ਪਿੰਡ ਲਹਿਰੀ ਦੀ ਧੀ ਜਸ਼ਨਪ੍ਰੀਤ ਕੌਰ ਨੇ ਰਾਸ਼ਟਰੀ ਪੱਧਰ ‘ਤੇ ਕਾਂਸੀ ਪਦਕ ਜਿੱਤ ਕੇ ਕੀਤਾ ਨਾਮ ਰੌਸ਼ਨ, ਹੁਣ ਰੂਸ 'ਚ ਕਰੇਗੀ ਦੇਸ਼ ਦੀ ਨੁਮਾਇੰਦਗੀ।
ਜਸ਼ਨਪ੍ਰੀਤ ਨੂੰ ਮਿਲਿਆ ਪਿੰਡ ਦੇ ਮੋਹਤਬਰਾਂ ਵੱਲੋਂ ਵੱਡਾ ਸਨਮਾਨ।
ਤਲਵੰਡੀ ਸਾਬੋ, 27 ਮਾਰਚ (ਗੁਰਜੰਟ ਸਿੰਘ ਨਥੇਹਾ)– ਪਿੰਡ ਲਹਿਰੀ ਦੀ ਹੋਣਹਾਰ ਵਿਦਿਆਰਥਣ ਜਸ਼ਨਪ੍ਰੀਤ ਕੌਰ ਨੇ ਵੁਸ਼ੂ ਖੇਡ ਵਿੱਚ ਰਾਸ਼ਟਰੀ ਪੱਧਰ ‘ਤੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਂਸੀ ਪਦਕ ਹਾਸਲ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ। ਹੁਣ ਉਹ ਅੰਤਰਰਾਸ਼ਟਰੀ ਪੱਧਰ ‘ਤੇ ਰੂਸ ਵਿੱਚ ਖੇਡਣ ਲਈ ਚੁਣੀ ਗਈ ਹੈ, ਜੋ ਕਿ ਪਿੰਡ ਅਤੇ ਇਲਾਕੇ ਲਈ ਮਾਣ ਵਾਲੀ ਗੱਲ ਹੈ। ਜਸ਼ਨਪ੍ਰੀਤ ਕੌਰ ਦੀ ਇਸ ਵੱਡੀ ਉਪਲਬਧੀ ਨੂੰ ਦੇਖਦੇ ਹੋਏ ਪਿੰਡ ਦੇ ਸਮਾਜ ਸੇਵੀਆਂ ਅਤੇ ਆਗੂਆਂ ਵੱਲੋਂ ਉਸਦਾ ਸਨਮਾਨ ਕੀਤਾ ਗਿਆ। ਇਸ ਮੌਕੇ ਨੰਬਰਦਾਰ ਯੂਨੀਅਨ ਪੰਜਾਬ ਦੇ ਸੂਬਾ ਆਗੂ ਜਸਪਾਲ ਸਿੰਘ ਨੰਬਰਦਾਰ ਵੱਲੋਂ 50 ਹਜ਼ਾਰ ਰੁਪਏ ਦੀ ਰਾਸ਼ੀ ਭੇਟ ਕੀਤੀ ਗਈ। ਪਿੰਡ ਦੇ ਸਰਪੰਚ ਹਰਮੰਦਰ ਸਿੰਘ ਬਰਾੜ ਨੇ 11 ਹਜ਼ਾਰ ਰੁਪਏ, ਸਤਿੰਦਰ ਸਿੰਘ ਐਚ.ਆਰ. ਪੈਨਕਾਰਬੋ ਗਰੀਨਫਿਊਲ ਪ੍ਰਾਈਵੇਟ ਲਿਮਿਟਡ, ਲਹਿਰੀ ਵੱਲੋਂ 1100 ਰੁਪਏ, ਭੋਲਾ ਸਿੰਘ ਨੰਗਲਾ ਅਤੇ ਹਰਜੀਤ ਸਿੰਘ ਪੁੱਤਰ ਬਿੱਕਰ ਸਿੰਘ ਲਹਿਰੀ ਵੱਲੋਂ 1000-1000 ਰੁਪਏ ਦੀ ਰਾਸ਼ੀ ਦੇ ਕੇ ਹੌਸਲਾ ਅਫਜ਼ਾਈ ਕੀਤੀ ਗਈ। ਇਸ ਮੌਕੇ ਸਾਰੇ ਮੌਜੂਦ ਮੋਹਤਬਰਾਂ ਵੱਲੋਂ ਕਾਮਨਾ ਕੀਤੀ ਗਈ ਕਿ ਜਸ਼ਨਪ੍ਰੀਤ ਕੌਰ ਰੂਸ ਵਿੱਚ ਹੋਣ ਵਾਲੀਆਂ ਮੁਕਾਬਲਿਆਂ ਵਿੱਚ ਭਾਗ ਲੈ ਕੇ ਭਾਰਤ ਦਾ ਨਾਮ ਹੋਰ ਉੱਚਾ ਕਰੇਗੀ। ਸਕੂਲ ਦੇ ਪ੍ਰਿੰਸੀਪਲ ਲਖਵਿੰਦਰ ਸਿੰਘ ਸਿੱਧੂ ਨੇ ਜਿੱਥੇ ਸਨਮਾਨ ਕਰਨ ਵਾਲੇ ਸਾਰੇ ਮੋਹਤਬਰਾਂ ਦਾ ਧੰਨਵਾਦ ਕੀਤਾ, ਉੱਥੇ ਇਹ ਵੀ ਉਮੀਦ ਜਤਾਈ ਕਿ ਜਸ਼ਨਪ੍ਰੀਤ ਕੌਰ ਆਪਣੀ ਮਹਿਨਤ ਅਤੇ ਲਗਨ ਨਾਲ ਅੰਤਰਰਾਸ਼ਟਰੀ ਪੱਧਰ ‘ਤੇ ਵੀ ਕਾਮਯਾਬੀ ਹਾਸਲ ਕਰੇਗੀ। ਸਕੂਲ ਪ੍ਰਬੰਧਕੀ ਕਮੇਟੀ ਪ੍ਰਧਾਨ ਸ੍ਰੀਮਤੀ ਜਸਵਿੰਦਰ ਕੌਰ ਸਿੱਧੂ ਅਤੇ ਸਕੱਤਰ ਸ਼੍ਰੀਮਤੀ ਪਰਮਜੀਤ ਕੌਰ ਸੇਖੋਂ ਨੇ ਵੀ ਜਸ਼ਨਪ੍ਰੀਤ ਕੌਰ ਵਧਾਈ ਦਿੱਤੀ ਅਤੇ ਮੋਹਤਬਰ ਸ਼ਖਸ਼ੀਅਤਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ। ਇਸ ਸਮਾਗਮ ਦੌਰਾਨ ਸਰਪੰਚ ਹਰਮੰਦਰ ਸਿੰਘ ਬਰਾੜ, ਅੰਗਰੇਜ ਸਿੰਘ ਗਾਂਧੀ ਅਤੇ ਭੋਲਾ ਸਿੰਘ ਨੰਗਲਾ ਸਮੇਤ ਹੋਰ ਮੋਹਤਬਰ ਵਿਅਕਤੀ ਹਾਜ਼ਰ ਸਨ।