logo

ਹੋਲਾ ਮਹੱਲਾ ਦੌਰਾਨ ਹਰ ਸ਼ਰਧਾਲੂ ਲਈ ਪ੍ਰਬੰਧਾਂ ਅਤੇ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਵਚਨਬੱਧ- ਡਿਪਟੀ ਕਮਿਸ਼ਨਰ

ਹੋਲਾ ਮਹੱਲਾ ਦੌਰਾਨ ਹਰ ਸ਼ਰਧਾਲੂ ਲਈ ਪ੍ਰਬੰਧਾਂ ਅਤੇ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਵਚਨਬੱਧ- ਡਿਪਟੀ ਕਮਿਸ਼ਨਰ
ਸੁਰੱਖਿਆ ਵਿਵਸਥਾ ਅਤੇ ਸੁਚਾਰੂ ਟ੍ਰੈਫਿਕ ਪ੍ਰਬੰਧਾਂ ਨਾਲ ਹੋਲਾ ਮਹੱਲਾ ਸੁਰੱਖਿਅਤ ਅਤੇ ਸ਼ਾਂਤੀਪੂਰਨ ਢੰਗ ਨਾਲ ਮਨਾਇਆ ਜਾਵੇਗਾ - ਐੱਸਐੱਸਪੀ ਮਨਿੰਦਰ ਸਿੰਘ
ਹੋਲਾ ਮਹੱਲਾ ਦੌਰਾਨ ਸ਼ਰਧਾਲੂਆਂ ਦੀ ਸਹੂਲਤ ਲਈ ਅਧਿਕਾਰੀ ਸੇਵਾ ਦੀ ਭਾਵਨਾ ਨਾਲ ਕੰਮ ਕਰਨ - ਡਿਪਟੀ ਕਮਿਸ਼ਨਰ
ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਪ੍ਰਬੰਧਾਂ ਸਬੰਧੀ ਡਿਪਟੀ ਕਮਿਸ਼ਨਰ ਅਦਿੱਤਿਆ ਡਚਲਵਾਲ ਨੇ ਕੀਤੀ ਮੀਟਿੰਗ
ਕੀਰਤਪੁਰ ਸਾਹਿਬ ਵਿਚ 27, 28 ਫਰਵਰੀ ਤੋਂ 01 ਮਾਰਚ ਤੇ ਸ੍ਰੀ ਅਨੰਦਪੁਰ ਸਾਹਿਬ ਵਿਚ 02 ਤੋਂ 04 ਮਾਰਚ ਤੱਕ ਮਨਾਇਆ ਜਾਵੇਗਾ ਹੋਲਾ ਮਹੱਲਾ ਤਿਉਹਾਰ
ਸ੍ਰੀ ਅਨੰਦਪੁਰ ਸਾਹਿਬ 06 ਫਰਵਰੀ: ਸ੍ਰੀ ਅਦਿੱਤਿਆ ਡਚਲਵਾਲ ਆਈਏਐਸ ਡਿਪਟੀ ਕਮਿਸ਼ਨਰ ਰੂਪਨਗਰ ਨੇ ਅੱਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਇਕ ਸਮੀਖਿਆ ਮੀਟਿੰਗ ਕਰਦਿਆਂ ਪੰਜਾਬ ਦੇ ਸਭ ਤੋਂ ਮਹੱਤਵਪੂਰਨ ਧਾਰਮਿਕ ਅਤੇ ਸੱਭਿਆਚਾਰਕ ਹੋਲਾ ਮਹੱਲਾ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ।
ਉਨ੍ਹਾਂ ਕਿਹਾ ਕਿ ਹੋਲਾ ਮਹੱਲਾ ਮੌਕੇ ਆਉਣ ਵਾਲੇ ਸ਼ਰਧਾਲੂਆਂ ਨੂੰ ਸੁਵਿਧਾ ਦੇਣਾ ਜ਼ਿਲ੍ਹਾ ਪ੍ਰਸ਼ਾਸਨ ਦੀ ਸਭ ਤੋਂ ਵੱਡੀ ਤਰਜੀਹ ਹੋਣੀ ਚਾਹੀਦੀ ਹੈ। ਇਸ ਪਵਿੱਤਰ ਦਿਹਾੜੇ ਮੌਕੇ ਦੇਸ਼-ਵਿਦੇਸ਼ ਤੋਂ ਲੱਖਾਂ ਸ਼ਰਧਾਲੂ ਸ੍ਰੀ ਅਨੰਦਪੁਰ ਸਾਹਿਬ ਪਹੁੰਚਣਗੇ, ਇਸ ਲਈ ਹਰ ਵਿਭਾਗ ਆਪਸੀ ਤਾਲਮੇਲ ਨਾਲ ਕੰਮ ਕਰੇ ਤਾਂ ਜੋ ਕਿਸੇ ਵੀ ਯਾਤਰੀ ਨੂੰ ਕੋਈ ਮੁਸ਼ਕਲ ਨਾ ਆਵੇ।
ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਾਰੀਆਂ ਸੜਕਾਂ ਦੀ ਬਿਹਤਰ ਕਨੈਕਟਿਵਿਟੀ, ਬਿਨਾਂ ਰੁਕਾਵਟ ਬਿਜਲੀ ਸਪਲਾਈ, ਪੀਣ ਵਾਲੇ ਸਾਫ਼ ਪਾਣੀ ਦੇ ਸੁਚਾਰੂ ਪ੍ਰਬੰਧ ਅਤੇ ਸਾਰੇ ਮਾਰਗਾਂ ਉਤੇ ਖੇਤਰਾਂ ਵਿੱਚ ਪੂਰੀ ਤਰ੍ਹਾਂ ਸਟ੍ਰੀਟ ਲਾਈਟਾਂ ਚੱਲਣੀਆਂ ਯਕੀਨੀ ਬਣਾਈਆਂ ਜਾਣ।
ਡਿਪਟੀ ਕਮਿਸ਼ਨਰ ਨੇ ਪਾਰਕਿੰਗ, ਫੌਗਿੰਗ, ਸਫਾਈ ਅਤੇ ਕੂੜਾ ਪ੍ਰਬੰਧਨ ਨੂੰ ਸੁਚਾਰੂ ਬਣਾਉਣ ’ਤੇ ਵੀ ਖਾਸ ਜ਼ੋਰ ਦਿੱਤਾ ਅਤੇ ਸਿਹਤ ਤੇ ਪਸ਼ੂ ਚਿਕਿਤਸਾ ਟੀਮਾਂ ਨੂੰ ਚੌਕਸ ਰਹਿਣ ਅਤੇ ਤੁਰੰਤ ਸੇਵਾਵਾਂ ਲਈ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ ਗਏ।
ਉਨ੍ਹਾਂ ਨੇ ਕਿਹਾ ਕਿ ਸ਼ਟਲ ਸੇਵਾਵਾਂ ਸਾਰੇ ਨਿਰਧਾਰਤ ਖੇਤਰਾਂ ਵਿੱਚ ਸੁਚਾਰੂ ਢੰਗ ਨਾਲ ਚੱਲਣਗੀਆਂ। ਇਸ ਤੋਂ ਇਲਾਵਾ ਹੈਲਪ ਡੈਸਕ, ਸੀਸੀਟੀਵੀ ਕੈਮਰੇ, ਐਲਈਡੀ ਜਾਣਕਾਰੀ ਬੋਰਡ ਅਤੇ ਹੋਰ ਲੋੜੀਂਦੀਆਂ ਸੁਵਿਧਾਵਾਂ ਸਮੇਂ ਸਿਰ ਸਥਾਪਤ ਕਰਕੇ ਪੂਰੀ ਤਰ੍ਹਾਂ ਕਾਰਗਰ ਬਣਾਈਆਂ ਜਾਣ।
ਇਸ ਮੌਕੇ ਸੰਬੋਧਨ ਕਰਦਿਆਂ ਸੀਨੀਅਰ ਪੁਲਿਸ ਕਪਤਾਨ ਮਨਿੰਦਰ ਸਿੰਘ ਨੇ ਦੱਸਿਆ ਕਿ ਹੋਲਾ ਮਹੱਲਾ ਦੌਰਾਨ ਕਾਨੂੰਨ ਅਤੇ ਵਿਵਸਥਾ ਬਣਾਈ ਰੱਖਣ ਲਈ ਪੁਲਿਸ ਵਿਭਾਗ ਪੂਰੀ ਤਰ੍ਹਾਂ ਤਿਆਰ ਹੈ। ਟ੍ਰੈਫਿਕ ਨਿਯੰਤਰਨ, ਪ੍ਰਬੰਧਨ ਅਤੇ ਸ਼ਰਧਾਲੂਆਂ ਦੀ ਸੁਰੱਖਿਆ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਅਤੇ ਮੁੱਖ ਸਥਾਨਾਂ ’ਤੇ ਯੋਜਨਾਬੱਧ ਢੰਗ ਨਾਲ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ।
ਉਨ੍ਹਾਂ ਇਹ ਵੀ ਦੱਸਿਆ ਕਿ ਕਿਸੇ ਵੀ ਅਣਸੁਖਾਵੀ ਘਟਨਾ ਤੋਂ ਬਚਣ ਲਈ ਅਸਮਾਜਿਕ ਤੱਤਾਂ ’ਤੇ ਕੜੀ ਨਜ਼ਰ ਰੱਖੀ ਜਾਵੇਗੀ। ਸੀਸੀਟੀਵੀ ਨਿਗਰਾਨੀ ਅਤੇ ਸਾਂਝੀ ਪੈਟਰੋਲਿੰਗ ਸਮੇਤ ਇਕ ਵਿਸਤ੍ਰਿਤ ਸੁਰੱਖਿਆ ਯੋਜਨਾ ਤਿਉਹਾਰ ਦੌਰਾਨ ਲਾਗੂ ਰਹੇਗੀ।
ਸ੍ਰੀ ਅਦਿੱਤਿਆ ਡਚਲਵਾਲ ਆਈਏਐਸ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲਾਪਰਵਾਹੀ ਲਈ ਕੋਈ ਗੁੰਜਾਇਸ਼ ਨਹੀਂ ਹੋਵੇਗੀ ਅਤੇ ਸਾਰੇ ਅਧਿਕਾਰੀ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ “ਸੇਵਾ ਦੀ ਭਾਵਨਾ” ਨਾਲ ਨਿਭਾਉਣ। ਉਨ੍ਹਾਂ ਨੇ ਦੁਹਰਾਇਆ ਕਿ ਸਾਰੇ ਵਿਭਾਗਾਂ ਦੀ ਸਾਂਝੀ ਕੋਸ਼ਿਸ਼ ਦਾ ਮਕਸਦ ਹੋਲਾ ਮਹੱਲਾ ਨੂੰ ਸੁਰੱਖਿਅਤ, ਸੁਚਾਰੂ ਅਤੇ ਹਰ ਸ਼ਰਧਾਲੂ ਲਈ ਆਤਮਿਕ ਤੌਰ ’ਤੇ ਸੁਖਦਾਇਕ ਅਨੁਭਵ ਬਣਾਉਣਾ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵ) ਚੰਦਰਜਯੋਤੀ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜ) ਅਵਿਕੇਸ਼ ਗੁਪਤਾ, ਐੱਸਪੀ ਅਰਵਿੰਦ ਮੀਨਾ, ਐਸਡੀਐਮ ਸ੍ਰੀ ਅਨੰਦਪੁਰ ਸਾਹਿਬ ਜਸਪ੍ਰੀਤ ਸਿੰਘ, ਐਸਡੀਐਮ ਮੋਰਿੰਡਾ ਗੁਰਦੇਵ ਸਿੰਘ ਧੰਮ, ਸਹਾਇਕ ਕਮਿਸ਼ਨਰ ਅਰਵਿੰਦਰਪਾਲ ਸਿੰਘ ਸੋਮਲ, ਡੀਐਸਪੀ ਨੰਗਲ ਹਰਕੀਰਤ ਸਿੰਘ, ਸੂਚਨਾ ਅਫਸਰ ਹਰਪ੍ਰੀਤ ਸਿੰਘ, ਜ਼ਿਲ੍ਹਾ ਖੇਡ ਅਫ਼ਸਰ ਜਗਜੀਵਨ ਸਿੰਘ ਗਿੱਲ, ਜ਼ਿਲ੍ਹਾ ਮੰਡੀ ਅਫ਼ਸਰ ਸੁਰਿੰਦਰਪਾਲ, ਐੱਸਐੱਚਓ ਸ੍ਰੀ ਅਨੰਦਪੁਰ ਸਾਹਿਬ ਦਾਨਿਸ਼ਵੀਰ ਸਿੰਘ, ਐੱਸਐੱਚਓ ਕੀਰਤਪੁਰ ਸਾਹਿਬ ਜਤਿਨ ਕਪੂਰ, ਸਹਾਇਕ ਸਿਵਲ ਸਰਜਨ ਡਾ. ਬੌਬੀ ਗੁਲਾਟੀ, ਏਟੀਓ ਸਰਬਜੀਤ ਸਿੰਘ ਸੈਣੀ ਅਤੇ ਵੱਖ ਵੱਖ ਵਿਭਾਗਾਂ ਤੋਂ ਹੋਰ ਉੱਚ ਅਧਿਕਾਰੀ ਹਾਜ਼ਰ ਸਨ।

57
1998 views