logo

ਪੰਜਾਬ ਪੁਲਿਸ ਵੱਲੋਂ ਕਿਸਾਨਾਂ ਤੇ ਚਲਾਏ ਅੱਥਰੂ ਗੈਸ ਦੇ ਗੋਲੇ ਕਈ ਕਿਸਾਨ ਜ਼ਖ਼ਮੀ

ਰਾਮਪੁਰਾ, 18 ਫਰਵਰੀ ਅੱਜ ਪਿੰਡ ਜਿਉਂਦ ਦੀ ਸੱਥ ਵਿੱਚ ਬਠਿੰਡਾ ਧਰਨੇ ਤੇ ਜਾਣ ਲਈ ਇਕੱਠੇ ਹੋਏ ਕਿਸਾਨਾਂ ਤੇ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਦੀਆਂ ਹਦਾਇਤਾਂ ਤੇ ਬਠਿੰਡਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਧਾੜਵੀਆਂ ਵਾਂਗ ਹੱਲਾ ਬੋਲ ਦਿੱਤਾ ਜਿਸ ਨਾਲ ਦੋ ਕਿਸਾਨ ਗੰਭੀਰ ਫੱਟੜ ਹੋ ਗਏ, ਮਜਦੂਰਾਂ ਨੂੰ ਘਰਾਂ ਵਿੱਚ ਵੜ ਕੇ ਕੁੱਟਿਆ ਗਿਆ, ਘਰਾਂ ਦਾ ਸਮਾਨ ਤੋੜ ਦਿੱਤਾ ਅਤੇ ਪਸੂਆਂ ਦਾ ਨੁਕਸਾਨ ਕੀਤਾ। ਦਸ ਮਹੀਨਿਆਂ ਤੋਂ ਵੱਧ ਝੂਠੇ ਕੇਸ ਚ ਬੰਦ ਬਠਿੰਡਾ ਜੇਲ ਵਿੱਚ ਦੋ ਕਿਸਾਨਾਂ ਬਲਦੇਵ ਸਿੰਘ ਚੌਕੇ ਤੇ ਸਗਨਦੀਪ ਸਿੰਘ ਜਿਉਂਦ ਦੀ ਰਿਹਾਈ ਲਈ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਬਠਿੰਡਾ ਦੇ ਡਿਪਟੀ ਦਫਤਰ ਅੱਗੇ ਇੱਕ ਦਿਨ ਦਾ ਧਰਨਾ ਦੇਣਾ ਸੀ ਪਰ ਇਸ ਤੋਂ ਪਹਿਲਾਂ ਸੂਬੇ ਭਰ ਵਿੱਚ ਪੁਲਿਸ ਫੋਰਸ ਵੱਲੋਂ ਕਿਸਾਨਾਂ ਦੇ ਘਰਾਂ ਵਿੱਚ ਅੱਧੀ ਰਾਤ ਤੋਂ ਛਾਪੇਮਾਰੀ ਸ਼ੁਰੂ ਕਰ ਦਿੱਤੀ ਜਿਸ ਦੌਰਾਨ ਬਠਿੰਡਾ ਜ਼ਿਲ੍ਹੇ ਦੇ ਛੇ ਕਿਸਾਨਾਂ ਅਤੇ ਇੱਕ ਔਰਤ ਗੋਰਾ ਸਿੰਘ ਬੁਰਜ ਮਹਿਮਾਂ, ਭੋਲਾ ਸਿੰਘ ਸਰਜਾ ਮਹਿਮਾ, ਲਛਮਣ ਸਿੰਘ ਰਾਏ ਕੇ ਕਲਾਂ, ਤਾਰਾ ਸਿੰਘ ਪਥਰਾਲਾ,ਚੂਹੜ ਸਿੰਘ ਬਦਿਆਲਾ, ਜਸਵੰਤ ਸਿੰਘ ਘੜੈਲੀ ਅਤੇ ਮੌੜ ਚੜਤ ਸਿੰਘ ਦੇ ਪਿੰਡ ਆਗੂ ਦੇ ਘਰਵਾਲੀ ਮਨਜੀਤ ਕੌਰ ਨੂੰ ਵੀ ਗ੍ਰਿਫਤਾਰ ਕਰ ਲਿਆ। ਅੱਜ ਜਦੋਂ ਧਰਨੇ ਤੇ ਜਾਣ ਲਈ ਕਿਸਾਨ ਬਠਿੰਡਾ ਡੀਸੀ ਦਫਤਰ ਤੋਂ ਲਗਭਗ 40- 50 ਕਿਲੋਮੀਟਰ ਦੂਰ ਪਿੰਡ ਜਿਉਂਦ ਵਿਖੇ ਇਕੱਠੇ ਹੋਏ ਤਾਂ ਪਿੰਡ ਦੀ ਸੱਥ ਵਿੱਚ ਬੈਠੇ ਕਿਸਾਨਾਂ ਤੇ ਹੀ ਪੁਲਿਸ ਵੱਲੋਂ ਲਾਠੀਆਂ, ਅਥਰੂ ਗੈਸ ਦੇ ਗੋਲਿਆਂ ਤੇ ਰੋੜਿਆਂ ਨਾਲ ਹਮਲਾ ਕਰ ਦਿੱਤਾ ਅਤੇ ਮਜ਼ਦੂਰਾਂ ਦੀ ਘਰਾਂ ਵਿੱਚ ਵੜ ਕੇ ਕੁੱਟ ਮਾਰ ਕੀਤੀ ਜਿਸ ਨਾਲ ਪਿੰਡ ਮਾੜੀ ਦੇ ਕਿਸਾਨ ਚਰਨਜੀਤ ਸਿੰਘ ਨੂੰ ਕੁੱਟ ਕੁੱਟ ਕੇ ਉਸਦੀਆਂ ਲੱਤ ਤੋੜ ਦਿੱਤੀ ਤੇ ਸਿਰ ਚ ਸੱਟ ਲੱਗ ਗਈ, ਪਿੰਡ ਜਿਉਂਦ ਦੇ ਕਿਸਾਨ ਪੁਨੀਤ ਸਿੰਘ ਦੇ ਹੱਥ ਤੇ ਪੁਲਿਸ ਵੱਲੋਂ ਸੁੱਟਿਆ ਗੋਲਾ ਵੱਜਿਆ ਜਿਸ ਨਾਲ ਉਸਦਾ ਹੱਥ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਤੇ ਉਸ ਨੂੰ ਡੀਐਮਸੀ ਲੁਧਿਆਣਾ ਵਿਖੇ ਰੈਫਰ ਕੀਤਾ ਗਿਆ, ਇਸ ਦੌਰਾਨ ਹਰਜੀਤ ਕੌਰ ਨੂੰ ਗ੍ਰਿਫਤਾਰ ਕਰ ਲਿਆ, ਸਰਬਜੀਤ ਸਿੰਘ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਘਰੇ ਵੜ ਕੇ ਕੁੱਟਿਆ ਗਿਆ ਤੇ ਗਿਰਫ਼ਤਾਰ ਕੀਤਾ, ਘਰ ਬੈਠੇ ਮਜ਼ਦੂਰ ਜਗਸੀਰ ਸਿੰਘ ਨੂੰ ਕੁੱਟਿਆ, ਮਲਕੀਤ ਕੌਰ ਦੇ ਘਰ ਵਿੱਚ ਪੁਲਿਸ ਵੱਲੋਂ ਪੱਥਰ ਮਾਰੇ, ਘਰ ਚ ਖੜੀ ਕਾਰ ਦਾ ਅਥਰੂ ਗੈਸ ਦੇ ਗੋਲੇ ਨਾਲ ਸੀਸਾ ਟੁੱਟਿਆ, ਅੱਥਰੂ ਗੈਸ ਨਾਲ ਮਜ਼ਦੂਰਾਂ ਦੀਆਂ ਬੱਕਰੀਆਂ ਬੇਹੋਸ਼ ਹੋ ਗਈਆਂ । ਇਸ ਸਬੰਧੀ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਜਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਅਤੇ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਜੋ ਧਰਨੇ ਲੱਗਣ ਤੋਂ ਬਿਨਾਂ ਹੀ ਮਸਲੇ ਹੱਲ ਕਰਨ ਦਾ ਵਾਅਦਾ ਕਰਕੇ ਪੰਜਾਬ ਦੀ ਰਾਜ ਗੱਦੀ ਤੇ ਆਈ ਸੀ, ਨੇ ਅੱਜ ਪਿੰਡ ਵਿੱਚ ਬੈਠੇ ਕਿਸਾਨਾਂ ਤੇ ਹੀ ਭਾਰੀ ਜਬਰ ਕਰਨ ਦਾ ਇਤਿਹਾਸ ਰਚ ਦਿੱਤਾ । ਉਹਨਾਂ ਕਿਹਾ ਕਿ ਸਰਕਾਰ ਨੂੰ ਭਰਮ ਹੈ ਕਿ ਲਾਠੀਆਂ ਗੋਲੀਆਂ ਅਤੇ ਜੇਲਾਂ ਚ ਸੁੱਟ ਕੇ ਸੱਚ ਦੀ ਆਵਾਜ਼ ਨੂੰ ਦਬਾਇਆ ਜਾ ਸਕਦਾ ਹੈ ਪਰ ਇਹ ਕਦੇ ਨਹੀਂ ਦੱਬਦੀ ਤੇ ਅੱਜ ਜੇਲ ਚ ਬੰਦ ਕਿਸਾਨ ਆਗੂਆਂ ਨੂੰ ਜਮਾਨਤ ਮਿਲਣ ਤੇ ਸੰਘਰਸ਼ ਦੀ ਵੱਡੀ ਜਿੱਤ ਹੈ। ਉਹਨਾਂ ਕਿਹਾ ਕਿ ਇਹਨਾਂ ਆਗੂਆਂ ਦੀ ਰਿਹਾਈ ਲਈ ਜ਼ਿਲਾ ਪ੍ਰਸ਼ਾਸਨ ਜੂਨ 2025 ਤੋਂ ਵਾਅਦੇ ਕਰ ਰਿਹਾ ਹੈ ਕਿ ਕਿਸਾਨ ਦੋ- ਚਾਰ ਦਿਨਾਂ ਜਾਂ ਹਫਤੇ ਅੰਦਰ ਰਿਹਾਅ ਕਰ ਦਿੱਤੇ ਜਾਣਗੇ ਪਰ ਅੱਜ ਅੱਠ ਮਹੀਨਿਆਂ ਦੇ ਵਕਫੇ ਦੌਰਾਨ ਕੀਤੇ ਜਾ ਰਹੇ ਵੱਖ ਵੱਖ ਸਮਿਆਂ ਚ ਵਾਅਦਿਆਂ ਤਹਿਤ ਕਿਸਾਨ ਤਾਂ ਰਿਹਾਅ ਕੀ ਕਰਨੇ ਸੀ ਕਿਸਾਨਾਂ ਤੇ ਹੀ ਪਹਿਲਾਂ 6 ਫਰਵਰੀ ਤੇ ਅੱਜ ਫੇਰ ਜਬਰ ਢਾਇਆ ਅਤੇ ਕਿਸਾਨਾਂ ਤੇ ਹੀ ਹੋਰ ਪਰਚੇ ਦਰਜ ਕਰ ਲਏ ਗਏ। ਉਹਨਾਂ ਮੰਗ ਕੀਤੀ ਕਿ ਕਿਸੇ ਨਿਰਪੱਖ ਏਜੰਸੀ ਤੋਂ ਪੜਤਾਲ ਕਰਵਾ ਕੇ ਸ਼ਾਂਤਮਈ ਪਿੰਡ ਵਿੱਚ ਬੈਠੇ ਕਿਸਾਨਾਂ ਤੇ ਹਮਲਾ ਕਰਨ ਵਾਲੇ ਜਿੰਮੇਵਾਰ ਅਧਿਕਾਰੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ, ਜਖਮੀਆਂ ਦਾ ਇਲਾਜ ਮਾਹਰ ਡਾਕਟਰਾਂ ਤੋਂ ਸਰਕਾਰੀ ਖਰਚੇ ਤੇ ਕਰਵਾਇਆ ਜਾਵੇ, ਸਾਰੇ ਜਖਮੀਆਂ ਨੂੰ ਢੁਕਮਾ ਮੁਆਵਜਾ ਦਿੱਤਾ ਜਾਵੇ, ਇਸ ਅੰਦੋਲਨ ਦੌਰਾਨ ਪਾਏ ਸਾਰੇ ਝੂਠੇ ਪੁਲਿਸ ਕੇਸ ਰੱਦ ਕੀਤੇ ਜਾਣ, ਕਿਸਾਨ ਆਗੂ ਬਲਦੇਵ ਸਿੰਘ ਚੌਕੇ ਤੇ ਸਗਨਦੀਪ ਸਿੰਘ ਜਿਉਂਦ ਤੇ ਦਰਜ ਕੀਤੀ ਇਰਾਦਾ ਕਤਲ ਦੀ ਧਾਰਾ ਤੋੜੀ ਜਾਵੇ। ਅੱਜ ਬਠਿੰਡਾ ਜਿਲਾ ਦੇ ਬੁਲਾਰਿਆਂ ਤੋਂ ਇਲਾਵਾ ਜਿਲ੍ਹਾ ਮੁਕਤਸਰ ਸਾਹਿਬ ਦੇ ਜ਼ਿਲਾ ਆਗੂ ਗੁਰਪਾਸ ਸਿੰਘ ਸਿੰਘੇਵਾਲਾ ਅਤੇ ਜਿਲਾ ਮੋਗਾ ਦੇ ਆਗੂ ਬੂਟਾ ਸਿੰਘ ਭਾਗੀ ਕੇ ਨੇ ਵੀ ਸੰਬੋਧਨ ਕੀਤਾ।

22
1702 views