ਐਸ.ਡੀ.ਐਮ. ਸੁਖਪਾਲ ਸਿੰਘ ਦੀ ਅਗਵਾਈ ਹੇਠ ਸਿੰਗਲ ਯੂਜ਼ ਪਲਾਸਟਿਕ ਖ਼ਿਲਾਫ਼ ਜਾਗਰੂਕਤਾ ਮੁਹਿੰਮ ਜਾਰੀ
ਐਸ.ਡੀ.ਐਮ. ਸੁਖਪਾਲ ਸਿੰਘ ਦੀ ਅਗਵਾਈ ਹੇਠ ਸਿੰਗਲ ਯੂਜ਼ ਪਲਾਸਟਿਕ ਖ਼ਿਲਾਫ਼ ਜਾਗਰੂਕਤਾ ਮੁਹਿੰਮ ਜਾਰੀ
ਸ੍ਰੀ ਅਨੰਦਪੁਰ ਸਾਹਿਬ 27 ਫਰਵਰੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀਆਂ ਹਦਾਇਤਾਂ ਅਨੁਸਾਰ ਇਸ ਵਾਰ ਹੋਲਾ ਮਹੱਲਾ ਸਿੰਗਲ ਯੂਜ਼ ਪਲਾਸਟਿਕ ਮੁਕਤ ਅਤੇ ਪ੍ਰਦੂਸ਼ਣ ਰਹਿਤ ਢੰਗ ਨਾਲ ਮਨਾਇਆ ਜਾਵੇਗਾ। ਇਸ ਸਬੰਧੀ ਮੇਲਾ ਅਫਸਰ ਕਮ ਐਸ.ਡੀ.ਐਮ. ਸ੍ਰੀ ਅਨੰਦਪੁਰ ਸਾਹਿਬ ਸੁਖਪਾਲ ਸਿੰਘ ਅਤੇ ਡੀਐਸਪੀ ਜਸ਼ਨਦੀਪ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਤਖਤ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੀ ਮਾਰਕੀਟ ਵਿੱਚ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਗਈ।
ਮੁਹਿੰਮ ਦੌਰਾਨ ਵਪਾਰੀਆਂ, ਦੁਕਾਨਦਾਰਾਂ, ਰੇਹੜੀ-ਫੜੀ ਵਾਲਿਆਂ ਅਤੇ ਖੋਖੇ ਚਲਾਉਣ ਵਾਲਿਆਂ ਨੂੰ ਪਲਾਸਟਿਕ ਲਿਫਾਫਿਆਂ ਦੀ ਥਾਂ ਜੈਵਿਕ ਤੌਰ ’ਤੇ ਗਲਣਯੋਗ ਲਿਫਾਫਿਆਂ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਗਿਆ। ਪ੍ਰਸ਼ਾਸਨ ਨੇ ਅਪੀਲ ਕੀਤੀ ਕਿ ਹੋਲਾ ਮਹੱਲੇ ਦੌਰਾਨ ਲੰਗਰਾਂ ਅਤੇ ਹੋਰ ਸੇਵਾ ਕੇਂਦਰਾਂ ਵਿੱਚ ਥਰਮੋਕੋਲ ਤੋਂ ਬਣੀ ਕਰੋਕਰੀ ਦੀ ਵਰਤੋਂ ਪੂਰੀ ਤਰ੍ਹਾਂ ਤਿਆਗ ਕੇ ਜੈਵਿਕ ਗਲਣਯੋਗ ਬਰਤਨਾਂ ਨੂੰ ਅਪਣਾਇਆ ਜਾਵੇ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਸਿੰਗਲ ਯੂਜ਼ ਪਲਾਸਟਿਕ ’ਤੇ ਮੁਕੰਮਲ ਪਾਬੰਦੀ ਲਈ ਸਖ਼ਤ ਕਦਮ ਚੁੱਕੇ ਜਾਣਗੇ ਅਤੇ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਅਰੋੜਾ ਦੇ ਸਹਿਯੋਗ ਨਾਲ ਦੁਕਾਨਦਾਰਾਂ ਨੂੰ ਜੈਵਿਕ ਖਪਣਯੋਗ ਲਿਫਾਫੇ ਵੰਡੇ ਗਏ ਤਾਂ ਜੋ ਤਿਉਹਾਰ ਦੌਰਾਨ ਪਲਾਸਟਿਕ ਦੀ ਵਰਤੋਂ ਨੂੰ ਤੁਰੰਤ ਘਟਾਇਆ ਜਾ ਸਕੇ। ਇਸ ਮੌਕੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵਾਤਾਵਰਣ ਇੰਜੀਨੀਅਰਾਂ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਦੁਕਾਨਦਾਰਾਂ ਨੂੰ ਕਚਰਾ ਪ੍ਰਬੰਧਨ, ਵੱਖ-ਵੱਖ ਕਿਸਮ ਦੇ ਕੂੜੇ ਦੀ ਛਾਂਟ ਅਤੇ ਸਾਫ਼-ਸਫ਼ਾਈ ਬਾਰੇ ਵੀ ਜਾਣਕਾਰੀ ਦਿੱਤੀ।
ਪ੍ਰਸ਼ਾਸਨ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਸਾਰੇ ਰਲ ਮਿਲ ਕੇ ਹੋਲਾ ਮਹੱਲੇ ਨੂੰ ਸਾਫ਼-ਸੁਥਰਾ ਅਤੇ ਪ੍ਰਦੂਸ਼ਣ ਰਹਿਤ ਬਣਾਉਣ ਲਈ ਸਹਿਯੋਗ ਕਰਨ, ਤਾਂ ਜੋ ਧਾਰਮਿਕ ਤਿਉਹਾਰ ਦੇ ਨਾਲ-ਨਾਲ ਵਾਤਾਵਰਣ ਦੀ ਰੱਖਿਆ ਵੀ ਯਕੀਨੀ ਬਣਾਈ ਜਾ ਸਕੇ।