ਪਿੰਡ ਗਾਲ੍ਹੜੀਆਂ ਵਿੱਚ ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ
ਮੁਕੇਰੀਆਂ ( ਪ੍ਰਿੰਸ ਠਾਕੁਰ ਹੁਸ਼ਿਆਰਪੁਰ)ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦਿਹਾੜੇ ਮੌਕੇ ਪਿੰਡ ਗਾਲ੍ਹੜੀਆਂ ਵਿੱਚ ਭਾਰੀ ਸ਼ਰਧਾ ਤੇ ਉਤਸ਼ਾਹ ਨਾਲ ਨਗਰ ਕੀਰਤਨ ਸਜਾਇਆ ਗਿਆ। ਇਸ ਪਾਵਨ ਅਵਸਰ ’ਤੇ ਸੰਗਤਾਂ ਦਾ ਵਿਸ਼ਾਲ ਇਕੱਠ ਹੋਇਆ ਅਤੇ ਨਗਰ ਕੀਰਤਨ ਦੌਰਾਨ ਗੁਰੂ ਮਹਾਰਾਜ ਦੇ ਦਰਸ਼ਨ-ਦੀਦਾਰੇ ਕਰਕੇ ਸੰਗਤਾਂ ਨਿਹਾਲ ਹੋਈਆਂ।ਨਗਰ ਕੀਰਤਨ ਵਿੱਚ ਪਿੰਡ ਵਾਸੀਆਂ ਦਾ ਆਪਸੀ ਪਿਆਰ, ਭਾਈਚਾਰਕ ਸਾਂਝ ਅਤੇ ਗੁਰੂ ਜੀ ਪ੍ਰਤੀ ਅਟੁੱਟ ਸ਼ਰਧਾ, ਸਤਿਕਾਰ ਤੇ ਆਸਥਾ ਸਾਫ਼ ਨਜ਼ਰ ਆਈ। ਪਿੰਡ ਵਾਸੀਆਂ ਵੱਲੋਂ ਚਾਹ ਪਕੌੜਾ, ਫਲ ਫਰੂਟ, ਗੁਰੂ ਘਰ ਪ੍ਰਸ਼ਾਦੇ ਦੇ ਖੁੱਲ੍ਹੇ ਲੰਗਰ ਵਰਤਾਏ ਗਏ, ਜਿੱਥੇ ਸੇਵਾ ਭਾਵ ਨਾਲ ਸੰਗਤ ਦੀ ਸੇਵਾ ਕੀਤੀ ਗਈ।ਇਸ ਦੌਰਾਨ ਨਗਰ ਦੀ ਭਲਾਈ, ਅਮਨ-ਸ਼ਾਂਤੀ ਅਤੇ ਵਿਦੇਸ਼ਾਂ ਵਿੱਚ ਵਸਦੀਆਂ ਸੰਗਤਾਂ ਦੀ ਚੜ੍ਹਦੀ ਕਲਾ ਲਈ ਗੁਰੂ ਮਹਾਰਾਜ ਅੱਗੇ ਵਿਸ਼ੇਸ਼ ਅਰਦਾਸ ਵੀ ਕੀਤੀ ਗਈ। ਸਮੂਹ ਵਾਤਾਵਰਨ ਗੁਰਬਾਣੀ ਕੀਰਤਨ ਨਾਲ ਗੂੰਜ ਉਠਿਆ ਅਤੇ ਪੂਰਾ ਪਿੰਡ ਗੁਰੂਮਈ ਰੰਗ ਵਿੱਚ ਰੰਗਿਆ ਨਜ਼ਰ ਆਇਆ।