logo

**ਸਰਕਾਰੀ ਪ੍ਰਾਇਮਰੀ ਸਕੂਲ ਡੁੱਗਰੀ ਵਿਖੇ 'ਮਦਰ ਵਰਕਸ਼ਾਪ' ਰਾਹੀਂ ਮਾਵਾਂ ਨੂੰ ਬੱਚਿਆਂ ਦੀ ਸੁਰੱਖਿਆ ਅਤੇ ਪੋਕਸੋ ਐਕਟ ਪ੍ਰਤੀ ਕੀਤਾ ਜਾਗਰੂਕ**

**ਗੁਰਦਾਸਪੁਰ 17 ਜਨਵਰੀ (2026):**
ਸਰਕਾਰੀ ਪ੍ਰਾਇਮਰੀ ਸਕੂਲ ਡੁੱਗਰੀ ਵਿਖੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਅਤੇ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਮਕਸਦ ਨਾਲ (BRC) ਮਨਜੀਤ ਸਿੰਘ ਅਤੇ ਸੈਂਟਰ ਹੈੱਡ ਟੀਚਰ (CHT) ਰਵੀ ਕੁਮਾਰ ਅਤੇ ਸੁਖਵਿੰਦਰ ਸਿੰਘ, ਸੌਰਵ ਗੁਪਤਾ, ਸਤਬੀਰ ਕੌਰ, ਸੁਲੱਖਣ ਸਿੰਘ, ਜਗਜੀਤ ਕੌਰ ਜੀ ਦੀ ਯੋਗ ਅਗਵਾਈ ਹੇਠ ਇਕ ਵਿਸ਼ੇਸ਼ 'ਮਦਰ ਵਰਕਸ਼ਾਪ' ਦਾ ਸਫ਼ਲ ਆਯੋਜਨ ਕੀਤਾ ਗਿਆ। 'ਪ੍ਰਥਮ' ਸੰਸਥਾ ਦੇ ਸਹਿਯੋਗ ਨਾਲ ਕਰਵਾਈ ਗਈ ਇਸ ਵਰਕਸ਼ਾਪ ਵਿੱਚ ਸੰਸਥਾ ਦੇ ਜ਼ਿਲ੍ਹਾ ਕੋਆਰਡੀਨੇਟਰ ਅੰਜਲੀ ਸ਼ਰਮਾ ਅਤੇ ਬਲਾਕ ਕੋਆਰਡੀਨੇਟਰ ਸੁਨੀਤਾ ਦੇਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ। ਸਮਾਗਮ ਦੌਰਾਨ ਬੱਚਿਆਂ ਦੀਆਂ ਮਾਵਾਂ ਨੂੰ ਸੰਬੋਧਨ ਕਰਦਿਆਂ ਮਾਹਿਰਾਂ ਨੇ ਦੱਸਿਆ ਕਿ ਮੌਜੂਦਾ ਦੌਰ ਵਿੱਚ ਬੱਚਿਆਂ ਨੂੰ ਵਿੱਦਿਆ ਦੇ ਨਾਲ-ਨਾਲ ਸੁਰੱਖਿਅਤ ਮਾਹੌਲ ਦੇਣਾ ਬੇਹੱਦ ਜ਼ਰੂਰੀ ਹੈ। ਇਸ ਤਹਿਤ ਮਾਵਾਂ ਨੂੰ 'ਪੋਕਸੋ (POCSO) ਐਕਟ' ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਬੱਚਿਆਂ ਨੂੰ 'ਚੰਗੇ ਤੇ ਮਾੜੇ ਸਪਰਸ਼' (Good and Bad Touch) ਬਾਰੇ ਜਾਗਰੂਕ ਕਰਨ ਦੇ ਨੁਕਤੇ ਸਾਂਝੇ ਕੀਤੇ ਗਏ।

ਇਸ ਮੌਕੇ CHT ਰਵੀ ਕੁਮਾਰ ਨੇ ਕਿਹਾ ਕਿ ਮਾਂ ਬੱਚੇ ਦੀ ਪਹਿਲੀ ਅਧਿਆਪਕ ਹੁੰਦੀ ਹੈ, ਇਸ ਲਈ ਸਕੂਲ ਅਤੇ ਮਾਪਿਆਂ ਦਾ ਮਜ਼ਬੂਤ ਤਾਲਮੇਲ ਹੀ ਬੱਚੇ ਦੇ ਸਰਵਪੱਖੀ ਵਿਕਾਸ ਦੀ ਨੀਂਹ ਹੈ। ਵਰਕਸ਼ਾਪ ਵਿੱਚ ਮਾਵਾਂ ਨੂੰ ਘਰ ਵਿੱਚ ਬੱਚਿਆਂ ਦੀ ਪੜ੍ਹਾਈ ਵਿੱਚ ਮਦਦ ਕਰਨ ਅਤੇ ਉਨ੍ਹਾਂ ਦੀਆਂ ਮਾਨਸਿਕ ਗਤੀਵਿਧੀਆਂ 'ਤੇ ਨਜ਼ਰ ਰੱਖਣ ਲਈ ਵੀ ਪ੍ਰੇਰਿਤ ਕੀਤਾ ਗਿਆ। 'ਪ੍ਰਥਮ' ਦੀ ਟੀਮ ਵੱਲੋਂ ਵੱਖ-ਵੱਖ ਵਿਦਿਅਕ ਗਤੀਵਿਧੀਆਂ ਰਾਹੀਂ ਸਿੱਖਣ ਸਿਖਾਉਣ ਦੇ ਸੌਖੇ ਤਰੀਕੇ ਵੀ ਦੱਸੇ ਗਏ। ਇਸ ਪ੍ਰੋਗਰਾਮ ਵਿੱਚ ਸਕੂਲ ਦੇ ਸਮੂਹ ਸਟਾਫ਼ ਮੈਂਬਰਾਂ ਅਤੇ ਇਲਾਕੇ ਦੀਆਂ ਵੱਡੀ ਗਿਣਤੀ ਵਿੱਚ ਮਾਵਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਅਖੀਰ ਵਿੱਚ ਹਾਜ਼ਰ ਮਾਪਿਆਂ ਨੇ ਸਕੂਲ ਪ੍ਰਬੰਧਕਾਂ ਅਤੇ ਪ੍ਰਥਮ ਸੰਸਥਾ ਦੇ ਇਸ ਨਿਵੇਕਲੇ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਅਜਿਹੇ ਸਮਾਗਮ ਭਵਿੱਖ ਵਿੱਚ ਵੀ ਕਰਵਾਉਣ ਦੀ ਮੰਗ ਕੀਤੀ।

-

10
940 views