
ਚਾਈਨਾ ਡੋਰ ਦੀ ਸ਼ਰੇਆਮ ਵਿਕਰੀ ਖ਼ਿਲਾਫ਼ ਫਰੀਦਕੋਟ ਵਿੱਚ ਸਮਾਜ ਸੇਵੀ ਜਥੇਬੰਦੀਆਂ ਦਾ ਰੋਸ ਮਾਰਚ, ਪੁਲਿਸ ’ਤੇ ਲਾਪਰਵਾਹੀ ਦੇ ਦੋਸ਼
ਫਰੀਦਕੋਟ ਸ਼ਹਿਰ ਵਿੱਚ ਇਸ ਵਾਰ ਚਾਈਨਾ ਡੋਰ ਦੀ ਖੁੱਲ੍ਹੀ ਵਿਕਰੀ ਅਤੇ ਵਰਤੋਂ ਨੂੰ ਲੈ ਕੇ ਸਮਾਜ ਸੇਵੀ ਜਥੇਬੰਦੀਆਂ ਸੀਰ ਸੋਸਾਇਟੀ ਜਲ ਜੀਵਨ ਬਚਾਓ ਮੋਰਚਾ ਸਮੇਤ ਹੋਰ ਜਥੇਬੰਦੀਆਂ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਖ਼ਿਲਾਫ਼ ਰੋਸ ਮਾਰਚ ਕੱਢਿਆ ਗਿਆ। ਰੋਸ ਮਾਰਚ ਦੌਰਾਨ ਪਤੰਗਬਾਜ਼ੀ ਤੋਂ ਬਾਅਦ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਇਕੱਤਰ ਕੀਤੀ ਗਈ ਚਾਈਨਾ ਡੋਰ ਦੀ ਵੱਡੀ ਖੇਪ ਪੁਲਿਸ ਪ੍ਰਸ਼ਾਸਨ ਨੂੰ ਸੌਂਪ ਕੇ ਕਾਰਵਾਈ ਦੀ ਮੰਗ ਕੀਤੀ ਗਈ।
ਰੋਸ ਪ੍ਰਦਰਸ਼ਨ ਵਿੱਚ ਸ਼ਾਮਿਲ ਜਥੇਬੰਦੀਆਂ ਦੇ ਆਗੂਆਂ ਨੇ ਦੋਸ਼ ਲਗਾਇਆ ਕਿ ਬਸੰਤ ਪੰਚਮੀ ਤੋਂ ਕਾਫ਼ੀ ਸਮਾਂ ਪਹਿਲਾਂ ਹੀ ਉਹਨਾਂ ਵੱਲੋਂ ਪੁਲਿਸ ਦੇ ਉੱਚ ਅਧਿਕਾਰੀਆਂ ਕੋਲ ਲਿਖਤੀ ਸ਼ਿਕਾਇਤਾਂ ਭੇਜ ਕੇ ਮੰਗ ਕੀਤੀ ਗਈ ਸੀ ਕਿ ਇਸ ਵਾਰ ਚਾਈਨਾ ਡੋਰ ਦੀ ਵਿਕਰੀ ਨੂੰ ਸਖ਼ਤੀ ਨਾਲ ਰੋਕਿਆ ਜਾਵੇ, ਪਰ ਅਫ਼ਸੋਸ ਹੈ ਕਿ ਇਸ ਸਾਲ ਪਿਛਲੇ ਸਾਲਾਂ ਦੇ ਮੁਕਾਬਲੇ ਪੁਲਿਸ ਵੱਲੋਂ ਕਾਫ਼ੀ ਲਾਪਰਵਾਹੀ ਵਰਤੀ ਗਈ।
ਉਹਨਾਂ ਕਿਹਾ ਕਿ ਪੁਲਿਸ ਦੀ ਇਸ ਲਾਪਰਵਾਹੀ ਦੇ ਕਾਰਨ ਸ਼ਹਿਰ ਵਿੱਚ ਚਾਈਨਾ ਡੋਰ ਦੀ ਸ਼ਰੇਆਮ ਵਿਕਰੀ ਹੋਈ ਅਤੇ ਖੁੱਲ੍ਹੇਆਮ ਵਰਤੋਂ ਵੀ ਕੀਤੀ ਗਈ। ਚਾਈਨਾ ਡੋਰ ਦੇ ਕਾਰਨ ਪਿਛਲੇ ਸਾਲਾਂ ਵਾਂਗ ਇਸ ਸਾਲ ਵੀ ਪੰਛੀਆਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਇਕੱਲੇ ਫਰੀਦਕੋਟ ਸ਼ਹਿਰ ਵਿੱਚ ਹੀ ਰਾਸ਼ਟਰੀ ਪੰਛੀ ਮੋਰ ਸਮੇਤ ਕਈ ਹੋਰ ਪੰਛੀਆਂ ਦੀ ਮੌਤ ਹੋਣ ਦੀ ਗੱਲ ਸਾਹਮਣੇ ਆਈ ਹੈ।
ਜਥੇਬੰਦੀਆਂ ਦੇ ਵਰਕਰਾਂ ਵੱਲੋਂ ਸ਼ਹਿਰ ਦੇ ਕਈ ਇਲਾਕਿਆਂ ਵਿੱਚੋਂ ਚਾਈਨਾ ਡੋਰ ਦੇ ਟੁਕੜੇ ਇਕੱਤਰ ਕਰਕੇ ਪੁਲਿਸ ਨੂੰ ਸਬੂਤ ਵਜੋਂ ਸੌਂਪੇ ਗਏ, ਤਾਂ ਜੋ ਇਹ ਸਾਬਤ ਕੀਤਾ ਜਾ ਸਕੇ ਕਿ ਸ਼ਹਿਰ ਵਿੱਚ ਖੁੱਲ੍ਹੇਆਮ ਚਾਈਨਾ ਡੋਰ ਦੀ ਵਰਤੋਂ ਹੋਈ ਹੈ।
ਇਸ ਮੌਕੇ ਚਾਈਨਾ ਡੋਰ ਦੇ ਕਾਰਨ ਮਾਰੇ ਗਏ ਬੱਚਿਆਂ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਧਾਰਨ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਫਰੀਦਕੋਟ ਹੀ ਨਹੀਂ ਸਗੋਂ ਪੂਰੇ ਪੰਜਾਬ ਵਿੱਚ ਚਾਈਨਾ ਡੋਰ ਦੀ ਸ਼ਰੇਆਮ ਵਿਕਰੀ ਹੋਈ ਹੈ। ਲੁਧਿਆਣਾ ਅਤੇ ਫ਼ਿਰੋਜ਼ਪੁਰ ਸਮੇਤ ਕਈ ਇਲਾਕਿਆਂ ਵਿੱਚ ਬੱਚਿਆਂ ਨੂੰ ਆਪਣੀਆਂ ਜਾਨਾਂ ਤੱਕ ਗਵਾਉਣੀਆਂ ਪਈਆਂ ਹਨ।
ਰੋਸ ਮਾਰਚ ਦੌਰਾਨ ਗੱਲਬਾਤ ਕਰਦੇ ਹੋਏ ਸਮਾਜ ਸੇਵੀ ਆਗੂ ਸ਼ੰਕਰ ਸ਼ਰਮਾ ਅਤੇ ਅਮਨ ਵੜਿੰਗ ਨੇ ਦੱਸਿਆ ਕਿ ਉਹਨਾਂ ਵੱਲੋਂ ਡੀਜੀਪੀ ਪੰਜਾਬ ਕੋਲ ਵੀ ਸ਼ਿਕਾਇਤ ਕੀਤੀ ਗਈ ਸੀ ਅਤੇ ਡੀਜੀਪੀ ਵੱਲੋਂ ਜ਼ਿਲ੍ਹਾ ਪੁਲਿਸ ਨੂੰ ਸਖ਼ਤ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਸਨ, ਪਰ ਇਸ ਦੇ ਬਾਵਜੂਦ ਜ਼ਮੀਨੀ ਪੱਧਰ ’ਤੇ ਕੋਈ ਢੁਕਵੀਂ ਕਾਰਵਾਈ ਨਹੀਂ ਹੋਈ।
ਉਨ੍ਹਾਂ ਦੋਸ਼ ਲਗਾਇਆ ਕਿ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਪੁਲਿਸ ਪ੍ਰਸ਼ਾਸਨ ਚਾਈਨਾ ਡੋਰ ਦੀ ਵਿਕਰੀ ਰੋਕਣ ਵਿੱਚ ਨਾਕਾਮ ਸਾਬਤ ਹੋਇਆ ਹੈ ਅਤੇ ਦੋਸ਼ੀਆਂ ਖ਼ਿਲਾਫ਼ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਸ ਮੌਕੇ ਤੇ ਜਲ ਜੀਵਨ ਬਚਾਓ ਮੋਰਚਾ ,ਮਾਸੂਮ ਪ੍ਰਵਾਜ਼, ਸੀਰ , ਆਲ ਇੰਡੀਆ ਕਿਸਾਨ ਯੂਨੀਅਨ ਫ਼ਤਹਿ, ਅਪਨਾ ਘਰ ਆਸ਼ਰਮ, ਸਵ : ਜਸਵਿੰਦਰ ਸਿੰਘ ਮੈਮੋਰੀਅਲ ਸੇਵਾ ਸੋਸਾਇਟੀ ਤੇ ਹੋਰ ਸਮਾਜ ਸੇਵੀ ਸ਼ਖ਼ਸੀਅਤਾਂ