logo

ਸਪੀਕਰ ਸ. ਸੰਧਵਾਂ ਨੇ ਕੋਟਕਪੂਰਾ ਵਿਖੇ ਸ਼ਹੀਦ ਮੁਕੇਸ਼ ਕੁਮਾਰ ਕੋਲੀ ਪਾਰਕ ਦੇ ਨਵੀਨੀਕਰਨ ਕੰਮ ਦਾ ਨੀਂਹ ਪੱਥਰ ਰੱਖਿਆ

ਕੋਟਕੂਪਰਾ 27 ਦਸੰਬਰ (Sanjiv Mittal) ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਕੋਟਕਪੂਰਾ ਵਿਖੇ ਸਥਿਤ ਸ਼ਹੀਦ ਮੁਕੇਸ਼ ਕੁਮਾਰ ਕੋਲੀ ਪਾਰਕ ਦੇ ਨਵੀਨੀਕਰਨ ਦੇ ਕੰਮ ਦਾ ਨੀਂਹ ਪੱਥਰ ਰੱਖਿਆ।

ਇਸ ਮੌਕੇ ਸਪੀਕਰ ਸ. ਸੰਧਵਾਂ ਨੇ ਪਾਰਕ ਵਿੱਚ ਚੱਲ ਰਹੇ ਨਵੀਨੀਕਰਨ ਕਾਰਜਾਂ ਦਾ ਜਾਇਜ਼ਾ ਲੈਂਦਿਆਂ ਸਬੰਧਤ ਵਿਭਾਗੀ ਅਧਿਕਾਰੀਆਂ ਨੂੰ ਕੰਮ ਨੂੰ ਸਮੇਂ-ਸਿਰ ਅਤੇ ਗੁਣਵੱਤਾ ਨਾਲ ਪੂਰਾ ਕਰਨ ਲਈ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ।

ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਸ਼ਹੀਦਾਂ ਦਾ ਸਨਮਾਨ ਕਰਨ ਵਾਲੀ ਸਰਕਾਰ ਹੈ ਅਤੇ ਇਸ ਪਾਰਕ ਵਿੱਚ ਮੌਜੂਦ ਸਾਰੀਆਂ ਕਮੀਆਂ ਨੂੰ ਦੂਰ ਕੀਤਾ ਜਾਵੇਗਾ, ਤਾਂ ਜੋ ਆਉਣ ਵਾਲੀਆਂ ਪੀੜੀਆਂ ਸ਼ਹੀਦਾਂ ਦੀਆਂ ਕੁਰਬਾਨੀਆਂ ਤੋਂ ਪ੍ਰੇਰਣਾ ਲੈ ਸਕਣ।

ਜ਼ਿਕਰਯੋਗ ਹੈ ਕਿ ਪਿਛਲੇ ਕਈ ਸਾਲਾਂ ਤੋਂ ਇਸ ਪਾਰਕ ਵੱਲ ਕਿਸੇ ਵੀ ਸਰਕਾਰ ਜਾਂ ਪ੍ਰਸ਼ਾਸਨ ਵੱਲੋਂ ਧਿਆਨ ਨਹੀਂ ਦਿੱਤਾ ਗਿਆ ਸੀ, ਜਿਸ ਕਾਰਨ ਪਾਰਕ ਦੀ ਹਾਲਤ ਕਾਫੀ ਖ਼ਰਾਬ ਹੋ ਚੁੱਕੀ ਸੀ। ਸ਼ਹੀਦ ਮੁਕੇਸ਼ ਕੁਮਾਰ ਕੋਲੀ ਦੇ ਪਰਿਵਾਰ ਵੱਲੋਂ ਮੰਗ ਕੀਤੇ ਜਾਣ ਉਪਰੰਤ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਆਪਣੇ ਅਖਤਿਆਰੀ ਫੰਡ ਵਿੱਚੋਂ ਪਾਰਕ ਦੇ ਨਵੀਨੀਕਰਨ ਲਈ ਗਰਾਂਟ ਜਾਰੀ ਕੀਤੀ। ਇਸ ਗਰਾਂਟ ਨਾਲ ਪਾਰਕ ਵਿੱਚ ਨਵੀਨੀਕਰਨ ਦਾ ਕੰਮ ਸ਼ੁਰੂ ਹੋ ਗਿਆ ਹੈ, ਜਿਸਦਾ ਅੱਜ ਰਸਮੀ ਤੌਰ ’ਤੇ ਨੀਂਹ ਪੱਥਰ ਰੱਖਿਆ ਗਿਆ।

ਇਸ ਮੌਕੇ ਗੱਲਬਾਤ ਕਰਦੇ ਹੋਏ ਸ਼ਹੀਦ ਮੁਕੇਸ਼ ਕੁਮਾਰ ਕੋਲੀ ਦੇ ਪਿਤਾ ਸ. ਅਮਰ ਸਿੰਘ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਕ ਦੀ ਦੁਰਦਸ਼ਾ ਸੁਧਾਰਨ ਵੱਲ ਧਿਆਨ ਦੇ ਕੇ ਸ਼ਹੀਦ ਦੇ ਸਨਮਾਨ ਨੂੰ ਕਾਇਮ ਰੱਖਿਆ ਗਿਆ ਹੈ।

2
248 views