logo

ਲੋਹੜੀ ਤੇ ਮਾਘੀ ਦੇ ਪਵਿੱਤਰ ਤਿਉਹਾਰ ਦੀਆਂ ਦੇਸ਼ ਵਿਦੇਸ਼ ਵਿੱਚ ਵੱਸਦੀਆਂ ਸੰਗਤਾਂ ਨੂੰ ਸਰਾਂ ਨੇ ਦਿੱਤੀਆ ਵਧਾਈਆਂ ਤੇ ਇਤਿਹਾਸ ਤੋ ਜਾਣੂ ਕਰਵਾਇਆ....



ਫਰੀਦਕੋਟ:12,ਜਨਵਰੀ (ਨਾਇਬ ਰਾਜ )

ਫਰੀਦਕੋਟ ਤੋਂ ਸਮਾਜ ਸੇਵੀ ਅਤੇ ਸ਼੍ਰੋਮਣੀ ਅਕਾਲੀ ਦਲ(ਪੁਨਰ ਸੁਰਜੀਤ) ਜਿਲਾਂ ਫਰੀਦਕੋਟ ਦੇ ਪ੍ਰੈੱਸ ਸਕੱਤਰ ਕੇ.ਪੀ.ਸਿੰਘ ਸਰਾਂ ਨੇ ਲੋਹੜੀ ਅਤੇ ਮਾਘੀ ਤੇ ਦੇਸ਼ ਵਿਦੇਸ਼ ਵਿੱਚ ਵੱਸਦੀਆਂ ਸੰਗਤਾਂ ਅਤੇ ਸ਼ਹਿਰ ਫਰੀਦਕੋਟ ਨਿਵਾਸੀਆਂ ਨੂੰ ਦਿੱਤੀਆ ਵਧਾਈਆਂ ਹਨ। ਉਹਨਾਂ ਨੇ ਕਿਹਾ ਅਜਿਹੇ ਤਿਉਹਾਰ ਸਾਨੂੰ ਰਲ ਮਿਲ ਕੇ ਮਨਾਉਣੇ ਚਾਹੀਦੇ ਹਨ ਇਸ ਨਾਲ ਆਪਸੀ ਭਾਈਚਾਰਕ ਸਾਂਝ ਬਣੀ ਰਹਿੰਦੀ ਹੈ। ਮੇਲਾ ਮਾਘੀ ਦੇ ਤਿਉਹਾਰ ਬਾਰੇ ਸਰਾਂ ਨੇ ਦੱਸਿਆ ਕਿਹਾ ਹਰ ਸਾਲ 40 ਮੁਕਤਿਆਂ ਦੀ ਯਾਦ 'ਚ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਦਾ ਤਿਉਹਾਰ ਮੇਲੇ ਦੇ ਰੂਪ 'ਚ ਮਨਾਇਆ ਜਾਂਦਾ ਹੈ ਮਾਘੀ ਦਾ ਤਿਉਹਾਰ ਸਿੱਖ ਧਰਮ 'ਚ ਖ਼ਾਸ ਮਹੱਤਵ ਰੱਖਦਾ ਹੈ। ਹਰ ਸਾਲ 40 ਸਿੱਖ ਮੁਕਤਿਆਂ ਦੀ ਯਾਦ 'ਚ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਦਾ ਤਿਉਹਾਰ ਮੇਲੇ ਦੇ ਰੂਪ 'ਚ ਮਨਾਇਆ ਜਾਂਦਾ ਹੈ। ਹਿੰਦੀ 'ਚ ਇਸ ਤਿਉਹਾਰ ਨੂੰ 'ਮਕਰ ਸਕ੍ਰਾਂਤੀ' ਕਿਹਾ ਜਾਂਦਾ ਹੈ। ਸਿੱਖ ਧਰਮ ਦਸਵੇਂ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਸਥਾਨ ’ਤੇ ਮੁਗਲ ਹਕੂਮਤ ਵਿਰੁੱਧ ਆਪਣੀ ਆਖ਼ਰੀ ਜੰਗ ਲੜੀ ਸੀ, ਜਿਸ ਨੂੰ ‘ਖਿਦਰਾਣੇ ਦੀ ਜੰਗ’ ਕਿਹਾ ਜਾਂਦਾ ਹੈ। ਇਸ ਪਵਿੱਤਰ ਧਰਤੀ ’ਤੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਹਾਂ ਸਿੰਘ ਜੀ ਜੋ ਆਪਣੇ ਸਾਥੀਆਂ ਸਮੇਤ ਅਨੰਦਪੁਰ ਸਾਹਿਬ ਵਿਖੇ ਬੇਦਾਵਾ ਦੇ ਕੇ ਆਏ ਸਨ, ਦੇ ਸਾਹਮਣੇ ਬੇਦਾਵਾ ਪਾੜ ਕੇ ਸਿੰਘਾਂ ਨੂੰ ਮੁਕਤ ਕੀਤਾ। ਸਰਾਂ ਨੇ ਦੱਸਿਆ ਲੋਹੜੀ ਦੇ ਤਿਉਹਾਰ ਬਾਰੇ ਵੀ ਇਤਿਹਾਸਕਾਰਾਂ ਨੇ ਵੱਖ-ਵੱਖ ਜਿਕਰ ਕੀਤਾ। ਲੋਹੜੀ ਦੇ ਤਿਉਹਾਰ ਨਾਲ ਕਈ ਕਥਾਵਾਂ ਵੀ ਜੁੜੀਆਂ ਹੋਈਆਂ ਹਨ। ਕੁਝ ਲੋਕ ਇਸ ਤਿਉਹਾਰ ਨੂੰ ਸੰਤ ਕਬੀਰ ਜੀ ਦੀ ਪਤਨੀ 'ਲੋਈ' ਦੇ ਨਾਂ ਨਾਲ ਵੀ ਜੋੜਦੇ ਹਨ ਕਿ 'ਲੋਈ' ਦੇ ਨਾਂ ਤੋਂ ਹੀ 'ਲੋਹੜੀ' ਦਾ ਨਾਂ ਪਿਆ ਹੈ। ਕੁਝ ਲੋਕ ਲੋਹੜੀ ਸ਼ਬਦ 'ਲੋਹ' ਸ਼ਬਦ ਤੋਂ ਪਿਆ ਦੱਸਦੇ ਹਨ, ਜਿਸ ਦਾ ਅਰਥ ਰੌਸ਼ਨੀ ਅਤੇ ਸੇਕ ਹੈ ਪਰ ਕੁਝ ਲੋਕਾਂ ਦਾ ਮੰਨਣਾ ਹੈ ਕਿ ਤਿਲ ਤੇ ਰਿਓੜੀਆਂ ਸ਼ਬਦਾਂ ਦੇ ਸੁਮੇਲ ਤੋਂ ਇਹ ਸ਼ਬਦ ਬਣਿਆ ਹੈ, ਪਹਿਲਾਂ ਇਹ 'ਤਿਲੋਹੜੀ' ਸੀ ਪਰ ਬਾਅਦ 'ਚ 'ਲੋਹੜੀ' ਮਸ਼ਹੂਰ ਹੋ ਗਿਆ। ਕੁਝ ਇਤਿਹਾਸਕਾਰ ਇਸ ਤਿਉਹਾਰ ਦੁੱਲਾ ਭੱਟੀ' ਦੇ ਨਾਮ ਨਾਲ ਜੋੜਦੇ ਹਨ ਉਹਨਾਂ ਦਾ ਕਹਿਣਾ ਹੈ ਲੋਹੜੀ ਦਾ ਇਤਿਹਾਸ ਅਕਬਰ ਬਾਦਸ਼ਾਹ ਦੇ ਸਮੇਂ 'ਦੁੱਲਾ ਭੱਟੀ' ਨਾਂ ਦੇ ਕਿਰਦਾਰ ਨਾਲ ਜੋੜਿਆ ਜਾਂਦਾ ਹੈ, ਜੋ ਅਮੀਰ ਲੋਕਾਂ ਨੂੰ ਲੁੱਟ ਕੇ ਸਾਰਾ ਧਨ ਗਰੀਬਾਂ 'ਚ ਵੰਡ ਦਿੰਦਾ ਸੀ। ਇਕ ਵਾਰ ਉਸ ਨੇ ਅਗਵਾਕਾਰਾਂ ਦੇ ਚੁੰਗਲ 'ਚੋਂ ਇਕ ਲੜਕੀ ਨੂੰ ਛੁਡਾਇਆ ਤੇ ਆਪਣੀ ਧਰਮ ਦੀ ਧੀ ਬਣਾ ਲਿਆ। ਇਕ ਹੋਰ ਲਿਖਤ ਮੁਤਾਬਕ ਕਿਸੇ ਗਰੀਬ ਬ੍ਰਾਹਮਣ ਦੀਆਂ ਸੁੰਦਰੀ ਤੇ ਮੁੰਦਰੀ ਨਾਂ ਦੀਆਂ ਦੋ ਬਹੁਤ ਖ਼ੂਬਸੂਰਤ ਧੀਆਂ ਸਨ, ਜਿਨ੍ਹਾਂ ਦੀ ਮੰਗਣੀ ਹੋ ਚੁੱਕੀ ਸੀ। ਉਸ ਸਮੇਂ ਦੇ ਹਾਕਮ ਦੀ ਨਜ਼ਰੀਂ ਇਹ ਲੜਕੀਆਂ ਚੜ੍ਹ ਗਈਆਂ ਤੇ ਉਹ ਹਾਕਮ ਦੋਵੇਂ ਭੈਣਾਂ 'ਤੇ ਮੈਲੀ ਅੱਖ ਰੱਖਣ ਲੱਗ ਪਿਆ। ਦੁੱਲੇ ਭੱਟੀ ਨੇ ਕੁੜੀਆਂ ਦੇ ਵਿਆਹ ਕਰਾਉਣ ਦਾ ਵਚਨ ਦਿੱਤਾ। ਲੜਕੀਆਂ ਦੇ ਸਹੁਰੇ ਹਾਕਮਾਂ ਤੋਂ ਡਰਦੇ ਮਾਰੇ ਰਾਤ ਨੂੰ ਵਿਆਹ ਕਰਨ ਲਈ ਕਹਿਣ ਲੱਗੇ। ਦੁੱਲੇ ਭੱਟੀ ਨੇ ਲਾਗਲੇ ਪਿੰਡ 'ਚੋਂ ਦਾਨ ਦੇ ਰੂਪ 'ਚ ਗੁੜ, ਸ਼ੱਕਰ, ਬਾਲਣ, ਦਾਣੇ ਇਕੱਠੇ ਕੀਤੇ। ਲੋਕ ਸੁੰਦਰੀ ਤੇ ਮੁੰਦਰੀ ਦੇ ਵਿਆਹ 'ਤੇ ਇਕੱਠੇ ਹੋਏ। ਦੁੱਲੇ ਭੱਟੀ ਨੇ ਆਪਣੇ ਹੱਥੀਂ ਲੜਕੀਆਂ ਦੇ ਵਿਆਹ ਕੀਤੇ ਤੇ ਸੇਰ-ਸੇਰ ਸ਼ੱਕਰ ਪਾਈ। ਉਸ ਦਿਨ ਤੋਂ ਇਸੇ ਤਰ੍ਹਾਂ ਲੋਹੜੀ ਮਨਾਉਣ ਦਾ ਰਿਵਾਜ ਪੈ ਗਿਆ। ਦੁੱਲਾ ਭੱਟੀ ਇੰਨਾ ਮਸ਼ਹੂਰ ਹੋ ਗਿਆ ਕਿ ਅੱਜ ਵੀ ਜਦ ਬੱਚੇ ਘਰਾਂ 'ਚ ਲੋਹੜੀ ਮੰਗਦੇ ਹਨ ਤਾਂ ਇਹ ਗੀਤ ਜ਼ਰੂਰ ਗਾਉਂਦੇ ਹਨ।
ਲੋਹੜੀ ਵਾਲੇ ਦਿਨ ਛੋਟੇ-ਛੋਟੇ ਬੱਚੇ ਘਰ-ਘਰ ਜਾ ਕੇ ਗੀਤ ਗਾਉਂਦੇ ਹਨ, ਜਿਸ ਵਿਚ ਇਸ ਘਟਨਾ ਦਾ ਜ਼ਿਕਰ ਆਉਂਦਾ ਹੈ :-
ਸੁੰਦਰ ਮੁੰਦਰੀਏ, ਹੋ!
ਤੇਰਾ ਕੌਣ ਵਿਚਾਰਾ, ਹੋ!
ਦੁੱਲਾ ਭੱਟੀ ਵਾਲਾ, ਹੋ!
ਦੁੱਲੇ ਧੀ ਵਿਆਹੀ, ਹੋ!
ਸੇਰ ਸ਼ੱਕਰ ਪਾਈ, ਹੋ!
ਕੁੜੀ ਦਾ ਸਾਲੂ ਪਾਟਾ, ਹੋ!

0
35 views