logo

ਸਿਵਲ ਹਸਪਤਾਲ ਫਰੀਦਕੋਟ ਵਿਖੇ ਮੁੱਖ ਮੰਤਰੀ ਸਿਹਤ ਯੋਜਨਾ ਦੀ ਰਜਿਸਟਰੇਸ਼ਨ ਦੀ ਕੀਤੀ ਸ਼ੁਰੂਆਤ ਹਰ ਪਰਿਵਾਰ ਲਈ ਦੱਸ ਲੱਖ ਤੱਕ ਮੁਫਤ ਇਲਾਜ ਦੀ ਸਹੂਲਤ :ਡਿਪਟੀ ਕਮਿਸ਼ਨਰ



ਫਰੀਦਕੋਟ, 22 ਜਨਵਰੀ ( ਨਾਇਬ ਰਾਜ)

ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਉੱਚ ਗੁਣਵੱਤਾ ਵਾਲੀਆਂ ਮੁਫ਼ਤ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਮੁੱਖ ਮੰਤਰੀ ਸਿਹਤ ਯੋਜਨਾ ਦੀ ਸ਼ੁਰੂਆਤ ਜ਼ਿਲਾ ਹਸਪਤਾਲ ਫਰੀਦਕੋਟ ਤੋਂ ਕੀਤੀ ਗਈ, ਇਸ ਸਮਾਰੋਹ ਦੀ ਪ੍ਰਧਾਨਗੀ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਨੇ ਕੀਤੀ।ਉਨ੍ਹਾਂ ਨਾਲ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਗਗਨਦੀਪ ਸਿੰਘ ਧਾਲੀਵਾਲ, ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਸ. ਗੁਰਤੇਜ ਸਿੰਘ ਖੋਸਾ, ਮਾਰਕਿਟ ਕਮੇਟੀ ਦੇ ਚੇਅਰਮੈਨ ਬਾਬਾ ਅਮਨਦੀਪ ਸਿੰਘ ਨੇ ਇਸ ਸਮਾਰੋਹ ਵਿੱਚ ਸ਼ਮੂਲੀਅਤ ਕੀਤੀ l
ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਨੇ ਦੱਸਿਆ ਕਿ ਮੁੱਖ ਮੰਤਰੀ ਸਿਹਤ ਯੋਜਨਾ ਪੰਜਾਬ ਸਰਕਾਰ ਦੀ ਇੱਕ ਪ੍ਰਮੁੱਖ ਸਿਹਤ ਸੰਭਾਲ ਯੋਜਨਾ ਹੈ ਜੋ ਪੰਜਾਬ ਦੇ ਸਾਰੇ ਪ੍ਰਮਾਣਿਤ ਨਾਗਰਿਕਾਂ ਨੂੰ ਨਕਦ ਰਹਿਤ ਦੂਜੇ ਅਤੇ ਤੀਜੇ ਦਰਜੇ ਦੀ ਡਾਕਟਰੀ ਦੇਖਭਾਲ ਪ੍ਰਦਾਨ ਕਰਦੀ ਹੈ। ਇਹ ਯੋਜਨਾ ਪੰਜਾਬ ਦੇ ਸਾਰੇ ਯੋਗ ਪਰਿਵਾਰਾਂ ਲਈ ਹੈ, ਜੋ ਬਿਨਾਂ ਕਿਸੇ ਵਿੱਤੀ ਪ੍ਰੇਸ਼ਾਨੀ ਦੇ ਮਿਆਰੀ ਸਿਹਤ ਸੰਭਾਲ ਪਹੁੰਚ ਯਕੀਨੀ ਬਣਾਉਂਦੀ ਹੈ। ਇਸ ਯੋਜਨਾ ਅਧੀਨ ਮਰੀਜ਼ ਆਪਣਾ ਇਲਾਜ ਕਿਸੇ ਵੀ ਸਰਕਾਰੀ ਹਸਪਤਾਲ ਜਾਂ ਸੂਚੀਬੱਧ ਕੀਤੇ ਪ੍ਰਾਈਵੇਟ ਹਸਪਤਾਲ ਤੋਂ ਕਰਵਾ ਸਕਦਾ ਹੈ। ਇਸ ਯੋਜਨਾ ਵਿੱਚ ਸੂਬੇ ਦੇ 219 ਸਰਕਾਰੀ ਹਸਪਤਾਲ ਅਤੇ ਲਗਪਗ 600 ਪ੍ਰਾਈਵੇਟ ਹਸਪਤਾਲਾਂ ਨੂੰ ਸ਼ਾਮਲ ਕੀਤਾ ਗਿਆ ਹੈ।
ਇਸ ਮੌਕੇ ਚੇਅਰਮੈਨ ਗਗਨਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਅੱਜ ਸਰਕਾਰੀ ਤੌਰ ’ਤੇ ਆਗਾਜ਼ ਹੋ ਗਿਆ ਹੈ, ਜਿਸ ਦਾ ਲਾਭ ਪੰਜਾਬ ਦੇ ਸਾਰੇ ਨਾਗਰਿਕਾਂ ਨੂੰ ਮਿਲੇਗਾ। ਉਨ੍ਹਾਂ ਦੱਸਿਆ ਕਿ ਹੈਲਥ ਕਾਰਡ ਬਣਾਉਣ ਲਈ ਜ਼ਿਲ੍ਹਾ ਫ਼ਰੀਦਕੋਟ ਵਿੱਚ ਕੁੱਲ 107 ਸੈਂਟਰ ਸਥਾਪਿਤ ਕੀਤੇ ਗਏ ਹਨ, ਤਾਂ ਜੋ ਲੋਕਾਂ ਨੂੰ ਕਾਰਡ ਬਣਵਾਉਣ ਵਿੱਚ ਕਿਸੇ ਕਿਸਮ ਦੀ ਦਿੱਕਤ ਨਾ ਆਵੇ। ਉਨ੍ਹਾਂ ਜ਼ਿਲ੍ਹਾ ਫ਼ਰੀਦਕੋਟ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਇਸ ਲੋਕ-ਹਿਤੈਸ਼ੀ ਯੋਜਨਾ ਦਾ ਲਾਭ ਉਠਾਉਣ।
ਸਿਵਲ ਸਰਜਨ ਫਰੀਦਕੋਟ ਡਾ ਚੰਦਰ ਸ਼ੇਖਰ ਕੱਕੜ ਨੇ ਜਾਣਕਾਰੀ ਦਿੱਤੀ ਕਿ ਇਸ ਯੋਜਨਾ ਹੇਠ ਰਜਿਸਟਰ ਹੋਣ ਲਈ ਸਾਰੇ ਜਿ਼ਲ੍ਹਿਆਂ ਵਿੱਚ ਈ-ਕਾਰਡ ਮੁਫ਼ਤ ਬਣਾਏ ਜਾਣਗੇ । ਫਰੀਦਕੋਟ ਜਿਲ੍ਹੇ ਵਿੱਚ ਇਸ ਯੋਜਨਾ ਅਧੀਨ ਲਾਭਪਾਤਰੀਆਂ ਦੇ ਕਾਰਡ ਬਨਾਉਣ ਲਈ ਸ਼ੁਰੂਆਤੀ ਕੈਂਪ ਸਿਵਲ ਹਸਪਤਾਲ ਫਰੀਦਕੋਟ ਅਤੇ ਬਾਬਾ ਦਿਆਲ ਸਿੰਘ ਸਿਵਲ ਹਸਪਤਾਲ ਕੋਟਕਪੁਰਾ ਵਿਖੇ ਬਣਾਏ ਜਾਣਗੇ। ਲਾਭਪਾਤਰੀ ਆਪਣਾ ਅਧਾਰ ਕਾਰਡ, ਵੋਟਰ ਕਾਰਡ ਅਤੇ 18 ਸਾਲ ਤੋਂ ਘੱਟ ਲਾਭਪਾਤਰੀ ਅਧਾਰ ਕਾਰਡ ਅਤੇ ਜਨਮ ਪ੍ਰਮਾਣ ਪੱਤਰ ਜ਼ਮਾਂ ਕਰਵਾ ਕੇ ਆਪਣਾ ਮੁੱਖ ਮੰਤਰੀ ਸਿਹਤ ਯੋਜਨਾ ਅਧੀਨ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਇਸ ਯੋਜਨਾ ਤਹਿਤ ਪ੍ਰਤੀ ਪਰਿਵਾਰ ਪ੍ਰਤੀ ਸਾਲ 10 ਲੱਖ ਰੁਪਏ ਤੱਕ ਦਾ ਨਕਦ ਰਹਿਤ ਇਲਾਜ, ਜੋ ਗੰਭੀਰ ਬਿਮਾਰੀਆਂ, ਸਰਜਰੀਆਂ ਅਤੇ ਐਮਰਜੈਂਸੀ ਨੂੰ ਕਵਰ ਕਰਦਾ ਹੈ।
ਡਿਪਟੀ ਮੈਡੀਕਲ ਕਮਿਸ਼ਨਰ ਫਰੀਦਕੋਟ ਡਾ ਵਿਸ਼ਵਦੀਪ ਗੋਇਲ ਨੇ ਜਾਣਕਾਰੀ ਦਿੱਤੀ ਕਿ ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 2,356 ਇਲਾਜ ਦੇ ਪੈਕੇਜ ਉਪਲੱਬਧ ਹਨ (ਦਿਲ ਨਾਲ ਸਬੰਧਿਤ ਬਿਮਾਰੀਆਂ ਦਾ ਇਲਾਜ, ਕੈਂਸਰ ਦਾ ਇਲਾਜ, ਗੁਰਦਿਆਂ ਦਾ ਡਾਇਲੇਸਿਜ਼, ਦਿਮਾਗ ਦੀ ਸਰਜਰੀ ਆਦਿ ਇਸ ਵਿੱਚ ਕਵਰ ਕੀਤੇ ਜਾਂਦੇ ਹਨ) ਇਹ ਯੋਜਨਾ ਹਸਪਤਾਲ ਵਿੱਚ ਭਰਤੀ ਹੋਣ ਤੋਂ ਪਹਿਲਾਂ ਅਤੇ ਹਸਪਤਾਲ ਵਿੱਚ ਭਰਤੀ ਹੋਣ ਬਾਅਦ ਦੀ ਦੇਖਭਾਲ ਦਾ ਖ਼ਰਚਾ, ਆਈ.ਸੀ.ਯੂ. ਅਤੇ ਕ੍ਰਿਟੀਕਲ ਕੇਅਰ ਸੇਵਾਵਾਂ, ਜਾਂਚ, ਦਵਾਈਆਂ ਅਤੇ ਖਪਤਕਾਰ ਸਮਾਨ ਅਤੇ ਸਰਜਰੀਆਂ ਵੀ ਕਵਰ ਕਰਦੀ ਹੈ।
ਇਸ ਮੌਕੇ ਜਿਲਾ ਪਰਿਵਾਰ ਭਲਾਈ ਅਫਸਰ ਡਾ ਵਿਵੇਕ ਰਜੋਰਾ, ਸੀਨੀਅਰ ਮੈਡੀਕਲ ਅਫਸਰ ਡਾ ਪਰਮਜੀਤ ਸਿੰਘ ਬਰਾੜ, ਜ਼ਿਲ੍ਹਾ ਨੋਡਲ ਅਫਸਰ ਏ ਏ ਸੀ ਡਾ ਸਰਵਦੀਪ ਸਿੰਘ ਰੋਮਾਣਾ, ਡਾ, ਕਿਰਨਬੀਰ ਕੌਰ, ਡਿਪਟੀ ਮਾਸ ਮੀਡੀਆ ਅਫਸਰ ਸੁਧੀਰ ਧੀਰ, ਲਖਵਿੰਦਰ ਕੈਂਥ, ਡਾ ਪ੍ਰਭਦੀਪ ਸਿੰਘ ਚਾਵਲਾ, ਸੀਨੀਅਰ ਫਾਰਮੇਸੀ ਅਫਸਰ ਸੁਨੀਲ ਸਿੰਗਲਾ, ਕੁਲਦੀਪ ਸਿੰਘ, ਗਗਨਦੀਪ ਕੌਰ,ਜਿਲ੍ਹਾ ਕੋਆਰਡੀਨੇਟਰ ਕਿਸਾਨ ਵਿੰਗ ਬਲਰਾਜ ਸਿੰਘ, ਐਮ.ਸੀ. ਕਮਲਜੀਤ ਸਿੰਘ ਅਤੇ ਹੋਰ ਅਧਿਕਾਰੀ, ਕਰਮਚਾਰੀ ਅਤੇ ਮੋਹਤਬਾਰ ਵਿਅਕਤੀ ਹਾਜਰ ਸਨl

3
422 views