Election Commission of India ਵੱਲੋਂ ਵੱਡਾ ਐਲਾਨ: ਬੁਜ਼ੁਰਗਾਂ, ਦਿਵਿਆਂਗਾਂ ਤੇ ਡਿਊਟੀ ਵਾਲੇ ਵੋਟਰਾਂ ਲਈ ਘਰ ਬੈਠੇ ਵੋਟਿੰਗ ਦੀ ਸੁਵਿਧਾ
ਨਵੀਂ ਦਿੱਲੀ, 19 ਮਾਰਚ 2026
ਚੋਣ ਪ੍ਰਕਿਰਿਆ ਨੂੰ ਹੋਰ ਸੁਗਮ ਅਤੇ ਸਮਾਵੇਸ਼ੀ ਬਣਾਉਣ ਲਈ ਚੋਣ ਕਮਿਸ਼ਨ ਨੇ ਮਹੱਤਵਪੂਰਨ ਫੈਸਲਾ ਲੈਂਦਿਆਂ ਬੁਜ਼ੁਰਗਾਂ, ਦਿਵਿਆਂਗਾਂ (PwDs), ਸਰਵਿਸ ਵੋਟਰਾਂ ਅਤੇ ਚੋਣ ਡਿਊਟੀ ’ਤੇ ਤਾਇਨਾਤ ਕਰਮਚਾਰੀਆਂ ਲਈ ਪੋਸਟਲ ਬੈਲਟ ਰਾਹੀਂ ਵੋਟ ਪਾਉਣ ਦੀ ਸੁਵਿਧਾ ਦਾ ਐਲਾਨ ਕੀਤਾ ਹੈ।
ਕਮਿਸ਼ਨ ਦੇ ਪ੍ਰੈਸ ਨੋਟ ਮੁਤਾਬਕ 85 ਸਾਲ ਤੋਂ ਉਪਰ ਦੇ ਵੋਟਰ ਅਤੇ ਚੋਣ ਸੂਚੀ ਵਿੱਚ ਦਰਜ ਦਿਵਿਆਂਗ ਵਿਅਕਤੀ ਹੁਣ ਪੋਸਟਲ ਬੈਲਟ ਰਾਹੀਂ ਆਪਣਾ ਵੋਟ ਪਾ ਸਕਣਗੇ। ਇਸ ਲਈ ਉਨ੍ਹਾਂ ਨੂੰ Form 12 D ਭਰ ਕੇ ਚੋਣ ਨੋਟੀਫਿਕੇਸ਼ਨ ਤੋਂ 5 ਦਿਨਾਂ ਅੰਦਰ ਆਪਣੇ BLO ਰਾਹੀਂ ਜਮ੍ਹਾਂ ਕਰਵਾਉਣਾ ਹੋਵੇਗਾ। ਪੋਲਿੰਗ ਟੀਮਾਂ ਉਨ੍ਹਾਂ ਦੇ ਘਰ ਜਾ ਕੇ ਵੋਟ ਇਕੱਠੇ ਕਰਨਗੀਆਂ।
ਚੋਣ ਦਿਨ ਡਿਊਟੀ ’ਤੇ ਮੌਜੂਦ ਜ਼ਰੂਰੀ ਸੇਵਾਵਾਂ ਜਿਵੇਂ ਕਿ ਸਿਹਤ, ਫਾਇਰ ਸਰਵਿਸ, ਬਿਜਲੀ, ਟ੍ਰੈਫਿਕ, ਐਂਬੂਲੈਂਸ ਆਦਿ ਦੇ ਕਰਮਚਾਰੀ ਵੀ ਇਸ ਸੁਵਿਧਾ ਦਾ ਲਾਭ ਲੈ ਸਕਣਗੇ। ਮੀਡੀਆ ਕਰਮਚਾਰੀਆਂ ਨੂੰ ਵੀ ਇਸ ਵਾਰ ‘ਐਬਸੈਂਟੀ ਵੋਟਰ’ ਸ਼੍ਰੇਣੀ ਵਿੱਚ ਸ਼ਾਮਲ ਕੀਤਾ ਗਿਆ ਹੈ।
ਸਰਵਿਸ ਵੋਟਰਾਂ ਨੂੰ ਉਨ੍ਹਾਂ ਦੇ ਪੋਸਟਲ ਬੈਲਟ ਇਲੈਕਟ੍ਰਾਨਿਕ ਤਰੀਕੇ ਨਾਲ ETPBS ਸਿਸਟਮ ਰਾਹੀਂ ਭੇਜੇ ਜਾਣਗੇ, ਅਤੇ ਉਨ੍ਹਾਂ ਨੂੰ ਡਾਕ ਖਰਚਾ ਨਹੀਂ ਦੇਣਾ ਪਵੇਗਾ।
ਕਮਿਸ਼ਨ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਪੋਸਟਲ ਬੈਲਟ 4 ਮਈ 2026 ਨੂੰ ਸਵੇਰੇ 8 ਵਜੇ ਤੱਕ ਸੰਬੰਧਤ Returning Officer ਕੋਲ ਪਹੁੰਚ ਜਾਣੇ ਚਾਹੀਦੇ ਹਨ। ਇਸ ਦੇ ਨਾਲ ਹੀ ਸਾਰੇ ਅਧਿਕਾਰੀਆਂ ਨੂੰ ਰਾਜਨੀਤਿਕ ਪਾਰਟੀਆਂ ਅਤੇ ਉਮੀਦਵਾਰਾਂ ਨੂੰ ਇਨ੍ਹਾਂ ਨਿਯਮਾਂ ਬਾਰੇ ਜਾਣਕਾਰੀ ਦੇਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।
ਇਸ ਕਦਮ ਨਾਲ ਚੋਣ ਪ੍ਰਕਿਰਿਆ ਵਿੱਚ ਵਧੇਰੇ ਪਾਰਦਰਸ਼ਤਾ ਅਤੇ ਹਰ ਵਰਗ ਦੀ ਭਾਗੀਦਾਰੀ ਨੂੰ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।