logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਯਾਦਗਾਰ ਹੋ ਨਿੱਬੜਿਆ ਦੋ ਰੋਜ਼ਾ ਪੁਸਤਕ ਮੇਲਾ ਰਾਮਪੁਰਾ ਫੂਲ

24 ਫਰਵਰੀ (ਗਗਨਦੀਪ ਸਿੰਘ) ਰਾਮਪੁਰਾ ਫੂਲ: ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਦੋ ਰੋਜ਼ਾ ਪੁਸਤਕ ਮੇਲਾ ਰਾਮਪੁਰਾ ਫੂਲ (ਬਠਿੰਡਾ) ਆਪਣੀਆਂ ਅਮਿੱਟ ਪੈੜਾਂ ਛੱਡ ਯਾਦਗਾਰ ਹੋ ਨਿੱਬੜਿਆ। ਮੇਲੇ ਦਾ ਪਹਿਲਾ ਦਿਨ ਕਵੀ ਸਤੀ ਕੁਮਾਰ ਰਾਮਪੁਰਾ ਨੂੰ ਸਮਰਪਿਤ ਕੀਤਾ ਗਿਆ ਅਤੇ ਸਤੀ ਕੁਮਾਰ ਜੀ ਦੇ ਪਰਿਵਾਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਪੁਸਤਕ ਮੇਲੇ ਦਾ ਉਦਘਾਟਨ ਮਾਨਯੋਗ SDM ਗੁਰਕਿਰਨਦੀਪ ਸਿੰਘ PCS ਰਾਮਪੁਰਾ ਫੂਲ ਨੇ ਆਪਣੇ ਕਰ ਕਮਲਾਂ ਨਾਲ ਕੀਤਾ ਅਤੇ ਸੁਖਰਾਜ ਸਿੰਘ ਮੰਡੀਕਲਾਂ ਨੇ ਸਟੇਜ ਸੰਚਾਲਨ ਬਾਖੂਬੀ ਢੰਗ ਨਾਲ ਨਿਭਾਇਆ। ਉਦਘਾਟਨੀ ਸੈਸ਼ਨ ਦੌਰਾਨ ਰਾਸ਼ਟਰਪਤੀ ਐਵਾਰਡੀ ਕਵੀਸ਼ਰੀ ਦੇ ਥੰਮ੍ਹ ਰੇਵਤੀ ਪ੍ਰਸ਼ਾਦ ਜੀ ਨੇ ਆਪਣੇ ਸਾਥੀਆਂ ਸਮੇਤ ਕਵੀਸ਼ਰੀ ਗਾਇਨ ਕੀਤਾ ਅਤੇ ਰਾਜਿੰਦਰ ਜਿੰਦਲ, ਸੁਖਮੰਦਰ ਸਿੰਘ ਚੱਠਾ, ਅਸ਼ਵਨੀ ਸ਼ਰਾਫ, ਕੁਲਵੰਤ ਸਿੰਘ ਢੱਡੇ, ਸ਼ਿਵ ਬਾਂਸਲ ਅਤੇ ਹੋਰ ਸਨਮਾਨਯੋਗ ਸਖਸ਼ੀਅਤਾਂ ਨੇ ਸ਼ਮਾ ਰੌਸ਼ਨ ਕੀਤਾ। ਇਸ ਮੌਕੇ ਵਰਿੰਦਰ ਦੀਵਾਨਾ ਅਤੇ ਸਮੂਹ ਮੇਲਾ ਪ੍ਰਬੰਧਕੀ ਟੀਮ ਨੇ ਇਲਾਕੇ ਦੇ ਲੋਕਾਂ ਅਤੇ ਪੁਸਤਕ ਪ੍ਰੇਮੀਆਂ, ਪਾਠਕਾਂ ਦਾ ਸੁਵਾਗਤ ਕੀਤਾ। ਡਾ. ਚਮਨ ਲਾਲ JNU ਜੀ ਨੇ ਵਿਸ਼ਵ ਮਾਂ ਬੋਲੀ ਦਿਵਸ ਮੌਕੇ ਵਿਸ਼ੇਸ਼ ਭਾਸ਼ਣ ਦਿੱਤਾ। ਡਾ. ਨਵਦੀਪ ਸਿੰਘ ਤੇ ਡਾ. ਹਰਗੁਰਪ੍ਰਤਾਪ ਜੀ ਨੇ ਨਰੋਈ ਸਿਹਤ ਬਾਰੇ ਵਿਸ਼ੇਸ਼ ਗੱਲਬਾਤ ਕੀਤੀ। ਇਸ ਸੈਸ਼ਨ ਦੇ ਸੂਤਰਧਾਰ ਹਰਪ੍ਰੀਤ ਹੈਪੀ, ਮੁੱਖ ਮਹਿਮਾਨ ਬੂਟਾ ਸਿੰਘ ਚੌਹਾਨ, ਪ੍ਰਧਾਨਗੀ ਡਾ. ਜਸਬੀਰ ਔਲਖ (ਸੇਵਾ ਮੁਕਤ ਡਿਪਟੀ ਡਾਇਰੈਕਟਰ ਸਿਹਤ ਵਿਭਾਗ) ਜੀ ਰਹੇ। ਤੀਜੇ ਸੈਸ਼ਨ ਦੌਰਾਨ ਕਵੀ ਦਰਬਾਰ ਹੋਇਆ ਜਿਸ ਦੀ ਪ੍ਰਧਾਨਗੀ ਗੁਰਪ੍ਰੀਤ ਮਾਨਸਾ(ਭਾਸ਼ਾ ਅਫ਼ਸਰ ਮਾਨਸਾ) ਤੇ ਪ੍ਰਿੰ. ਰਾਜ ਸਿੰਘ ਬਾਘਾ ਨੇ ਕੀਤੀ ਤੇ ਇਸ ਸੈਸ਼ਨ ਦਾ ਸਟੇਜ ਸੰਚਾਲਨ ਗਗਨ ਫੂਲ ਨੇ ਬਾਖੂਬੀ ਢੰਗ ਨਾਲ ਨਿਭਾਇਆ। ਅਗਲੇ ਸੈਸ਼ਨ ਵਿੱਚ ਬਚਪਨ ਦੀ ਰੌਣਕ ਸਿਰਲੇਖ ਹੇਠ ਸਕੂਲੀ ਬੱਚਿਆਂ ਨੇ ਪੇਸ਼ਕਾਰੀਆਂ ਕੀਤੀਆਂ, ਜਿਸ ਦੀ ਸਟੇਜ ਕਾਰਵਾਈ ਮਾ ਜਗਦੀਪ ਕੁਮਾਰ ਜੀ ਨੇ ਕੀਤੀ ਅਤੇ ਸ਼ਾਮ ਦੀ ਮਹਿਫ਼ਿਲ ਵਿੱਚ ਵਰੁਣ ਦੁੱਗਲ ਜੀ ਨੇ ਜਾਣ ਪਛਾਣ ਕਰਵਾਈ ਅਤੇ ਰੂਹ ਨੂੰ ਛੂਹਦੇ ਸੂਫ਼ੀ ਸੁਰ ਗਾਇਕ ਸਵਾਮੀ ਰਾਜਵੀਰ ਜੀ ਨੇ ਖੂਬ ਰੌਣਕ ਲਗਾਈ ਅਤੇ ਸਵਾਮੀ ਬਲਜਿੰਦਰ ਨੇ ਪ੍ਰਧਾਨਗੀ ਤੇ ਮੁੱਖ ਮਹਿਮਾਨ ਸੁਰਿੰਦਰ ਸਿੰਘ ਰਹੇ। ਪਹਿਲੇ ਦਿਨ ਦੇ ਆਖ਼ਰੀ ਸੈਸ਼ਨ ਵਿੱਚ ਭਟਕਦੇ ਪਰਿੰਦਿਆਂ ਦੀ ਪੁਕਾਰ (ਪਰਿੰਦੇ ਭਟਕ ਗਏ) ਨਾਟਕ ਦੀ ਪੇਸ਼ਕਾਰੀ ਲੋਕ ਮੰਚ ਮੰਡੀ ਮੁੱਲਾਂਪੁਰ ਦੀ ਟੀਮ ਨੇ ਕੀਤੀ ਜਿਸਦੇ ਲੇਖਕ ਤੇ ਨਿਦੇਸ਼ਕ ਹਰਕੇਸ਼ ਚੌਧਰੀ ਹਨ ਤੇ ਇਸ ਸੈਸ਼ਨ ਦੇ ਮੁੱਖ ਮਹਿਮਾਨ ਯੋਗੇਸ਼ ਸਿੰਗਲਾ (ਪ੍ਰਧਾਨ, ਪਬਲਿਕ ਲਾਇਬ੍ਰੇਰੀ, ਰਾਮਪੁਰਾ ਫੂਲ) ਜੀ ਰਹੇ ਤੇ ਪ੍ਰਧਾਨਗੀ ਪ੍ਰਿੰ. ਰਾਜ ਕੁਮਾਰ ਤੇ ਮੈਡਮ ਰੇਸ਼ਮਾਂ ਜੀ ਨੇ ਕੀਤੀ ਅਤੇ ਅੰਤ ਵਿੱਚ ਧੰਨਵਾਦੀ ਸ਼ਬਦ ਮਾ. ਨਿਰਭੈ ਸਿੰਘ ਭੁੱਲਰ ਜੀ ਨੇ ਕਹੇ ਅਤੇ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਅਤੇ ਨਗਰ ਸੁਧਾਰ ਟਰੱਸਟ ਬਠਿੰਡਾ ਦੇ ਚੇਅਰਮੈਨ ਜਤਿੰਦਰ ਸਿੰਘ ਭੱਲਾ ਜੀ ਉਚੇਚੇ ਤੌਰ ਤੇ ਪਹੁੰਚੇ।
ਮੇਲੇ ਦਾ ਦੂਸਰਾ ਦਿਨ ਉਸਤਾਦ ਜਗਸੀਰ ਵਿਯੋਗੀ ਮੰਡੀਕਲਾਂ ਨੂੰ ਸਮਰਪਿਤ ਕੀਤਾ ਗਿਆ ਅਤੇ ਜਗਸੀਰ ਵਿਯੋਗੀ ਜੀ ਦੇ ਪਰਿਵਾਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਪਹਿਲੇ ਸੈਸ਼ਨ ਦੌਰਾਨ ਜਾਣ ਪਛਾਣ ਪ੍ਰੋ. ਬੇਅੰਤ ਪਿੱਥੋ ਨੇ ਕਰਵਾਈ ਅਤੇ ਉਸਤਾਦ ਸਟੇਟ ਐਵਾਰਡੀ ਮਾ. ਜਗਤਾਰ ਸਿੰਘ ਸੋਖੀ ਜੀ ਨੇ ਵਿਆਕਰਨ, ਸ਼ਬਦਜੋੜ ਅਤੇ ਸੁੰਦਰ ਲਿਖਾਈ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ ਤੇ ਸਕੂਲੀ ਬੱਚਿਆਂ ਦੇ ਸੁੰਦਰ ਲਿਖਾਈ ਮੁਕਾਬਲੇ ਵੀ ਕਰਵਾਏ ਗਏ। ਸੁੰਦਰ ਲਿਖਾਈ ਮੁਕਾਬਲੇ ਵਿੱਚ ਵੱਖ ਬੱਚਿਆਂ ਨੇ ਸਥਾਨ ਹਾਸਲ ਕਰ ਸਨਮਾਨ ਪ੍ਰਾਪਤ ਕੀਤਾ। ਦੂਜੇ ਸੈਸ਼ਨ ਵਿੱਚ ਲੇਖਕ ਅਲਫਾਜ਼ ਦਾ ਰੂ-ਬ-ਰੂ ਹੋਇਆ ਜਿਸ ਦੇ ਸੂਤਰਧਾਰ ਪ੍ਰਿੰ. ਤਰਲੋਕ ਬੰਧੂ ਜੀ ਰਹੇ ਅਤੇ ਪ੍ਰਧਾਨਗੀ ਜਸਪਾਲ ਮਾਨਖੇੜਾ ਨੇ ਕੀਤੀ ਤੇ ਨਿਰੰਜਨ ਬੋਹਾ ਜੀ ਮੁੱਖ ਮਹਿਮਾਨ ਰਹੇ। ਤੁਰੰਤ ਬਾਅਦ ਪ੍ਰਸਿੱਧ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਜੀ ਦਾ ਰੂ-ਬ-ਰੂ ਹੋਇਆ ਜਿਸ ਦੇ ਸੂਤਰਧਾਰ ਯਸਪਾਲ ਬਾਹੀਆ ਜੀ ਰਹੇ ਤੇ ਪ੍ਰਧਾਨਗੀ ਅਤਰਜੀਤ ਕਹਾਣੀਕਾਰ ਤੇ ਡਾ. ਉਜਾਗਰ ਸਿੰਘ ਜੀ ਮੁੱਖ ਮਹਿਮਾਨ ਰਹੇ। ਪਾਠਕਾਂ ਦੇ ਵਲਵਲੇ ਸ਼ੈਸ਼ਨ ਵਿੱਚ ਓਪਨ ਮਾਈਕ ਰੱਖਿਆ ਗਿਆ ਜਿਸ ਵਿੱਚ ਸੁਖਦੀਪ ਸੋਨੀ ਢਿੱਲੋਂ ਅਤੇ ਗਗਨ ਫੂਲ ਸਟੇਜ ਸੰਚਾਲਕ ਰਹੇ। ਚੌਥੇ ਸ਼ੈਸ਼ਨ ਨੂੰ ਸੁਖਰਾਜ ਮੰਡੀਕਲਾਂ ਜੀ ਨੇ ਬਾਖੂਬੀ ਢੰਗ ਨਾਲ ਚਲਾਇਆ ਜਿਸ ਵਿੱਚ ਸੂਫ਼ੀਆਨਾ ਮਹਿਫ਼ਲ ਸਜੀ, ਇਸ ਮਹਿਫ਼ਿਲ ਵਿੱਚ ਡਾ. ਵਿਜੇ ਭੱਟੀ ਜੀ ਨੇ ਸਾਰਾ ਮੇਲਾ ਨੱਚਣ ਲਾ ਦਿੱਤਾ, ਪ੍ਰਧਾਨਗੀ ਗੁਰਪ੍ਰੀਤ ਆਰਟਿਸਟ ਬਠਿੰਡਾ ਨੇ ਕੀਤੀ ਤੇ ਡਾ. ਬਲਦੇਵ ਸ਼ੇਰਗਿੱਲ ਜੀ ਮੁੱਖ ਮਹਿਮਾਨ ਰਹੇ। ਆਖਰੀ ਸੈਸ਼ਨ ਵਿੱਚ ਪ੍ਰਸਿੱਧ ਸ਼ਾਇਰਾ ਸੁਖਵਿੰਦਰ ਅੰਮ੍ਰਿਤ ਦੀ ਜੀਵਨੀ ਤੇ ਅਧਾਰਿਤ ਨਾਟਕ ਜਿਸ ਦੇ ਲੇਖਕ ਤੇ ਨਿਰਦੇਸ਼ਕ ਰਾਜਵਿੰਦਰ ਸਮਰਾਲਾ ਜੀ ਹਨ, ਨਾਟਕ ਰਾਹਾਂ ਵਿੱਚ ਅੰਗਿਆਰ ਬੜੇ ਸੀ ਦੀ ਬਾਕਮਾਲ ਪੇਸ਼ਕਾਰੀ ਆਰਟਿਸਟ ਕਮਲਜੀਤ ਕੌਰ (ਕਮਲ ਨੂਰ) ਜੀ ਨੇ ਕੀਤੀ ਅਤੇ ਸਾਰਾ ਮੇਲਾ ਹੀ ਲੁੱਟ ਲਿਆ। ਮੇਲੇ ਦੌਰਾਨ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਜੀ ਨੇ ਮੇਲੇ ਵਿੱਚ ਕਿਤਾਬਾਂ ਖਰੀਦ ਪੁਸਤਕ ਵਿਕਰੇਤਾ ਦਾ ਹੌਸਲਾ ਵਧਾਇਆ ਅਤੇ ਨਾਟਕ ਦਾ ਅਨੰਦ ਮਾਣਿਆ ਅਤੇ 11 ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਮੇਲਾ ਪ੍ਰਬੰਧਕਾਂ ਨੂੰ ਦਿੱਤੀ। ਇਸ ਸੈਸ਼ਨ ਦੀ ਪ੍ਰਧਾਨਗੀ ਸੁਖਵਿੰਦਰ ਅੰਮ੍ਰਿਤ ਜੀ ਤੇ ਓਲੰਪੀਅਨ ਅਤੇ ਅਰੁਜਨਾ ਐਵਾਰਡੀ ਅਵਨੀਤ ਕੌਰ ਸਿੱਧੂ (ਏ. ਆਈ. ਜੀ, ਪੰਜਾਬ ਪੁਲਿਸ) ਜੀ ਮੁੱਖ ਮਹਿਮਾਨ ਰਹੇ ਅਤੇ ਨੀਤੂ ਅਰੋੜਾ, ਅੰਮ੍ਰਿਤ ਕਲੇਰ ਜੀ ਵਿਸ਼ੇਸ਼ ਮਹਿਮਾਨ ਰਹੇ। ਮੇਲੇ ਦੌਰਾਨ ਗ੍ਰੀਨ ਮਿਸ਼ਨ ਸੁਸਾਇਟੀ ਰਾਮਪੁਰਾ ਫੂਲ ਵੱਲੋਂ ਪੌਦਿਆਂ ਦੀ ਪ੍ਰਦਰਸ਼ਨੀ ਲਗਾਈ ਗਈ। ਮਾ. ਸੁਰਿੰਦਰ ਖੋਖਰ ਜੀ ਨੇ ਲਾਈਵ ਪੇਂਟਿੰਗ ਦੀ ਕਲਾ ਵਿਖਾਈ ਅਤੇ ਅੰਤ ਵਿੱਚ ਸੁਖਰਾਜ ਮੰਡੀਕਲਾਂ ਜੀ ਅਤੇ ਸਮੂਹ ਮੇਲਾ ਪ੍ਰਬੰਧਕ ਟੀਮ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ ਅਤੇ ਵੱਖ ਵੱਖ ਸੰਸਥਾਵਾਂ ਅਤੇ ਸੁਸਾਇਟੀਆਂ ਦੇ ਵੰਨ ਸੁਵੰਨੇ ਸੁਮੇਲ ਨਾਲ ਇਹ ਮੇਲਾ ਆਪਣੀਆਂ ਸ਼ਿਖਰਾਂ ਨੂੰ ਛੂੰਹਦਾ ਯਾਦਗਾਰ ਹੋ ਨਿੱਬੜਿਆ। ਅਗਰਵਾਲ ਸਭਾ ਰਾਮਪੁਰਾ ਫੂਲ ਵੱਲੋਂ ਮੇਲਾ ਪ੍ਰਬੰਧਕ ਟੀਮ ਦਾ ਸਨਮਾਨ ਕੀਤਾ ਗਿਆ।

0
617 views

Comment