logo

ਪਿੰਡ ਗੋਲੇਵਾਲਾ ਵਿੱਚ ਪ੍ਰਾਈਮਰੀ ਹੈਲਥ ਸੈਂਟਰ ਦੇ ਨਿਰਮਾਣ ਲਈ 2.16 ਕਰੋੜ ਰੁਪਏ ਮਨਜ਼ੂਰ-ਸੇਖੋਂ



ਫ਼ਰੀਦਕੋਟ 19 ਫਰਵਰੀ 26 (ਨਾਇਬ ਰਾਜ)

ਹਲਕਾ ਫ਼ਰੀਦਕੋਟ ਦੇ ਪਿੰਡ ਗੋਲੇਵਾਲਾ, ਬਲਾਕ ਅਤੇ ਜ਼ਿਲ੍ਹਾ ਫ਼ਰੀਦਕੋਟ ਵਿੱਚ 24 ਘੰਟੇ ਚੱਲਣ ਵਾਲੇ ਪ੍ਰਾਈਮਰੀ ਹੈਲਥ ਸੈਂਟਰ ਦੀ ਆਧੁਨਿਕ ਇਮਾਰਤ ਦੇ ਨਿਰਮਾਣ ਲਈ 2 ਕਰੋੜ 16 ਲੱਖ 70 ਹਜ਼ਾਰ ਰੁਪਏ ਦੀ ਲਾਗਤ ਨਾਲ ਪ੍ਰੋਜੈਕਟ ਮਨਜ਼ੂਰ ਕੀਤਾ ਗਿਆ ਹੈ। ਇਹ ਜਾਣਕਾਰੀ ਵਿਧਾਇਕ ਫ਼ਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਨੇ ਦਿੱਤੀ।

ਉਨ੍ਹਾਂ ਦੱਸਿਆ ਕਿ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਵੱਲੋਂ ਇਸ ਪ੍ਰੋਜੈਕਟ ਲਈ ਟੈਂਡਰ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦ ਹੀ ਨਿਰਮਾਣ ਕਾਰਜ ਆਰੰਭ ਹੋਣ ਦੀ ਸੰਭਾਵਨਾ ਹੈ।

ਵਿਧਾਇਕ ਸ. ਸੇਖੋਂ ਨੇ ਦੱਸਿਆ ਕਿ ਇਸ ਦਿਨ-ਰਾਤ ਚੱਲਣ ਵਾਲੇ ਸਿਹਤ ਕੇਂਦਰ ਦੇ ਬਣਨ ਨਾਲ ਪਿੰਡ ਗੋਲੇਵਾਲਾ ਸਮੇਤ ਆਸ-ਪਾਸ ਦੇ ਪਿੰਡਾਂ ਦੇ ਵਸਨੀਕਾਂ ਨੂੰ ਬਿਹਤਰ, ਤੁਰੰਤ ਅਤੇ ਗੁਣਵੱਤਾਪੂਰਕ ਸਿਹਤ ਸਹੂਲਤਾਂ ਉਪਲਬਧ ਹੋਣਗੀਆਂ। ਖ਼ਾਸ ਤੌਰ ’ਤੇ ਐਮਰਜੈਂਸੀ ਸਥਿਤੀਆਂ ਵਿੱਚ ਲੋਕਾਂ ਨੂੰ ਦੂਰ ਵਾਲੇ ਹਸਪਤਾਲਾਂ ਵਿੱਚ ਜਾਣ ਦੀ ਲੋੜ ਘੱਟ ਪਵੇਗੀ, ਜਦਕਿ ਮਾਤਾ-ਸ਼ਿਸ਼ੂ ਸਿਹਤ ਸੇਵਾਵਾਂ, ਟੀਕਾਕਰਨ, ਪ੍ਰਾਇਮਰੀ ਇਲਾਜ ਅਤੇ ਹੋਰ ਬੁਨਿਆਦੀ ਸਹੂਲਤਾਂ ਵਿੱਚ ਵੱਡਾ ਸੁਧਾਰ ਆਵੇਗਾ।

ਉਨ੍ਹਾਂ ਕਿਹਾ ਕਿ ਇਹ ਮਹੱਤਵਪੂਰਨ ਪ੍ਰੋਜੈਕਟ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਦੂਰਦਰਸ਼ੀ ਸੋਚ ਅਤੇ ਲੋਕ-ਹਿਤੈਸ਼ੀ ਨੀਤੀਆਂ ਦਾ ਨਤੀਜਾ ਹੈ। ਇਸ ਮੌਕੇ ਹਲਕਾ ਫ਼ਰੀਦਕੋਟ ਦੀ ਜਨਤਾ ਵੱਲੋਂ ਮੁੱਖ ਮੰਤਰੀ ਅਤੇ ਸੰਬੰਧਿਤ ਮੰਤਰੀ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਪ੍ਰਗਟ ਕੀਤਾ ਗਿਆ। ਉਨ੍ਹਾਂ ਕਿਹਾ ਕਿ ਹਲਕੇ ਦੇ ਸਰਵਪੱਖੀ ਵਿਕਾਸ ਅਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਉਹ ਲਗਾਤਾਰ ਯਤਨਸ਼ੀਲ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਦੇ ਹੋਰ ਵਿਕਾਸ ਕਾਰਜ ਕਰਵਾਏ ਜਾਣਗੇ।

0
0 views