ਜ਼ਿਲ੍ਹੇ ਦੀਆਂ ਤਿੰਨਾਂ ਨਗਰ ਕੌਂਸਲਾਂ ਵੱਲੋਂ ਸਰਕਾਰੀ ਗਊਸ਼ਾਲਾ ਲਈ ₹80 ਲੱਖ ਜਾਰੀ ਕਰਨ ਦੇ ਹੁਕਮ – ਅਰਸ਼ ਸਚਰ ਦੇ ਯਤਨਾਂ ਨੂੰ ਮਿਲੀ ਵੱਡੀ ਸਫਲਤਾ
ਫਰੀਦਕੋਟ 27.02.26(ਨਾਇਬ ਰਾਜ)
ਪਿੰਡ ਗੋਲੇਵਾਲਾ ਸਥਿਤ ਜ਼ਿਲ੍ਹੇ ਦੀ ਇਕਲੌਤੀ ਸਰਕਾਰੀ ਗਊਸ਼ਾਲਾ ਵਿੱਚ ਫੰਡਾਂ ਦੀ ਕਮੀ ਅਤੇ ਪ੍ਰਬੰਧਕੀ ਖਾਮੀਆਂ ਕਾਰਨ ਗਉਧਨ ਦੀ ਖਰਾਬ ਹੋ ਰਹੀ ਹਾਲਤ ਦਾ ਮਾਮਲਾ ਉਠਾਏ ਜਾਣ ਤੋਂ ਬਾਅਦ ਹੁਣ ਪ੍ਰਸ਼ਾਸਨ ਵੱਲੋਂ ਢੁਕਵੇਂ ਕਦਮ ਚੁੱਕੇ ਗਏ ਹਨ।
ਸਮਾਜ ਸੇਵੀ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਰਸ਼ ਸਚਰ ਵੱਲੋਂ ਇਸ ਗੰਭੀਰ ਮਸਲੇ ਨੂੰ ਲਗਾਤਾਰ ਉਭਾਰਿਆ ਗਿਆ ਅਤੇ ਮਾਣਯੋਗ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਮਾਨ ਜੀ ਨੂੰ ਲਿਖਤੀ ਪੱਤਰ ਭੇਜ ਕੇ ਦਖ਼ਲਅੰਦਾਜ਼ੀ ਦੀ ਮੰਗ ਕੀਤੀ ਗਈ। ਇਸ ਉਪਰੰਤ ਮੁੱਖ ਮੰਤਰੀ ਦਫ਼ਤਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ।
ਹਾਲ ਹੀ ਵਿੱਚ ਹੋਈਆਂ ਮੀਟਿੰਗਾਂ ਤੋਂ ਬਾਅਦ ਜ਼ਿਲ੍ਹਾ ਪਸ਼ੂ ਭਲਾਈ ਕਮੇਟੀ ਵੱਲੋਂ ਜ਼ਿਲ੍ਹੇ ਦੀਆਂ ਤਿੰਨਾਂ ਨਗਰ ਕੌਂਸਲਾਂ ਨੂੰ ਕਾਊ ਸੈਸ ਤਹਿਤ ਇਕੱਠੀ ਕੀਤੀ ਗਈ ਰਕਮ ਵਿੱਚੋਂ ਕੁੱਲ ₹80 ਲੱਖ ਸਰਕਾਰੀ ਗਊਸ਼ਾਲਾ ਦੇ ਖਾਤੇ ਵਿੱਚ ਜਮ੍ਹਾਂ ਕਰਵਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ, ਤਾਂ ਜੋ ਗਊਸ਼ਾਲਾ ਦੀ ਹਾਲਤ ਵਿੱਚ ਢੁਕਵਾਂ ਸੁਧਾਰ ਲਿਆਂਦਾ ਜਾ ਸਕੇ।
ਅਰਸ਼ ਸਚਰ ਵੱਲੋਂ ਉਠਾਏ ਗਏ ਮੁੱਖ ਸੁਝਾਵ ਗਊਸ਼ਾਲਾ ਵਿੱਚ ਪਸ਼ੂਆਂ ਦੀ ਤਿਮਾਹੀ ਗਿਣਤੀ ਅਤੇ ਟੈਗਿੰਗ ਪ੍ਰਣਾਲੀ ਲਾਗੂ ਕੀਤੀ ਜਾਵੇ , ਹਰ ਮਹੀਨੇ ਟੀਕਾਕਰਣ ਕੈਂਪ ਲਗਾਏ ਜਾਣ , ਬਿਮਾਰ ਪਸ਼ੂਆਂ ਲਈ ਵੱਖਰਾ ਇਲਾਜ ਸ਼ੈਡ ਬਣਾਇਆ ਜਾਵੇ , ਨਿਯਮਿਤ ਸਫ਼ਾਈ ਅਤੇ ਕੂੜਾ ਉਠਾਉਣ ਦੀ ਪੱਕੀ ਵਿਵਸਥਾ ਕੀਤੀ ਜਾਵੇ , ਗੋਬਰ ਇਕੱਠਾ ਕਰਕੇ ਕੰਪੋਸਟ ਯੂਨਿਟ ਸਥਾਪਿਤ ਕੀਤੀ ਜਾਵੇ , ਗਊਸ਼ਾਲਾ ਦੀ ਜ਼ਮੀਨ ਅਤੇ ਰਿਕਾਰਡ ਦੀ ਜਾਂਚ ਕੀਤੀ ਜਾਵੇ ਅਤੇ ਹਰੇ ਚਾਰੇ ਦੀ ਨਿਯਮਿਤ ਸਪਲਾਈ ਯਕੀਨੀ ਬਣਾਈ ਜਾਵੇ।
ਆਰ.ਟੀ.ਆਈ. ਰਾਹੀਂ ਸਾਹਮਣੇ ਆਏ ਤੱਥ ਆਰ.ਟੀ.ਆਈ. ਰਾਹੀਂ ਪ੍ਰਾਪਤ ਜਾਣਕਾਰੀ ਅਨੁਸਾਰ ਸਿਰਫ਼ ਨਗਰ ਕੌਂਸਲ ਫਰੀਦਕੋਟ ਵੱਲੋ ▪ 1 ਅਪ੍ਰੈਲ 2021 ਤੋਂ 31 ਮਾਰਚ 2022 ਤੱਕ ₹5,78,600 ▪ 1 ਅਪ੍ਰੈਲ 2022 ਤੋਂ 31 ਮਾਰਚ 2023 ਤੱਕ ₹6,30,600 ▪ 1 ਅਪ੍ਰੈਲ 2023 ਤੋਂ 31 ਮਾਰਚ 2024 ਤੱਕ ₹6,24,000 ਕਾਊ ਸੈਸ ਦੇ ਨਾਮ ਤੇ ਇਕੱਠੇ ਕੀਤੇ ਗਏ ਸਨ। ਇਸਦੇ ਬਾਵਜੂਦ ਗਊਸ਼ਾਲਾ ਵਿੱਚ ਸਟਾਫ ਦੀ ਘਾਟ ਅਤੇ ਹਰੇ ਚਾਰੇ ਦੀ ਕਮੀ ਕਾਰਨ ਗਉਧਨ ਦੀ ਹਾਲਤ ਚਿੰਤਾਜਨਕ ਬਣੀ ਰਹੀ।
ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਵੱਲੋਂ 2 ਜਨਵਰੀ 2026 ਨੂੰ ਦਿੱਤੇ ਗਏ ਜਵਾਬ ਵਿੱਚ ਵੀ ਮੰਨਿਆ ਗਿਆ ਕਿ ਸਟਾਫ ਦੀ ਘਾਟ ਅਤੇ ਹਰੇ ਚਾਰੇ ਦੀ ਕਮੀ ਪਸ਼ੂਆਂ ਦੀ ਮੌਤ ਦਾ ਇੱਕ ਮੁੱਖ ਕਾਰਣ ਸੀ, ਜਿਸ ਕਾਰਨ ਪਸ਼ੂਆਂ ਨੂੰ ਕੇਵਲ ਸੁੱਕੀ ਤੂੜੀ ਤੇ ਨਿਰਭਰ ਰਹਿਣਾ ਪੈਂਦਾ ਸੀ।
ਪ੍ਰਸ਼ਾਸਨਕ ਹੁਕਮ 20 ਫ਼ਰਵਰੀ ਨੂੰ ਜ਼ਿਲ੍ਹਾ ਪਸ਼ੂ ਭਲਾਈ ਸੋਸਾਇਟੀ-ਕਮ-ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਧਿਕਾਰੀ ਵੱਲੋਂ ਨਗਰ ਕੌਂਸਲ ਫਰੀਦਕੋਟ, ਕੋਟਕਪੂਰਾ ਅਤੇ ਜੈਤੋ ਨੂੰ ਕੁੱਲ ₹80 ਲੱਖ ਗਊਸ਼ਾਲਾ ਦੇ ਖਾਤੇ ਵਿੱਚ ਜਮ੍ਹਾਂ ਕਰਵਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ, ਤਾਂ ਜੋ ਗੋਲੇਵਾਲਾ ਸਥਿਤ ਸਰਕਾਰੀ ਗਊਸ਼ਾਲਾ ਦੀ ਹਾਲਤ ਵਿੱਚ ਢੁਕਵਾਂ ਸੁਧਾਰ ਲਿਆਂਦਾ ਜਾ ਸਕੇ।
ਅਰਸ਼ ਸਚਰ ਨੇ ਕਿਹਾ ਕਿ ਇਹ ਫੈਸਲਾ ਸਿਰਫ਼ ਰਕਮ ਜਾਰੀ ਹੋਣ ਤੱਕ ਸੀਮਿਤ ਨਹੀਂ, ਸਗੋਂ ਜਵਾਬਦੇਹੀ ਅਤੇ ਗਉ-ਸੇਵਾ ਪ੍ਰਤੀ ਸਰਕਾਰ ਦੀ ਵਚਨਬੱਧਤਾ ਦਾ ਪ੍ਰਤੀਕ ਹੈ। ਉਨ੍ਹਾਂ ਮਾਣਯੋਗ ਮੁੱਖ ਮੰਤਰੀ ਪੰਜਾਬ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਦਰਸ਼ੀ ਪ੍ਰਬੰਧਨ ਅਤੇ ਨਿਰੰਤਰ ਨਿਗਰਾਨੀ ਨਾਲ ਗੋਲੇਵਾਲਾ ਸਰਕਾਰੀ ਗਊਸ਼ਾਲਾ ਨੂੰ ਇੱਕ ਮਾਡਲ ਗਊਸ਼ਾਲਾ ਵਜੋਂ ਵਿਕਸਿਤ ਕੀਤਾ ਜਾਵੇਗਾ।