ਕ੍ਰਿਸ਼ਨਾ ਵੰਤੀ ਸੇਵਾ ਸੋਸਾਇਟੀ ਨੇ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ
ਫਰੀਦਕੋਟ24.0326(ਨਾਇਬ ਰਾਜ)
ਫਰੀਦਕੋਟ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਕ੍ਰਿਸ਼ਨਾ ਵੰਤੀ ਸੇਵਾ ਸੋਸਾਇਟੀ (ਰਜਿ:) ਫਰੀਦਕੋਟ ਨੇ ਕ੍ਰਾਂਤੀਕਾਰੀ ਨੇਤਾ ਸੁਤੰਤਰਤਾ ਸੰਗਰਾਮੀ ਦੇਸ਼ ਭਗਤ ਸ਼ਹੀਦ ਏ ਆਜ਼ਮ ਸ ਭਗਤ ਸਿੰਘ ਦਾ ਸ਼ਹੀਦੀ ਦਿਵਸ ਸੋਸਾਏਟੀ ਦੇ ਪ੍ਰਧਾਨ ਸ੍ਰੀ ਸੁਰੇਸ਼ ਅਰੋੜਾ ਦੀ ਅਗਵਾਈ ਵਿੱਚ ਗੁਰੂ ਨਾਨਕ ਕਾਲੋਨੀ ਫਰੀਦਕੋਟ ਦੇ ਪਾਰਕ ਵਿੱਚ ਬੜੀ ਸ਼ਰਧਾ ਨਾਲ ਮਨਾਇਆ ਗਿਆ।ਸੋਸਾਇਟੀ ਦੇ ਸਕੱਤਰ ਸ਼੍ਰੀ ਜੀਤ ਸਿੰਘ ਸਿੱਧੂ ਨੇ ਸਭਨਾ ਨੂੰ ਜੀ ਆਇਆਂ ਨੂੰ ਕਿਹਾ ਸਮੂਹ ਮੈਂਬਰਾਂ ਨੇ ਬੜੇ ਜੋਸ਼ ਨਾਲ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਗਾਏ। ਇਸ ਮੌਕੇ ਤੇ ਸੋਸਾਇਟੀ ਦੇ ਪ੍ਰਧਾਨ ਸ੍ਰੀ ਸੁਰੇਸ਼ ਅਰੋੜਾ ਨੇ ਕਿਹਾ ਕਿ ਪੂਰੇ ਦੇਸ਼ ਵਿੱਚ ਸ਼ਹੀਦ ਏ ਆਜ਼ਮ ਸ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ।ਦੇਸ਼ ਵਾਸੀ ਅੱਜ ਸ਼ਹੀਦ ਭਗਤ ਸਿੰਘ,ਰਾਜ ਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹਨ। ਸ਼੍ਰੀ ਸੁਰੇਸ਼ ਅਰੋੜਾ ਨੇ ਸ਼ਹੀਦ ਭਗਤ ਸਿੰਘ ਦਾ ਜਿਕਰ ਕਰਦਿਆਂ ਕਿਹਾ ਭਗਤ ਸਿੰਘ ਦਾ ਜਨਮ 27 ਸਤੰਬਰ 1907 ਨੂੰ ਕਿਸ਼ਨ ਸਿੰਘ ਜੀ ਦੇ ਘਰ ਹੋਇਆ।ਸਾਡਾ ਦੇਸ਼ ਅੰਗਰੇਜ਼ਾਂ ਦਾ ਗੁਲਾਮ ਸੀ।ਦੇਸ਼ ਵਾਸੀ ਗੁਲਾਮੀ ਦੀਆਂ ਜੰਜੀਰਾਂ ਵਿੱਚ ਜਕੜੇ ਹੋਏ ਸਨ। ਦੇਸ਼ ਦੇ ਅਨੇਕਾਂ ਦੇਸ਼ ਪ੍ਰੇਮੀ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਸੰਘਰਸ਼ ਕੇ ਰਹੇ ਸਨ। ਉਹਨਾ ਤੋਂ ਪ੍ਰਭਾਵਤ ਹੋ ਕੇ ਭਗਤ ਸਿੰਘ ਚੰਦਰ ਸ਼ੇਖਰ ਅਜ਼ਾਦ ਦੀ ਅਗਵਾਈ ਵਿੱਚ ਅਜਾਦੀ ਦੀ ਲੜਾਈ ਵਿੱਚ ਕੁੱਦ ਪਏ ਆਜ਼ਾਦੀ ਦੀ ਲਹਿਰ ਵਿੱਚ ਸ਼ਹੀਦ ਭਗਤ ਸਿੰਘ ਦੀ ਅਹਿਮ ਭੂਮਿਕਾ ਸੀ । 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਨੂੰ ਸੈਂਟਰਲ ਜੇਲ ਲਾਹੌਰ ਵਿਖੇ ਫਾਂਸੀ ਤੇ ਲਟਕਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਤੇ ਓਹ ਸ਼ਹੀਦ ਹੋ ਗਏ।ਸ਼੍ਰੀ ਸੁਰੇਸ਼ ਅਰੋੜਾ ਨੇ ਅਪੀਲ ਕੀਤੀ ਕਿ ਸਾਨੂੰ ਸ਼ਹੀਦ ਭਗਤ ਸਿੰਘ ਦੇ ਪਾਏ ਹੋਏ ਪੂਰਨਿਆਂ ਤੇ ਚੱਲਦੇ ਹੋਏ ਸ਼ਹੀਦ ਭਗਤ ਸਿੰਘ ਦੀ ਸੋਚ ਤੇ ਪਹਿਰਾ ਦੇਣਾ ਚਾਹੀਦਾ ਹੈ। ਨਾਇਬ ਸਿੰਘ ਸੰਘਾ ਐਡਵੋਕੇਟ ਨੋਟਰੀ ਭਾਰਤ ਸਰਕਾਰ ਨੇ ਕਿਹਾ ਕਿ ਸਾਡੀਆਂ ਸਰਕਾਰਾਂ ਨੇ ਭਗਤ ਸਿੰਘ ਦੇ ਸੁਪਣੇ ਪੂਰੇ ਨਹੀਂ ਕੀਤੇ ਸਾਨੂੰ ਸਭਨਾਂ ਨੂੰ ਸ਼ਹੀਦ ਭਗਤ ਸਿੰਘ ਦੇ ਸੁਪਣੇ ਪੂਰੇ ਕਰਨ ਲਈ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਫੇਰ ਹੀ ਉਹਨਾਂ ਨੂੰ ਸੱਚੀ ਅਤੇ ਸੁੱਚੀ ਸ਼ਰਧਾਂਜਲੀ ਹੋਵੇਗੀ।ਸਮੂਹ ਮੈਬਰਾਂ ਨੇ ਸ਼ਹੀਦ ਭਗਤ ਸਿੰਘ ਦੇ ਬੁੱਤ ਤੇ ਫੁੱਲਾਂ ਦੇ ਹਾਰ ਪਹਿਨਾ ਕੇ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਸ਼ਰਧਾਂਜਲੀ ਭੇਟ ਕੀਤੀ।ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਮਨਜੀਤ ਸਿੰਘ ਟਹਿਣਾ,ਰੋਹਿਤ ਕਸ਼ਯਪ,ਕਮਲ ਬੱਸੀ,ਬਲਦੇਵ ਸਿੰਘ,ਅਮਿਤ ਕੁਮਾਰ,ਸਰਦੂਲ ਸਿੰਘ,ਐਡਵੋਕੇਟ ਲੀਜ਼ਾ ਸ਼ਰਮਾ ,ਬਲਵਿੰਦਰ ਸਿੰਘ ਬਿੰਦੀ,ਭਾਰਤ ਭੂਸ਼ਣ ਜਿੰਦਲ ਅਤੇ ਪ੍ਰਤਾਪ ਸਿੰਘ ਹਾਜ਼ਰ ਸਨ।
ਫੋਟੋ: ਗੁਰੂ ਨਾਨਕ ਕਾਲੋਨੀ ਫਰੀਦਕੋਟ ਦੇ ਪਾਰਕ ਵਿੱਚ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ ਤੇ ਸ਼ਹੀਦ ਭਗਤ ਸਿੰਘ ਦੇ ਬੁੱਤ ਤੇ ਫੁੱਲਾਂ ਦੇ ਹਾਰ ਪਾ ਕੇ ਸ਼ਰਧਾਂਜਲੀ ਭੇਟ ਕਰਦੇ ਹੋਏ ਕ੍ਰਿਸ਼ਨਾ ਵੰਤੀ ਸੇਵਾ ਸੋਸਾਇਟੀ ਦੇ ਪ੍ਰਧਾਨ ਸ੍ਰੀ ਸੁਰੇਸ਼ ਅਰੋੜਾ ਅਤੇ ਮੈਂਬਰਜ਼।