logo

ਨੈਸ਼ਨਲ ਹਾਈਵੇ 503 ਐਕਸਟੈਂਸ਼ਨ ਪ੍ਰੋਜੈਕਟ ਨੂੰ ਮਿਲੀ ਮਨਜ਼ੂਰੀ- ਹਰਜੋਤ ਸਿੰਘ ਬੈਂਸ

ਨੈਸ਼ਨਲ ਹਾਈਵੇ 503 ਐਕਸਟੈਂਸ਼ਨ ਪ੍ਰੋਜੈਕਟ ਨੂੰ ਮਿਲੀ ਮਨਜ਼ੂਰੀ- ਹਰਜੋਤ ਸਿੰਘ ਬੈਂਸ
ਇਲਾਕੇ ਦੇ ਵਿਕਾਸ, ਰੋਜ਼ਗਾਰ ਅਤੇ ਟੂਰਿਜ਼ਮ ਨੂੰ ਮਿਲੇਗਾ ਵੱਡਾ ਹੁਲਾਰਾ- ਕੈਬਨਿਟ ਮੰਤਰੀ
ਨੰਗਲ-ਕੀਰਤਪੁਰ ਸਾਹਿਬ 4 ਲੇਨ ਸੜਕ ਪ੍ਰੋਜੈਕਟ ਤਿਆਰ ਹੋਣ ਨਾਲ ਇਲਾਕਾ ਹੋਵੇਗਾ ਬੇਹੱਦ ਖੁਸ਼ਹਾਲ
ਨੰਗਲ 03 ਫਰਵਰੀ: ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਤੇ ਹਲਕਾ ਵਿਧਾਇਕ ਸ੍ਰੀ ਅਨੰਦਪੁਰ ਸਾਹਿਬ ਨੇ ਅੱਜ ਆਪਣੇ ਇਲਾਕੇ ਦੇ ਲੋਕਾਂ ਨਾਲ ਇੱਕ ਵੱਡੀ ਖੁਸ਼ਖਬਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਨੰਗਲ ਤੋਂ ਕੀਰਤਪੁਰ ਸਾਹਿਬ ਤੱਕ, ਪੰਜਾਬ ਬਾਰਡਰ ਤੋਂ ਲੈ ਕੇ ਹਿਮਾਚਲ ਪ੍ਰਦੇਸ਼ ਵੱਲ ਜਾਂਦੀ ਤਰਸਯੋਗ ਹਾਲਤ ਸੜਕ ਨੂੰ 4 ਲੇਨ ਕਰਨ ਲਈ ਨੈਸ਼ਨਲ ਹਾਈਵੇ 503 ਐਕਸਟੈਂਸਨ ਪ੍ਰੋਜੈਕਟ ਨੂੰ ਆਖ਼ਰਕਾਰ ਮਨਜ਼ੂਰੀ ਮਿਲ ਗਈ ਹੈ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਇਹ ਸੜਕ ਹਿਮਾਚਲ ਪ੍ਰਦੇਸ਼ ਜਾਣ ਵਾਲੇ ਲੱਖਾਂ ਸ਼ਰਧਾਲੂਆਂ ਅਤੇ ਯਾਤਰੀਆਂ ਲਈ ਬਹੁਤ ਅਹਿਮ ਹੈ, ਕਿਉਂਕਿ ਇਸ ਰਾਹੀਂ ਮਾਤਾ ਨੈਣਾ ਦੇਵੀ, ਬਾਬਾ ਬਾਲਕ ਨਾਥ ਜੀ, ਮਾਤਾ ਚਿੰਤਪੁਰਨੀ ਜੀ ਅਤੇ ਹੋਰ ਧਾਰਮਿਕ ਅਸਥਾਨਾਂ ਤੱਕ ਪਹੁੰਚ ਹੁੰਦੀ ਹੈ। ਸ.ਬੈਂਸ ਨੇ ਦੱਸਿਆ ਕਿ ਇਸ ਸੜਕ ‘ਤੇ ਹੋ ਰਹੇ ਭਿਆਨਕ ਹਾਦਸਿਆਂ ਵਿੱਚ ਅਨੇਕਾਂ ਕੀਮਤੀ ਜਾਨਾਂ ਗੁਆਈਆਂ ਗਈਆਂ, ਜਿਸ ਕਾਰਨ ਇਹ ਪ੍ਰੋਜੈਕਟ ਇਲਾਕੇ ਦੀ ਲੰਬੇ ਸਮੇਂ ਤੋਂ ਮੰਗ ਸੀ। ਸਰਵੇ, ਲਾਈਨਿੰਗ ਅਤੇ ਸਾਰੀਆਂ ਮਨਜ਼ੂਰੀਆਂ ਲਗਾਤਾਰ ਮਿਨਿਸਟਰੀ ਆਫ ਰੋਡ ਟਰਾਂਸਪੋਰਟ ਐਂਡ ਹਾਈਵੇਜ਼ ਅਤੇ ਨੈਸ਼ਨਲ ਹਾਈਵੇ ਨਾਲ ਸੰਪਰਕ ਕਰਕੇ ਪ੍ਰਾਪਤ ਕੀਤੀਆਂ ਗਈਆਂ।
ਸ.ਬੈਂਸ ਨੇ ਦੱਸਿਆ ਕਿ 21 ਜਨਵਰੀ ਨੂੰ ਮਨਿਸਟਰੀ ਦੇ ਸੀਨੀਅਰ ਅਧਿਕਾਰੀਆਂ ਨਾਲ ਨਿੱਜੀ ਤੌਰ ‘ਤੇ ਮੁਲਾਕਾਤ ਕਰਕੇ ਪ੍ਰੋਜੈਕਟ ਦੀਆਂ ਆਖ਼ਰੀ ਰੁਕਾਵਟਾਂ ਦੂਰ ਕਰਵਾਈਆਂ ਗਈਆਂ, ਜਿਸ ਤੋਂ ਬਾਅਦ ਹੁਣ ਜ਼ਮੀਨ ਅਕਵਾਈਰ ਕਰਨ ਦੀ ਨੋਟੀਫਿਕੇਸ਼ਨ ਜਾਰੀ ਹੋ ਚੁੱਕੀ ਹੈ ਅਤੇ ਸਮਾਚਾਰ ਪੱਤਰਾਂ ਵਿੱਚ ਵੀ ਜਲਦ ਹੀ ਪੂਰੀ ਜਾਣਕਾਰੀ ਪ੍ਰਕਾਸ਼ਿਤ ਹੋਵੇਗੀ। ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕਾਂ ਦੇ ਸਹਿਯੋਗ ਨਾਲ ਰਿਕਾਰਡ ਸਮੇਂ ਵਿੱਚ ਮੁਆਵਜ਼ਾ ਕਾਰਵਾਈ ਪੂਰੀ ਕਰਕੇ ਜ਼ਮੀਨੀ ਕੰਮ ਸ਼ੁਰੂ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਸ ਸੜਕ ਨਾਲ ਇਲਾਕੇ ਵਿੱਚ ਵਪਾਰ, ਰੋਜ਼ਗਾਰ ਅਤੇ ਟੂਰਿਜ਼ਮ ਨੂੰ ਵੱਡਾ ਲਾਭ ਮਿਲੇਗਾ। ਨਵੇਂ ਢਾਬੇ, ਹੋਟਲ, ਰੈਸਟੋਰੈਂਟ ਅਤੇ ਵੱਡੇ ਬ੍ਰਾਂਡ ਆਉਣਗੇ, ਜਿਸ ਨਾਲ ਸੈਂਕੜਿਆਂ ਪਿੰਡਾਂ ਦੀ ਅਰਥਵਿਵਸਥਾ ਮਜ਼ਬੂਤ ਹੋਵੇਗੀ ਅਤੇ ਨਾਲ ਹੀ ਫੁੱਟ ਓਵਰ ਬ੍ਰਿਜ, ਸਰਵਿਸ ਰੋਡਾਂ ਅਤੇ ਹੋਰ ਸੁਰੱਖਿਆ ਕੰਮ ਪਹਿਲਾਂ ਹੀ ਸ਼ੁਰੂ ਹੋ ਚੁੱਕੇ ਹਨ। ਸ.ਬੈਂਸ ਨੇ ਕਿਹਾ ਕਿ ਇਹ ਸੜਕ ਇਲਾਕੇ ਦੀ ਲਾਈਫਲਾਈਨ ਹੈ ਅਤੇ ਇਹ ਸੁਪਨਾ ਸਾਕਾਰ ਕਰਨਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ।

134
3145 views