ਮਨ ਦੀਆਂ ਭਾਵਨਾਵਾਂ ਦਰਸਾਉਂਦੀਆਂ ਕਵਿਤਾਵਾਂ 'ਰੂਹ ਦੇ ਜਜ਼ਬਾਤ' ਤੇਜਿੰਦਰ ਚੰਡਿਹੋਕ ਰਿਟਾ. ਏ. ਐਸ. ਪੀ ਜੀ ਦੇ ਵਿੱਚਾਰ
ਮਨ ਦੀਆਂ ਭਾਵਨਾਵਾਂ ਦਰਸਾਉਂਦੀਆਂ ਕਵਿਤਾਵਾਂ 'ਰੂਹ ਦੇ ਜਜ਼ਬਾਤ'
ਪੁੰਗਰਦੇ ਲੇਖਕਾਂ ਭਾਵੇਂ ਉਹ ਕਵੀ ਹੋਣ ਜਾਂ ਕਹਾਣੀਕਾਰ, ਨੂੰ ਪ੍ਰਫੁੱਲਤ ਕਰਨ ਲਈ ਸਾਂਝੇ ਸੰਗ੍ਰਹਿਾਂ ਦਾ ਪ੍ਰਕਾਸ਼ਿਤ ਕਰਨਾ ਚੰਗਾ ਉਪਰਾਲਾ ਹੈ। ਜਿਹੜੇ ਲੇਖਕ ਪੁਸਤਕ ਨਹੀਂ ਛਪਵਾ ਚਾਹੁੰਦੇ ਜਾਂ ਛਪਾਉਣ ਤੋਂ ਅਸਮਰਥ ਹੁੰਦੇ ਹਨ, ਉਹਨਾਂ ਲਈ ਵਧੀਆ ਪਲੇਟਫਾਰਮ ਹੈ। ਅੱਜ ਦੇ ਸਮੇਂ ਕਾਫ਼ੀ ਸਾਂਝੇ ਸੰਗ੍ਰਹਿ ਪ੍ਰਕਾਸ਼ਿਤ ਹੋ ਰਹੇ ਹਨ।
ਜੇਕਰ ਹਵਾਲੇ ਸਾਂਝੇ ਕਾਵਿ ਸੰਗ੍ਰਹਿ ਦੀ ਗੱਲ ਕਰੀਏ ਤਾਂ ਇਹ ਕਾਵਿ ਸੰਗ੍ਰਹਿ "ਰੂਹ ਦੇ ਜਜ਼ਬਾਤ" ਇਕਬਾਲ ਸਿੰਘ ਸਹੋਤਾ, ਸੁਦ ਵਿਰਕ ਅਤੇ ਰਵਿੰਦਰ ਭਾਰਤੀਯ ਦੀ ਸੰਪਾਦਕੀ ਮੰਡਲ ਵੱਲੋਂ ਤਿਆਰ ਕੀਤਾ ਗਿਆ ਹੈ ਜਿਸ ਵਿੱਚ ਕਰੀਬ ਇਕਵੰਜਾ ਕਵੀਆਂ ਦੀਆਂ ਕਵਿਤਾਵਾਂ, ਗ਼ਜ਼ਲਾਂ ਅਤੇ ਗੀਤ ਆਦਿ ਸ਼ਾਮਲ ਕੀਤੇ ਗਏ ਹਨ। ਵਿਦਵਾਨਾਂ ਅਤੇ ਅਕਾਦਮੀ ਦੇ ਮੈਂਬਰਾਂ ਵੱਲੋਂ ਆਪਣੇ ਆਪਣੇ ਵਿਚਾਰ ਅਤੇ ਸੰਦੇਸ਼ ਵਿਅਕਤ ਕੀਤੇ ਗਏ ਹਨ। ਇਸ ਪੁਸਤਕ ਦੀ ਖ਼ੂਬੀ ਇਹ ਹੈ ਕਿ ਪੁਸਤਕ ਵਿਚ ਕਵੀਆਂ ਦੀਆਂ ਰਚਨਾਵਾਂ ਦੇ ਨਾਲ ਉਹਨਾਂ ਦੀਆਂ ਤਸਵੀਰਾਂ ਅਤੇ ਸਾਹਿਤਕ ਜਾਣਕਾਰੀ ਵੀ ਛਾਪੀਆਂ ਹਨ।
ਪੁਸਤਕ ਵਿਚਲੇ ਸਾਰੇ ਕਵੀਆਂ ਨੇ ਆਪਣੇ ਮਨ ਦੇ ਅੰਤਰੀਵ ਭਾਵਾਂ ਨੂੰ ਕਾਵਿ ਰੂਪ ਪਾਠਕਾਂ ਦੇ ਸਨਮੁੱਖ ਰੱਖੇ ਹਨ। ਕਵਿਤਾਵਾਂ ਵਿੱਚ ਵੱਖ ਵੱਖ ਵਿਸ਼ੇ, ਭਾਵਨਾਵਾਂ, ਪਹਿਲੂਆਂ ਅਤੇ ਜਜ਼ਬਾਤਾਂ ਨੂੰ ਪੇਸ਼ ਕੀਤਾ ਗਿਆ ਹੈ। ਸਮੁੱਚੇ ਰੂਪ ਵਿੱਚ ਇਸ ਸਾਂਝੇ ਕਾਵਿ ਸੰਗ੍ਰਹਿ ਨੂੰ ਪੜ੍ਹਦਿਆਂ ਇਹਨਾਂ ਕਵਿਤਾਵਾਂ ਵਿਚ ਮਨੁੱਖਤਾ ਦੇ ਦੁਸ਼ਮਣ, ਮਿਠਾਸ, ਪਿਆਰ, ਚੜ੍ਹਦੇ ਲਹਿੰਦੇ ਪੰਜਾਬੀਆਂ ਦੀਆਂ ਯਾਦਾਂ, ਪਾਖੰਡ, ਸਮੇਂ ਦਾ ਬਦਲਦੇ ਰਹਿਣਾ, ਮਤਲਬ ਪ੍ਰਸਤ ਰਿਸ਼ਤੇ, ਬਜ਼ੁਰਗਾਂ ਦੀ ਸਾਂਝ ਸੰਭਾਲ, ਰੱਬ ਦਾ ਡਰ, ਹੌਸਲੇ, ਠੱਗੀ ਠੋਰੀ, ਧਾਰਮਿਕ ਕਵਿਤਾਵਾਂ, ਧੀਆਂ ਦੀ ਚਿੰਤਾ, ਮਾਂ ਰੱਬ ਦਾ ਰੂਪ, ਔਰਤ ਦਾ ਸੋਸ਼ਣ, ਵਾਤਾਵਰਨ, ਸਕੂਨ ਅਤੇ ਬਿਰਹੋਂ ਵਰਗੇ ਪਹਿਲੂਆਂ ਨੂੰ ਪੇਸ਼ ਕੀਤਾ ਗਿਆ ਹੈ।
ਪੁਸਤਕ ਵਿਚ ਪ੍ਰਤਾਪ ਪਾਰਸ ਗੁਰਦਾਸਪੁਰੀ ਹੁਰਾਂ ਆਪਣੀ ਗ਼ਜ਼ਲ ਵਿੱਚ ਤੁਰ ਗਏ ਸੱਜਣਾਂ ਦੀਆਂ ਯਾਦਾਂ ਨੂੰ ਸਮੇਟਦਿਆਂ ਸੱਜਣ ਦੇ ਮਿਲਣ ਦੀ ਤਾਂਘ ਅਤੇ ਵਿਛੋੜੇ ਦਾ ਸੱਲ ਆਪਣੇ ਗ਼ਜ਼ਲ ਵਿਚ ਸਮੋਇਆ ਹੈ। ਜਿਹੜੇ ਕਦੇ ਆਪਣੇ ਸੀ, ਉਹ ਬੇਗਾਨੇ ਹੋ ਗਏ। ਉਹਨਾਂ ਪਿਆਰ ਨੂੰ ਬਿਰਹੋਂ ਦੀ ਤਾਣੀ ਦੇ ਪ੍ਰਤੀਬਿੰਬ ਨਾਲ ਪੇਸ਼ ਕੀਤਾ ਹੈ। ਉਹਨਾਂ ਦਾ ਮਿਸ਼ਰਾ ਹੈ -
"ਇਹ ਤਾਣੀ ਜੋ ਪਿਆਰ ਦੀ ਸੁੱਕਦੀ ਜਾਂਦੀ ਹੈ,
ਕਦੇ ਸੀ ਰਹੀ ਕਚੂਰ ਉਹ ਯਾਦਾਂ ਰਹਿ ਗਈਆਂ।" (ਪੰਨਾ 36)
ਰਵਿੰਦਰ ਭਾਰਤੀਯ ਨੇ ਆਪਣੇ ਮਿਸ਼ਰ ਵਿੱਚ ਦੁਨੀਆ ਨੂੰ ਸਿੱਧੇ ਰਸਤੇ ਪਾਉਣ ਦੀ ਗੱਲ ਕਰਦਿਆਂ ਕਿਹਾ ਹੈ ਕਿ ਸਾਡੇ ਗੁਰੂ ਪੀਰ ਫਕੀਰ ਸਾਨੂੰ ਪਾਖੰਡਾਂ ਤੋਂ ਬਚਣ ਦੀ ਗੱਲ ਕਰਦੇ ਸਮਝਾਉਂਦੇ ਹਨ ਪਰ ਪਾਖੰਡ ਵਿਕਸਤ ਹੋ ਰਿਹਾ ਹੈ ਅਤੇ ਮਨੁੱਖ ਇਸ ਵਿੱਚ ਉਲਝਦਾ ਜਾ ਰਿਹਾ ਹੈ। ਅੱਜ ਦੇ ਪੜ੍ਹੇ ਲਿਖੇ ਲੋਕ ਵੀ ਇਸ ਦੀ ਗ੍ਰਿਫ਼ਤ ਤੋਂ ਮੁਕਤ ਨਹੀਂ ਹੋ ਸਕੇ। ਉਸ ਦਾ ਮਿਸ਼ਰਾ ਦੇਖੋ -
ਗੁਰੂਆਂ ਪੀਰਾਂ ਨੇ ਬਥੇਰਾ ਸਮਝਾਇਆ,
ਫਿਰ ਵੀ ਪਾਖੰਡ ਦਾ ਬੂਟਾ ਨਾ ਗਿਆ ਮੁਰਝਾਇਆ। (ਪੰਨਾ 52)
ਪੁਸਤਕ ਵਿਚਲੀ ਸ਼ਾਇਰਾ ਰੁਪਿੰਦਰ ਕੌਰ ਸਿੱਧੂ ਅੱਜ ਦੇ ਹਾਲਾਤ ਮੁਤਾਬਕ ਇਨਸਾਨੀਅਤ ਦੇ ਖੂਨ ਦੇ ਰੰਗ ਨੂੰ ਚਿੱਟਾ ਖੂਨ ਆਖਿਆ ਹੈ। ਅੱਜ ਮਤਲਬ ਦੇ ਰਿਸ਼ਤਿਆਂ ਦੀ ਪੇਸ਼ਗੋਈ ਕਰਦੀ ਸ਼ਾਇਰਾ ਮਨੁੱਖ ਨੂੰ ਕੁਝ ਸਲਾਹ ਅਤੇ ਸੁਝਾਅ ਵੀ ਦਿੰਦੀ ਜਾਪਦੀ ਹੈ। ਉਸ ਦੀ ਕਵਿਤਾ ਮਤਲਬੀ ਰਿਸ਼ਤੇ ਇਸ ਗੱਲ ਦੀ ਪ੍ਰੋੜਤਾ ਕਰਦੀ ਹੈ। ਅਜਿਹੇ ਲੋਕਾਂ ਦਾ ਖੂਨ ਦਾਨ ਕਰਨ ਜੋਗ ਵੀ ਨਹੀਂ ਲਗਦਾ। ਉਸ ਦੀ ਕਵਿਤਾ ਦਾ ਬੰਦ ਗੌਰ ਦੇ ਤਲਬ ਹੈ -
"ਰਿਸ਼ਤਿਆਂ 'ਚ ਖੂਨ ਦਾ ਸਫੇਦ ਰੰਗ ਹੈ ਗਿਆ,
ਇਹਨਾਂ ਲਈ ਵੀ ਖੂਨ ਦਾਨ ਅੱਡ ਦੇਣਾ ਚਾਹੀਦਾ।" (ਪੰਨਾ 60)
ਇੰਝ ਹੀ ਹੋਰ ਵੀ ਕਵਿਤਾਵਾਂ, ਗ਼ਜ਼ਲਾਂ ਅਤੇ ਗੀਤਾਂ ਬਾਰੇ ਦੇਖਣਾ ਬਣਦਾ ਹੈ ਜਿਵੇਂ ਦੁਨੀਆ ਫੇਰ ਨਾ ਸੁਧਰੇ ਵਿੱਚ ਬਲਵਿੰਦਰ ਸਿੰਘ ਪੰਨੂ ਲਿਖਦਾ ਹੈ:
"ਮਾਪਿਆਂ ਦੇ ਲਈ ਪੁੱਤ ਜਰੂਰੀ ਪਰ ਧੀਆਂ ਨਾ ਪਾਉਂਦੀਆਂ ਦੂਰੀ,
ਜੇ ਸਾਰ ਹਮੇਸ਼ਾ ਲੈਂਦੀਆਂ, ਦੁਨੀਆ ਫੇਰ ਨਾ ਸੁਧਰੇ।" (ਪੰਨਾ 104)
ਬਹੁਤ ਡੂੰਘੇ ਅਰਥ ਸਮੋਈ ਬੈਠੀ ਹੈ। ਡਾਕਟਰ ਟਿੱਕਾ ਜੇ ਐਸ ਸਿੱਧੂ ਪਿਆਰ ਮੁਹੱਬਤ ਦੀਆਂ ਗੱਲਾਂ ਕਰਦੇ ਆਪਣੀ ਇਕ ਗ਼ਜ਼ਲ ਦੇ ਮਿਸ਼ਰ ਵਿੱਚ ਆਖਦੇ ਹਨ -
"ਤੇਰੀ ਫੋਟੋ ਦਿਲ ਵਿੱਚ ਵਸਾ ਰੱਖੀ ਹੈ।
ਤੈਨੂੰ ਮਿਲਣੇ ਦੀ ਆਸ ਜਗਾ ਰੱਖੀ ਹੈ।" (ਪੰਨਾ 178)
ਇਸੇਤਰਾਂ ਪੁਸਤਕ ਵਿਚਲੇ ਕੁਝ ਹੋਰ ਪੰਕਤੀਆਂ ਦਾ ਮੁਤਾਲਿਆ ਕਰਨਾ ਚਾਹੀਦਾ ਹੈ। ਡਾਕਟਰ ਰਾਜਬੀਰ ਕੌਰ ਵੀਰ ਗਰੇਵਾਲ ਨੇ ਪੁਰਾਣੀਆਂ ਖੇਡਾਂ ਦੀ, ਚਰਨਜੀਤ ਅੱਟਾ ਨੇ ਕੁੜੀਆਂ ਚਿੜੀਆਂ ਦੀ, ਸੀਮਾ ਕਲਿਆਣ ਨੇ "ਮੈਂ" ਨੂੰ ਆਪਣੇ ਅੰਦਰੋਂ ਕੱਢਣ ਦੀ, ਸੇਵਾ ਸਿੰਘ ਨੂਰਪੁਰੀ ਨੇ ਗੁਲਾਮੀ ਦੀ, ਅੰਸ਼ੁ ਵ ਰੱਤੀ ਨੇ ਨਸ਼ਾ ਮੁਕਤੀ ਦੀ ਅਤੇ ਅਮਰਜੀਤ ਕੌਰ ਸੰਧੂ ਪ੍ਰੀਤ ਨੇ ਆਪਣੀਆਂ ਲਿਖਤ ਵਿੱਚ ਵਿਦੇਸ਼ ਜਾਣ ਦੇ ਰੁਝਾਨ ਬਾਰੇ ਗੱਲ ਕੀਤੀ ਹੈ। ਇਹਨਾਂ ਤੋਂ ਇਲਾਵਾ ਡਾਕਟਰ ਪਰਦੀਪ ਨਾਂਗਲੂ, ਰੇਣੂ ਦੇਵੀ, ਓੰਕਾਰ ਸਿੰਘ ਰੰਧਾਵਾ, ਪ੍ਰੋ. ਇੰਦਰਪਾਲ ਭਿੰਦਾ, ਮੰਨਤ ਲਵਲੀ, ਕੈਪਟਨ ਦਵਿੰਦਰ ਸਿੰਘ ਜੋਸਲ, ਅਸ਼ੋਕ ਭੰਡਾਰੀ ਪੂਰੀ, ਪ੍ਰੋ. ਕੁਲਵਿੰਦਰ ਸਿੰਘ ਬੰਬੂ, ਗਗਨਦੀਪ ਕੌਰ ਅਤੇ ਦਿਲਪ੍ਰੀਤ ਗੁਰੀ ਆਦਿ ਲੇਖਕਾਂ ਦੀਆਂ ਰਚਨਾਵਾਂ ਵੀ ਸ਼ਾਮਿਲ ਹਨ।
ਇਹਨਾਂ ਲੇਖਕਾਂ ਵਿਚ ਬਹੁਤ ਸਾਰੇ ਕਵੀ ਡਿਫੈਂਸ ਵਿਭਾਗ ਵਿਚ ਜਾਂ ਤਾਂ ਬਿਰਤਾਂਤ ਹਨ ਜਾਂ ਸੇਵਾ ਮੁਕਤ ਹੋ ਚੁੱਕੇ ਹਨ। ਜ਼ਿਆਦਾਤਰ ਸਿੱਖਿਆ ਵਿਭਾਗ ਨਾਲ ਬਾਵਸਤਾ ਹਨ। ਇਹਨਾਂ ਰਚਨਾਵਾਂ ਵਿਚੋਂ ਕਈ ਕਵੀਆਂ ਦੀਆਂ ਰਚਨਾਵਾਂ ਅਜੇ ਪੂਰੇ ਤੌਰ ਤੇ ਸਮਰਥ ਨਹੀਂ ਲੱਗੇ। ਕਈ ਕਵੀਆਂ ਦੇ ਨਾਲ ਉਹਨਾਂ ਦੇ ਸੰਪਰਕ ਨੰਬਰ ਨਹੀਂ ਹਨ ਜਿਹੜਾ ਕਿ ਅਜੋਕੇ ਦੌਰ ਵਿੱਚ ਜਰੂਰੀ ਸਮਝਿਆ ਜਾਂਦਾ ਹੈ ਅਤੇ ਸੰਪਰਕ ਕੀਤਾ ਜਾ ਸਕਦਾ ਹੈ। ਹਰੇਕ ਕਵੀ ਨੂੰ ਉਹਨਾਂ ਦੀਆਂ ਰਚਨਾਵਾਂ ਅਤੇ ਸਵੈ ਕਥਨ ਲਈ ਚਾਰ-ਚਾਰ ਪੰਨੇ ਦਿੱਤੇ ਗਏ। ਇਸ ਸਾਂਝੇ ਕਾਵਿ ਸੰਗ੍ਰਹਿ ਦੇ ਪ੍ਰਿੰਟ ਦਾ ਫੌਂਟ ਬਹੁਤ ਹੀ ਜਿਆਦਾ ਬਰੀਕ ਹੈ ਜਿਸ ਨਾਲ ਕਈ ਪਾਠਕਾਂ ਨੂੰ ਪੜ੍ਹਨ ਵਿੱਚ ਦਿੱਕਤ ਆ ਸਕਦੀ ਹੈ। ਪੁਸਤਕ ਵਿੱਚ ਪ੍ਰਕਾਸ਼ਨ ਸਾਲ, ਕੀਮਤ ਅਤੇ ਸਬਾਨ ਵੀ ਦਰਜ ਨਹੀਂ ਹੈ। ਫਿਰ ਵੀ ਮਾਨਸਰੋਵਰ ਸਾਹਿਤ ਅਕਾਦਮੀ ਰਾਜਸਥਾਨ ਦਾ ਸ਼ਲਾਘਾਯੋਗ ਉਪਰਾਲਾ ਹੈ। ਮਾਨਸਰੋਵਰ ਸਾਹਿਤ ਅਕਾਦਮੀ ਰਾਜਸਥਾਨ ਦੀ ਸਮੁੱਚੀ ਟੀਮ ਵਧਾਈ ਦੀ ਪਾਤਰ ਹੈ।
ਲੇਖਕ: ਤੇਜਿੰਦਰ ਚੰਡਿਹੋਕ
ਰਿਟਾ. ਏ. ਐਸ. ਪੀ
95010-00224