ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਵਿਖੇ ਮਨਾਇਆ ਜਲ ਮਹਾਂਉਤਸਵ
ਤਲਵੰਡੀ ਸਾਬੋ, 24 ਮਾਰਚ (ਗੁਰਜੰਟ ਸਿੰਘ ਨਥੇਹਾ)- ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਤਲਵੰਡੀ ਸਾਬੋ ਦੇ ਗੁਰੂ ਕਾਸ਼ੀ ਭਾਸ਼ਾਵਾਂ ਵਿਭਾਗ ਅਤੇ ਸੋਸ਼ਲ ਸਾਇੰਸਜ਼ ਵਿਭਾਗ ਦੇ ਐਨਐਸਐਸ ਯੂਨਿਟ ਵੱਲੋਂ ਜਲ ਜੀਵਨ ਮਿਸ਼ਨ ਅਧੀਨ ਜਲ ਮਹਾਂ ਉਤਸਵ ਮਨਾਇਆ ਗਿਆ। ਇਸ ਦੌਰਾਨ ਡਾ. ਸੰਦੀਪ ਰਾਣਾ ਮੁਖੀ ਭਾਸ਼ਾਵਾਂ ਵਿਭਾਗ ਅਤੇ ਡਾ. ਬਲਦੇਵ ਸਿੰਘ ਮੁਖੀ ਸੋਸ਼ਲ ਸਾਇੰਸਜ਼ ਵਿਭਾਗ ਨੇ ਵਿਦਿਆਰਥੀਆਂ ਨੂੰ ਜਲ ਦੀ ਮਹੱਤਤਾ ਬਾਰੇ ਦੱਸਿਆ। ਇਸ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਦੇ ਪੋਸਟਰ ਮੇਂਕਿੰਗ ਮੁਕਾਬਲੇ ਕਰਵਾਏ ਗਏ। ਵਿਸ਼ੇਸ਼ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਵਿਭਾਗਾਂ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਉਪਰੰਤ ਐਨਐਸਐਸ ਯੂਨਿਟ ਦੇ ਕੋਆਰਡੀਨੇਟਰ ਡਾ. ਸੁਨੀਤਾ ਰਾਣੀ ਦੀ ਯੋਗ ਅਗਵਾਈ ਹੇਠ ਇੱਕ ਜਾਗਰੂਕਤਾ ਰੈਲੀ ਕੱਢੀ ਗਈ, ਜਿਸ ਵਿੱਚ ਵਿਦਿਆਰਥੀਆਂ ਨੇ ਵਧ ਚੜ ਕੇ ਹਿੱਸਾ ਲਿਆ। ਕੈਂਪਸ ਡਾਇਰੈਕਟਰ ਪ੍ਰੋਫੈਸਰ ਅਮਨਦੀਪ ਸਿੰਘ ਨੇ ਇਸ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਅਜਿਹੀਆਂ ਗਤੀਵਿਧੀਆਂ ਕਰਵਾਉਂਦੇ ਰਹਿਣ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਅਧਿਆਪਕ ਸਾਹਿਬਾਨ, ਸਮੁੱਚੀ ਐਨਐਸਐਸ ਟੀਮ ਅਤੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ।