ਪੰਜਾਬ ਵਸੇਗਾ ਕੰਮ ਦੇ ਨਾਲ । ਜੈ ਕਿਰਤ
ਵਿਕਾਸ ਦੇ ਪੈਮਾਨੇ !
ਪਰਿਵਾਰ ਵਿਚ ਵਿਆਹ ਹੋਣ ਤੋਂ ਬਾਅਦ ਬੱਚੇ ਜੰਮਣਾ ਇਕ ਸੁਭਾਵਿਕ ਪ੍ਰਕਿਰਿਆ ਹੈ ਜਿਸ ਵਿੱਚ ਕਿਸੇ ਖਾਸ ਕਾਬਲੀਅਤ ਦੀ ਜ਼ਰੂਰਤ ਨਹੀਂ ਹੁੰਦੀ । ਪਰ ਚੰਗੇ ਪਰਿਵਾਰ ਦੀ ਨਿਸ਼ਾਨੀ ਹੁੰਦੀ ਕਿ ਬੱਚਿਆਂ ਨੂੰ ਕਿੰਨੇ ਚੰਗੇ ਢੰਗ ਨਾਲ ਪਾਲਣ ਪੋਸ਼ਣ ਕੀਤਾ । ਇਸੇ ਤਰ੍ਹਾਂ ਚੰਗੀ ਸਰਕਾਰ ਦੀ ਨਿਸ਼ਾਨੀ ਕਿ ਉਸ ਨੇ ਵਿਕਾਸ ਦੇ ਪੈਮਾਨਿਆਂ ਤੇ ਕਿੰਨੀ ਚੰਗੀ ਕਾਰਗੁਜ਼ਾਰੀ ਕੀਤੀ ।
ਵਿਕਾਸ ਦੇ ਪੈਮਾਨੇ ਹੁੰਦੇ —
ਸਿਹਤ, ਸਿੱਖਿਆ, ਕਨੂੰਨ ਅਵਸਥਾ
ਗਰੀਬੀ ਘਟਾਉਣੀ, ਸਮਾਜਿਕ ਭਾਈਚਾਰਾ !
ਉਪਰੋਕਤ ਦੇਸ਼ ਦੇ ਵਿਕਾਸ ਦੇ ਪੈਮਾਨੇ ਹਨ , ਜਿਸ ਦੇ ਅਧਾਰ ਤੇ ਉਸ ਦੇਸ਼ ਦੀ ਤਰੱਕੀ ਨੂੰ ਮਾਪਿਆ ਜਾਂਦਾ ਤੇ ਉਹ ਵੀ ਅੰਕੜਿਆਂ ਨਾਲ , ਨਾ ਕੇ ਨੇਤਾਵਾਂ ਦੇ ਬਿਆਨ ਜਾਂ ਅਖ਼ਬਾਰੀ ਖ਼ਬਰਾਂ ਨਾਲ ।ਤੁਸੀਂ ਦੇਖਿਆ ਹੋਣਾ ਕਿ ਜੋ ਰਿਕਾਰਡ ਬੋਲਦਾ ਤੇ ਜੋ ਆਡਿਟ ਹੁੰਦਾ , ਉਸ ਵਿੱਚ ਕਈ ਵਾਰ ਵੱਡਾ ਫਰਕ ਹੁੰਦਾ ਕਿਉਕਿ ਆਡਿਟ ਅੰਕੜੇ/ ਸਬੂਤ ਮੰਗਦਾ ਜਦੋਂ ਕਿ ਦਫ਼ਤਰ / ਸਿਆਸਤ ਅੰਕੜਿਆਂ ਦਾ ਵੱਡਾ ਹੇਰ ਫੇਰ ਕਰਦੇ।ਜੇਕਰ ਪੰਜਾਬ ਵਿੱਚ ਵਿਕਾਸ ਦੇ ਪੈਮਾਨਿਆਂ ਦੀ ਗੱਲ ਕਰੀਏ ਤਾਂ ਬਹੁਤੇ ਥਾਵਾਂ ਤੇ ਪੰਜਾਬ ਪਿੱਛੇ ਨੂੰ ਗਿਆ ਲੱਗਦਾ , ਨਾ ਕਿ ਅੱਗੇ ਨੂੰ ।ਹੇਠਾਂ ਜੋ ਲਿਖਿਆ ਇਹ ਕਿਸੇ ਖਾਸ ਪਾਰਟੀ ਲਈ ਨਹੀਂ ਸਗੋਂ ਸਾਰੀਆਂ ਪਾਰਟੀਆਂ ਇਸੇ ਤਰ੍ਹਾਂ ਕਰਦੀਆਂ ਆ ਰਹੀਆਂ, ਥੋੜੇ ਬਹੁਤੇ ਫਰਕ ਨਾਲ ।
ਸਿਹਤ ਦੇ ਖੇਤਰ ਵਿੱਚ ਲੋਕਾਂ ਨੂੰ ਬਿਮਾਰੀਆਂ ਠੀਕ ਕਰਨ ਦੀਆਂ ਸਹੂਲਤਾਂ ਦੇ ਝੂਠੇ ਸੱਚੇ ਪ੍ਰਬੰਧਾਂ ਦੇ ਝਾਂਸੇ ਤੇ ਲਾ ਦਿੱਤੇ ਨਾ ਕਿ ਸਿਹਤ ਅਤੇ ਤੰਦਰੁਸਤੀ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ।
ਸਿਖਿਆ ਦੇ ਖੇਤਰ ਵਿੱਚ ਬੱਚਿਆਂ ਨੂੰ ਉੱਚ ਸਿੱਖਿਆ ਦੀਆਂ ਸਹੂਲਤਾਂ ਦੇ ਝਾਂਸੇ ਵਿੱਚ ਵਰਗਲਾਇਆ ਜਾ ਰਿਹਾ, ਨਾ ਕਿ ਬੱਚਿਆਂ ਦੀ ਮੁਢਲੀ ਸਿੱਖਿਆ ਅਤੇ ਰੁਜ਼ਗਾਰ ਦੇਣ ਦਾ ਪ੍ਰਬੰਧ ਕੀਤਾ ਜਾ ਰਿਹਾ ।
ਕਨੂੰਨ ਅਵਸਥਾ ਵਿਚ ਬਹੁਤੀ ਪੁਲਿਸ ਨੂੰ ਨੇਤਾਵਾਂ ਦੀ ਨਿੱਜੀ ਸੁਰੱਖਿਆ ਤੇ ਲਾ ਰੱਖਿਆ ਨਾ ਕਿ ਥਾਣਿਆਂ ਵਿੱਚ ਲੋਕਾਂ ਦੀਆਂ ਸਮੱਸਿਆਵਾਂ/ ਸ਼ਿਕਾਇਤਾਂ ਨੂੰ ਹੱਲ ਕਰਨ ਨੂੰ ਪ੍ਰਾਥਮਿਕਤਾ ਤੇ ਜ਼ੋਰ ਦਿੱਤਾ ਜਾ ਰਿਹਾ ।
ਗਰੀਬਾਂ ਨੂੰ ਮੁਫ਼ਤ ਦੇ ਟੁਕੜਿਆਂ ਤੇ ਲਾ ਦਿੱਤਾ ਨਾ ਕਿ ਉਹਨਾਂ ਨੂੰ ਰੁਜ਼ਗਾਰ ਦੇ ਕੇ ਸਦਾ ਲਈ ਆਤਮ ਨਿਰਭਰ ਕੀਤਾ ਜਾ ਰਿਹਾ ।
ਸਮਾਜ ਨੂੰ ਜਾਤਾਂ ਧਰਮਾਂ ਵਿਚ ਵੰਡ ਕੇ ਵੋਟਾਂ ਬਟੋਰੀਆਂ ਜਾ ਰਹੀਆਂ ਨਾ ਕਿ ਸਮਾਜ ਨੂੰ ਇਕਜੁੜਤਾ ਕਰਕੇ ਸੁੱਖ ਸ਼ਾਂਤੀ ਨਾਲ ਰਹਿਣ ਲਈ ਪ੍ਰੇਰਿਤ ਕੀਤਾ ਜਾ ਰਿਹਾ ।ਪਰ ਪੰਜਾਬ ਦੇ ਗਦਾਰ ਜੋ ਸਰਕਾਰਾਂ ਦੇ ਨਿੱਤ ਗੀਤ ਗਾ ਰਹੇ ਉਹ ਅਪਣੇ ਅੰਦਰ ਝਾਤੀ ਮਾਰ ਕੇ ਸਬੂਤਾਂ ਸਮੇਤ ਜਵਾਬ ਦੇਣ ਜਾਂ ਫਿਰ ਸੱਚ ਨੂੰ ਸੱਚ ਕਹਿਣ ਦੀ ਹਿੰਮਤ ਕਰਨ ਅਤੇ ਅੱਗੇ ਲਈ ਕੰਮ ਕਰਨ ਵਾਲੇ ਨੇਤਾ ਚੁਣਨ।
ਅਸੀਂ ਪੰਜਾਬ ਦੀ ਬਰਬਾਦੀ ਲਈ ਬਾਹਰਲਿਆਂ ਨੂੰ ਦੋਸ਼ੀ ਕਹਿ ਰਹੇ , ਜ਼ਰਾ ਅਪਣੀ ਮੰਜੀ ਥੱਲੇ ਸੋਟਾ ਵੀ ਫੇਰ ਲਈਏ ਤੇ ਰੋਜ਼ਾਨਾ ਦੀਆਂ ਝੂਠੀਆਂ ਪੋਸਟਾਂ ਬੰਦ ਕਰੀਏ ।
ਪੰਜਾਬ ਸਾਡਾ , ਸੱਚ ਸਾਨੂੰ ਬੋਲਣਾ ਪੈਣਾ ।