logo

ਪੱਤਰਕਾਰਾਂ ‘ਤੇ ਪਰਚੇ ਲੋਕਤੰਤਰ ਤੇ ਪ੍ਰੈਸ ਦੀ ਆਜ਼ਾਦੀ ‘ਤੇ ਸਿੱਧਾ ਹਮਲਾ – ਕਿਸਾਨ ਮਜ਼ਦੂਰ ਐਸੋਸੀਏਸ਼ਨ ਪੰਜਾਬ

ਮਾਨਸਾ - (03 ਜਨਵਰੀ 2026)- ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨਾਂ ਕੁਝ ਪੱਤਰਕਾਰਾਂ ਖ਼ਿਲਾਫ਼ ਪਰਚੇ ਦਰਜ ਕਰਨ ਦਾ ਫ਼ੈਸਲਾ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇਹ ਪਰਚੇ ਉਹਨਾਂ ਪੱਤਰਕਾਰਾਂ ‘ਤੇ ਦਰਜ ਕੀਤੇ ਗਏ ਹਨ ਜਿਨ੍ਹਾਂ ਨੇ ਸਰਕਾਰੀ ਹੈਲੀਕਾਪਟਰ ਦੀ ਵਰਤੋਂ ਸਬੰਧੀ ਖ਼ਬਰਾਂ ਪ੍ਰਕਾਸ਼ਿਤ ਕੀਤੀਆਂ, ਜਦੋਂ ਕਿ ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਦੀ ਗੈਰ ਮੌਜੂਦਗੀ ਦੱਸੀ ਗਈ ਸੀ।
ਲੰਘੇ ਦਿਨਾਂ ਦੇ ਵੱਖ-ਵੱਖ ਅਖਬਾਰਾਂ ਵਿੱਚ ਛਪੀਆਂ ਖ਼ਬਰਾਂ ਅਨੁਸਾਰ ਇਹ ਮਾਮਲਾ ਪੂਰੀ ਤਰ੍ਹਾਂ ਜਨਤਕ ਹਿਤ ਨਾਲ ਜੁੜਿਆ ਹੋਇਆ ਹੈ। ਮੀਡੀਆ ਦਾ ਕੰਮ ਸੱਤਾ ਤੋਂ ਸਵਾਲ ਪੁੱਛਣਾ ਅਤੇ ਲੋਕਾਂ ਤੱਕ ਸੱਚ ਪਹੁੰਚਾਉਣਾ ਹੈ, ਨਾ ਕਿ ਸਰਕਾਰ ਦੀ ਨਾਰਾਜ਼ਗੀ ਦਾ ਸ਼ਿਕਾਰ ਬਣਨਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਿਸਾਨ ਮਜ਼ਦੂਰ ਐਸੋਸੀਏਸ਼ਨ ਪੰਜਾਬ ਦੇ ਸੂਬਾ ਚੇਅਰਮੈਨ ਸੋਹਨ ਸਿੰਘ ਨਾਭਾ, ਜਿਲਾ ਪਟਿਆਲਾ ਆਗੂ ਮਨਿੰਦਰ ਸਿੰਘ , ਸੂਬਾ ਆਗੂ ਕੁਲਦੀਪ ਸਿੰਘ ਨੀਟੂ ਕੋਟ ਧਰਮੂੰ , ਜਿਲਾ ਮਾਨਸਾ ਆਗੂ ਗੁਰਪ੍ਰੀਤ ਸਿੰਘ ਜਥੇਬੰਦੀ ਦੇ ਮੁੱਖ ਦਫਤਰ ਕੋਟ ਧਰਮੂੰ ਵਿਖੇ ਹਾਜਰ ਹੋ ਸਾਂਝੇ ਰੂਪ ਵਿੱਚ ਬਿਆਨ ਜਾਰੀ ਕਰਦਿਆਂ ਕੀਤਾ। ਅੱਗੇ ਉਹਨਾਂ ਕਿਹਾ ਕਿ ਸਰਕਾਰੀ ਸਰੋਤਾਂ ਦੀ ਵਰਤੋਂ ਬਾਰੇ ਸਵਾਲ ਉਠਾਉਣਾ ਪੱਤਰਕਾਰਤਾ ਦਾ ਮੂਲ ਅਧਿਕਾਰ ਹੈ।
ਕਿਸਾਨ ਮਜ਼ਦੂਰ ਐਸੋਸੀਏਸ਼ਨ ਪੰਜਾਬ ਦਾ ਮੰਨਣਾ ਹੈ ਕਿ ਪੱਤਰਕਾਰਾਂ ਖ਼ਿਲਾਫ਼ ਪਰਚੇ ਦਰਜ ਕਰਨਾ ਲੋਕਤੰਤਰ ਦੀ ਆਜ਼ਾਦੀ ‘ਤੇ ਸਿੱਧਾ ਹਮਲਾ ਹੈ। ਅਜਿਹੇ ਫ਼ੈਸਲੇ ਸਰਕਾਰ ਦੀ ਅਸਹਿਨਸ਼ੀਲਤਾ ਨੂੰ ਦਰਸਾਉਂਦੇ ਹਨ ਅਤੇ ਲੋਕਾਂ ਦੇ ਧਿਆਨ ਨੂੰ ਅਸਲ ਮੁੱਦਿਆਂ—ਕਿਸਾਨਾਂ, ਮਜ਼ਦੂਰਾਂ, ਮਹਿੰਗਾਈ ਅਤੇ ਬੇਰੋਜ਼ਗਾਰੀ—ਤੋਂ ਭਟਕਾਉਣ ਦੀ ਕੋਸ਼ਿਸ਼ ਹਨ।
ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ
ਪੱਤਰਕਾਰਾਂ ‘ਤੇ ਦਰਜ ਸਾਰੇ ਪਰਚੇ ਤੁਰੰਤ ਰੱਦ ਕੀਤੇ ਜਾਣ।
ਸਰਕਾਰੀ ਹੈਲੀਕਾਪਟਰ ਦੀ ਵਰਤੋਂ ਸਬੰਧੀ ਤੱਥ ਲੋਕਾਂ ਸਾਹਮਣੇ ਰੱਖੇ ਜਾਣ।
ਪ੍ਰੈਸ ਦੀ ਆਜ਼ਾਦੀ ਦਾ ਸਨਮਾਨ ਕੀਤਾ ਜਾਵੇ ਅਤੇ ਭਵਿੱਖ ਵਿੱਚ ਅਜਿਹੇ ਦਮਨਕਾਰੀ ਕਦਮਾਂ ਤੋਂ ਪਰਹੇਜ਼ ਕੀਤਾ ਜਾਵੇ।
ਕਿਸਾਨ ਮਜ਼ਦੂਰ ਐਸੋਸੀਏਸ਼ਨ ਪੰਜਾਬ ਸਪਸ਼ਟ ਕਰਦੀ ਹੈ ਕਿ ਉਹ ਹਮੇਸ਼ਾ ਲੋਕਤੰਤਰ, ਸੱਚੀ ਪੱਤਰਕਾਰਤਾ ਅਤੇ ਲੋਕਾਂ ਦੇ ਹੱਕਾਂ ਦੀ ਰੱਖਿਆ ਲਈ ਸੰਘਰਸ਼ ਕਰਦੀ ਰਹੇਗੀ।

16
3429 views