸਤਾ ਨਾ ਸਮਝੀਏ, ਇਹ ਸਭ ਤੋਂ ਅਨਮੋਲ ਚੀਜ਼ ਹੈ। ਇਸ ਨੂੰ ਸਿਰਫ਼ ਕੱਟੀਏ ਨਾ, ਸਗੋਂ ਜੀ ਭਰ ਮਾਣੀਏ, ਮਹਿਸੂਸ ਕਰੀਏ ਤੇ ਕੁਦਰਤ ਦੀਆਂ ਰੂਹਾਂ ਨਾਲ ਰੁਹਾਨੀਅਤ ਦੇ ਨਜ਼ਾਰੇ ਲੁੱਟੀਏ ਕਿਉਂਕਿ ਆਹ ਸ਼ਾਹੀ ਜ਼ਿੰਦਗੀ ਪਹਿਲਾਂ ਤੇ ਆਖਰੀ ਮੌਕਾ ਹੈ ਮੁੜ ਨਹੀਂ ਮਿਲੇਗਾ। ਪਿਆਰ, ਮੁਹੱਬਤ ਤੇ ਪ੍ਰੇਮ ਕਰੀਏ, ਜਿੱਥੇ ਪਿਆਰ ਹੁੰਦਾ ਹੈ, ਉੱਥੇ ਦਰਦ ਵੀ ਹੌਲਾ ਲੱਗਦਾ ਹੈ, ਮੁਸ਼ਕਲਾਂ ਵੀ ਆਸਾਨ ਹੋ ਜਾਂਦੀਆਂ ਨੇ ਤੇ ਇਕੱਲਾਪਣ ਵੀ ਦੂਰ ਹੋ ਜਾਂਦਾ ਹੈ। ਪਿਆਰ ਸਾਨੂੰ ਨਿਮਰ ਬਣਾਉਂਦਾ ਹੈ,ਸਬਰ ਸਿਖਾਉਂਦਾ ਹੈ, ਤੇ ਸਾਡੇ ਅੰਦਰ ਦੂਜਿਆਂ ਲਈ ਜਿਉਣ ਦੀ ਸੋਚ ਪੈਂਦਾ ਕਰਦਾ ਹੈ। ਪਿਆਰ ਬਿਨਾਂ ਜੀਵਨ ਸੁੱਕੇ ਦਰੱਖਤ ਵਾਂਗ ਹੈ, ਜੋ ਖੜ੍ਹਾ ਤਾਂ ਹੁੰਦਾ ਹੈ, ਪਰ ਖਿੜਦਾ ਨਹੀਂ। ਪਿਆਰ ਜੀਵਨ ਨੂੰ ਮਕਸਦ ਦਿੰਦਾ ਹੈ, ਰੰਗ ਦਿੰਦਾ ਹੈ ਤੇ ਰੂਹ ਨੂੰ ਸਕੂਨ ਦਿੰਦਾ ਹੈ, ਅਸੀਂ ਉਦਾਸੇ ਮੌਸਮਾਂ ਵਿੱਚ ਵੀ ਖਿੜੇ ਰਹਿੰਦੇ ਹਾਂ।

2
67 views

Comment