logo

ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਮੇਨ ਬਾਜ਼ਾਰ ਮੱਲਾਂ ਵਾਲਾ "ਚ ਲਗਾਈਆਂ ਦੁੱਧ ਤੇ ਕਾਫੀ ਦਾ ਲੰਗਰ

👉 ਭਾਈ ਮੋਤੀ ਰਾਮ ਜੀ ਦੀ ਮਹਾਨ ਸੇਵਾ ਤੇ ਕੁਰਬਾਨੀ ਨੂੰ ਕੀਤਾ ਨਮਨ

ਮੱਲਾਂ ਵਾਲਾ : 26 ਦਸੰਬਰ -(ਤਿਲਕ ਸਿੰਘ ਰਾਏ )-,ਸਰਬੰਸ ਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਡਲੇ ਸਪੁੱਤਰ ਤੇ ਖਾਲਸੇ ਦੀਆਂ ਲਾਡਲੀਆਂ ਫੌਜਾਂ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਮੱਲਾਂ ਵਾਲਾ ਮੇਨ ਬਾਜ਼ਾਰ ਵਿੱਚ ਸ਼ਹੀਦੀ ਸ਼ਹਾਦਤ ਨੂੰ ਸਮਰਪਿਤ ਦੁੱਧ ਅਤੇ ਕਾਫੀ ਦਾ ਲੰਗਰ ਲਗਾਇਆ ਗਿਆ। ਲੰਗਰ ਵਿੱਚ ਸੰਗਤਾਂ ਲਈ ਬਿਸਕੁਟ ਵੀ ਵਰਤਾਏ ਗਏ। ਇਸ ਮੌਕੇ ਸੰਗਤਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ —
ਸਾਹਿਬਜ਼ਾਦਾ ਅਜੀਤ ਸਿੰਘ ਜੀ, ਸਾਹਿਬਜ਼ਾਦਾ ਜੁਝਾਰ ਸਿੰਘ ਜੀ, ਸਾਹਿਬਜ਼ਾਦਾ ਜੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਜੀ ਵੱਲੋਂ ਛੋਟੀ ਉਮਰ ਵਿੱਚ ਧਰਮ ਅਤੇ ਕੌਮ ਦੀ ਰੱਖਿਆ ਲਈ ਦਿੱਤੀ ਮਹਾਨ ਕੁਰਬਾਨੀ ਨੂੰ ਸ਼ਰਧਾ ਨਾਲ ਯਾਦ ਕੀਤਾ।
ਇਸ ਮੌਕੇ ਮਾਤਾ ਗੁਜਰੀ ਜੀ ਦੀ ਅਟੱਲ ਸ਼ਰਧਾ ਅਤੇ ਅਡੋਲ ਹੌਸਲੇ ਨੂੰ ਵੀ ਨਮਨ ਕੀਤਾ ਗਿਆ, ਜਿਨ੍ਹਾਂ ਨੇ ਠੰਢੀ ਠੰਢੀ ਥਾਂ ’ਚ ਕੈਦ ਰਹਿੰਦੇ ਹੋਏ ਵੀ ਧਰਮ ਤੋਂ ਡਿੱਗਣ ਨਹੀਂ ਦਿੱਤਾ।
ਲੰਗਰ ਦੌਰਾਨ ਭਾਈ ਮੋਤੀ ਰਾਮ ਜੀ (ਮੋਤੀ ਰਾਮ ਮਹਿਰਾ) ਦੀ ਉਹ ਮਹਾਨ ਸਾਖੀ ਵੀ ਯਾਦ ਕੀਤੀ ਗਈ, ਜਿਸ ਵਿੱਚ ਉਨ੍ਹਾਂ ਨੇ ਸਰਹਿੰਦ ਵਿੱਚ ਕੈਦ ਸਾਹਿਬਜ਼ਾਦਿਆਂ ਨੂੰ ਦੁੱਧ ਪਿਆਉਣ ਦੀ ਸੇਵਾ ਕੀਤੀ। ਕਿਹਾ ਜਾਂਦਾ ਹੈ ਕਿ ਉਸ ਸਮੇਂ ਦੁੱਧ ਬਹੁਤ ਮਹਿੰਗਾ ਸੀ, ਪਰ ਭਾਈ ਮੋਤੀ ਰਾਮ ਜੀ ਨੇ ਕਿਸੇ ਡਰ ਜਾਂ ਲਾਲਚ ਦੀ ਪਰਵਾਹ ਕੀਤੇ ਬਿਨਾਂ ਸਾਹਿਬਜ਼ਾਦਿਆਂ ਦੀ ਸੇਵਾ ਨਿਭਾਈ। ਇਸ ਅਟੱਲ ਸੇਵਾ ਦੇ ਬਦਲੇ ਉਨ੍ਹਾਂ ਨੂੰ ਆਪਣੇ ਪੂਰੇ ਪਰਿਵਾਰ ਸਮੇਤ ਸ਼ਹੀਦੀ ਦੇਣੀ ਪਈ। ਇਹ ਸਾਖੀ ਸਿੱਖ ਇਤਿਹਾਸ ਵਿੱਚ ਸੇਵਾ, ਤਿਆਗ ਅਤੇ ਨਿਸ਼ਕਾਮ ਭਾਵਨਾ ਦੀ ਅਮਰ ਮਿਸਾਲ ਹੈ।
ਲੰਗਰ ਦੀ ਸੇਵਾ ਵਿੱਚ ਅਸ਼ਵਨੀ ਕੁਮਾਰ ਬਜਾਜ, ਰਜਿੰਦਰ ਕੁਮਾਰ ਬਜਾਜ ਉਰਫ਼ ਮਿੱਠੂ ਬਜਾਜ, ਪਰਮਿੰਦਰ ਸਿੰਘ, ਲੱਖਾ ਸੁਨਿਆਰਾ, ਕਸ਼ਮੀਰ ਸਿੰਘ, ਸੁਖ ਰੈਡੀਮੇਡ ਵਾਲਾ, ਸੁਖਦੇਵ ਸਿੰਘ, ਜਗਮੋਹਨ ਸਿੰਘ ਸੁਨਿਆਰਾ, ਹਰਜਿੰਦਰ (ਬੂਟ ਹਾਊਸ), ਖਾਲਸਾ ਬਰਤਨ ਭੰਡਾਰ, ਰਿਸ਼ੂ ਵਾਚ ਕੰਪਨੀ ਅਤੇ ਵਿਕਾਸ ਬਜਾਜ ਸਮੇਤ ਹੋਰ ਸੇਵਾਦਾਰ ਹਾਜ਼ਰ ਰਹੇ।
ਸੰਗਤਾਂ ਵੱਲੋਂ ਅਰਦਾਸ ਕਰਕੇ ਚਾਰ ਸਾਹਿਬਜ਼ਾਦਿਆਂ, ਮਾਤਾ ਗੁਜਰੀ ਜੀ ਅਤੇ ਭਾਈ ਮੋਤੀ ਰਾਮ ਜੀ ਦੀ ਮਹਾਨ ਸ਼ਹਾਦਤ ਨੂੰ ਨਮਨ ਕੀਤਾ ਗਿਆ ਅਤੇ ਉਨ੍ਹਾਂ ਦੇ ਦਰਸਾਏ ਮਾਰਗ ’ਤੇ ਚਲਣ ਦਾ ਸੰਕਲਪ ਲਿਆ ਗਿਆ।

26
2575 views