logo

ਕੀ ਸਿੱਖਾਂ ਵਿੱਚ ਹੁਣ ਉਹ ਤਾਕਤ ਨਹੀਂ ਰਹੀ ਕਿ ਆਪਣੇ ਬੰਦੀ ਸਿੰਘ ਰਿਹਾ ਕਰਵਾ ਸਕਣ..? -ਅਮਨਇੰਦਰ ਸਿੰਘ ਬੰਨੀ ਬਰਾੜ

ਫਰੀਦਕੋਟ:04 ਫਰਵਰੀ (ਕੰਵਲ ਸਰਾਂ) ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਵਰਕਿੰਗ ਕਮੇਟੀ ਦੇ ਸੀਨੀਅਰ ਮੈਂਬਰ ਅਤੇ ਪਾਰਟੀ ਬੁਲਾਰੇ ਅਮਨਇੰਦਰ ਸਿੰਘ ਬੰਨੀ ਬਰਾੜ ਨੇ ਬੰਦੀ ਸਿੰਘਾਂ ਦੀ ਰਿਹਾਈ ਤੇ ਵਿਚਾਰ ਪ੍ਰਗਟ ਕਰਦਿਆ ਕਿਹਾ ਅੱਜ ਸਿੱਖਾਂ ਦੇ ਸਾਹਮਣੇ ਸਭ ਤੋਂ ਵੱਡਾ ਅਤੇ ਦਰਦਨਾਕ ਸਵਾਲ ਇਹ ਹੈ ਕਿ ਕੀ ਸਿੱਖਾਂ ਵਿੱਚ ਹੁਣ ਉਹ ਪੰਥਕ ਤਾਕਤ ਬਚੀ ਹੈ ਜੋ ਆਪਣੇ ਬੰਦੀ ਸਿੰਘਾਂ ਨੂੰ ਰਿਹਾ ਕਰਵਾ ਸਕੇ--? ਸਾਲਾਂ ਤੋਂ ਸਿੱਖ ਰਾਜਨੀਤਿਕ ਕੈਦੀ ਜੇਲ੍ਹਾਂ ਵਿੱਚ ਬੰਦ ਹਨ, ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਹਨ, ਪਰ ਰਿਹਾਈ ਨਹੀਂ ਮਿਲ ਰਹੀ। ਇਸ ਦਾ ਸਿੱਧਾ ਨੁਕਸਾਨ ਸਿੱਖ ਕੌਮ ਨੂੰ ਹੋ ਰਿਹਾ ਹੈ। ਪੰਥਕ ਸ਼ਕਤੀ ਦੇ ਹੋਣ ਦੇ ਬਾਵਜੂਦ, ਅੱਜ ਉਹ ਅਸਰ ਨਜ਼ਰ ਨਹੀਂ ਆ ਰਿਹਾ ਜੋ ਪਹਿਲਾਂ ਕਦੇ ਸਿੱਖਾਂ ਦੀ ਪਹਿਚਾਣ ਸੀ। ਸਿੱਖਾਂ ਦੀ ਕੇਂਦਰੀ ਸ਼ਕਤੀ ਸ੍ਰੀ ਅਕਾਲ ਤਖ਼ਤ ਸਾਹਿਬ ਕੋਲ ਹੈ, ਪਰ ਦੁੱਖ ਦੀ ਗੱਲ ਇਹ ਹੈ ਕਿ ਉੱਥੇ ਬੈਠੇ ਫ਼ੈਸਲਾ ਕਰਨ ਵਾਲੇ ਅਕਸਰ ਕਿਸੇ ਇੱਕ ਖਾਸ ਧਿਰ ਦੇ ਪ੍ਰਭਾਵ ਹੇਠ ਦਿੱਖਦੇ ਹਨ। ਜਥੇਦਾਰ ਸਾਹਿਬ ਦੇ ਮਨ ਵਿੱਚ ਭਾਵੇਂ ਪੰਥ ਲਈ ਕੁਝ ਕਰਨ ਦੀ ਇੱਛਾ ਹੋਵੇ, ਪਰ ਹਕੀਕਤ ਇਹ ਹੈ ਕਿ ਸੱਚਾ ਅਤੇ ਨਿਡਰ ਕਦਮ ਚੁੱਕਣ ਦੀ ਕੋਸ਼ਿਸ਼ ਕਰਨ ਨਾਲ ਉਹਨਾਂ ਦੀ ਆਪਣੀ ਕੁਰਸੀ ਖ਼ਤਰੇ ਵਿੱਚ ਪੈ ਸਕਦੀ ਹੈ। ਇਹ ਡਰ ਅਤੇ ਦਬਾਅ ਪੰਥਕ ਫ਼ੈਸਲਿਆਂ ਨੂੰ ਕਮਜ਼ੋਰ ਕਰ ਰਿਹਾ ਹੈ। ਅਸਲ ਮੁੱਦਾ ਇਹ ਹੈ ਕਿ ਸਿੱਖ ਕੌਮ ਅਜੇ ਵੀ ਉਹਨਾਂ ਪੁਰਾਣੇ, ਨਕਲੀ ਅਤੇ ਮੌਕਾਪਰਸਤ ਪੰਥਕ ਭਗੌੜਿਆਂ ਦੇ ਪਿੱਛੇ ਲੱਗੀ ਹੋਈ ਹੈ, ਜਿਨ੍ਹਾਂ ਨੇ ਸਮੇਂ-ਸਮੇਂ ‘ਤੇ ਆਪਣੇ ਨਿੱਜੀ ਸਵਾਰਥਾਂ ਲਈ ਪੰਥ ਨੂੰ ਨੁਕਸਾਨ ਪਹੁੰਚਾਇਆ। ਜਦ ਤੱਕ ਇਨ੍ਹਾਂ ਤੋਂ ਪੂਰੀ ਤਰ੍ਹਾਂ ਪਾਸਾ ਨਹੀਂ ਵੱਟਿਆ ਜਾਂਦਾ, ਤਦ ਤੱਕ ਕੋਈ ਵੀ ਵੱਡਾ ਮਸਲਾ ਹੱਲ ਨਹੀਂ ਹੋ ਸਕਦਾ। ਹੁਣ ਸਮਾਂ ਆ ਗਿਆ ਹੈ ਕਿ ਸਿੱਖ ਆਪਣੇ ਬੰਦੀ ਸਿੰਘਾਂ ਬਾਰੇ ਸਿਰਫ਼ ਭਾਵਨਾਤਮਕ ਗੱਲਾਂ ਕਰਨ ਦੀ ਬਜਾਏ, ਸਮਾਜਕ ਅਤੇ ਰਾਜਨੀਤਿਕ ਤੌਰ ‘ਤੇ ਇਕੱਠੇ ਹੋਣ। ਸ਼ਾਂਤਮਈ, ਕਾਨੂੰਨੀ ਅਤੇ ਸੰਗਠਿਤ ਸੰਘਰਸ਼ ਰਾਹੀਂ ਦਬਾਅ ਬਣਾਇਆ ਜਾਵੇ, ਤਾਂ ਜੋ ਸਰਕਾਰਾਂ ਨੂੰ ਇਹ ਸਮਝ ਆ ਸਕੇ ਕਿ ਇਹ ਮਸਲਾ ਹੁਣ ਅਣਡਿੱਠਾ ਨਹੀਂ ਕੀਤਾ ਜਾ ਸਕਦਾ।
***ਬੰਦੀ ਸਿੰਘਾਂ ਦੀ ਰਿਹਾਈ ਸਿਰਫ਼ ਕੁਝ ਪਰਿਵਾਰਾਂ ਦਾ ਨਹੀਂ, ਸਗੋਂ ਪੂਰੀ ਸਿੱਖ ਕੌਮ ਦੀ ਇੱਜ਼ਤ ਅਤੇ ਇਨਸਾਫ਼ ਦਾ ਸਵਾਲ ਹੈ। ਜੇ ਅੱਜ ਵੀ ਸਿੱਖ ਇਕਜੁੱਟ ਨਹੀਂ ਹੁੰਦੇ, ਤਾਂ ਕੱਲ੍ਹ ਇਹ ਕਮਜ਼ੋਰੀ ਹੋਰ ਵੱਡੀ ਕੀਮਤ ਵਸੂਲੇਗੀ। ਹੁਣ ਫ਼ੈਸਲਾ ਸਿੱਖਾਂ ਦੇ ਹੱਥ ਵਿੱਚ ਹੈ ਚੁੱਪ ਰਹਿਣਾ ਜਾਂ ਇਕੱਠੇ ਹੋ ਕੇ ਆਪਣਾ ਹੱਕ ਲੈਣਾ।***
ਪੰਜਾਬ ਪੰਜਾਬੀਅਤ ਜ਼ਿੰਦਾਬਾਦ

2
3659 views