
ਸੰਘਣੀ ਧੁੰਦ ਦੀ ਚਪੇਟ ‘ਚ" ਆਇਆ ਨੌਜਵਾਨ ਕਿਸਾਨ , ਦੋ ਨਿੱਕੇ ਬੱਚਿਆਂ ਦੇ ਸਿਰੋਂ ਛੁੱਟਿਆ ਸਾਇਆ
ਮੱਲਾਂ ਵਾਲਾ : 23 ਦਸੰਬਰ -( ਤਿਲਕ ਸਿੰਘ ਰਾਏ )-ਪਿੰਡ ਦੂਲੇ ਵਾਲਾ ਵਿੱਚ ਬੀਤੀ ਸ਼ਾਮ ਸੰਘਣੀ ਧੁੰਦ ਕਾਰਨ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਨੇ ਇਲਾਕੇ ਨੂੰ ਸੋਗ ‘ਚ ਡੁਬੋ ਦਿੱਤਾ। ਜਾਣਕਾਰੀ ਅਨੁਸਾਰ ਵਿਕਰਮਜੀਤ ਸਿੰਘ (30 ਸਾਲ), ਜੋ ਕਿ ਕਿਸਾਨ ਸੀ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਖੇਤੀਬਾੜੀ ਨਾਲ ਕਰਦਾ ਸੀ, ਸ਼ਾਮ ਕਰੀਬ 6:30 ਵਜੇ ਮੋਟਰਸਾਈਕਲ ‘ਤੇ ਕਿਸੇ ਨਿੱਜੀ ਕੰਮ ਤੋਂ ਘਰ ਵਾਪਸ ਆ ਰਿਹਾ ਸੀ।
ਇਸ ਦੌਰਾਨ ਇਲਾਕੇ ਵਿੱਚ ਸੰਘਣੀ ਧੁੰਦ ਛਾਈ ਹੋਈ ਸੀ, ਜਿਸ ਕਾਰਨ ਸੜਕ ‘ਤੇ ਦਿੱਖ ਬਹੁਤ ਘੱਟ ਸੀ। ਰਸਤੇ ਵਿੱਚ ਅਚਾਨਕ ਕਿਸੇ ਵਾਹਨ ਨਾਲ ਸਾਈਡ ਲੱਗਣ ਕਾਰਨ ਮੋਟਰਸਾਈਕਲ ਬੇਕਾਬੂ ਹੋ ਗਿਆ ਅਤੇ ਉਹ ਸੜਕ ‘ਤੇ ਡਿੱਗ ਪਿਆ। ਹਾਦਸਾ ਇੰਨਾ ਭਿਆਨਕ ਸੀ ਕਿ ਵਿਕਰਮਜੀਤ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਘਟਨਾ ਦੀ ਖ਼ਬਰ ਫੈਲਦੇ ਹੀ ਪਿੰਡ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸੋਗ ਦੀ ਲਹਿਰ ਦੌੜ ਗਈ। ਮ੍ਰਿਤਕ ਆਪਣੇ ਪਰਿਵਾਰ ਦਾ ਇਕੱਲਾ ਸਹਾਰਾ ਸੀ। ਉਸਦੇ ਪਿੱਛੇ 11 ਸਾਲ ਦਾ ਪੁੱਤਰ ਅਤੇ 4 ਸਾਲ ਦੀ ਧੀ ਛੱਡ ਗਿਆ ਹੈ। ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਇਲਾਕੇ ਦੇ ਵਸਨੀਕਾਂ ਨੇ ਦੱਸਿਆ ਕਿ ਸੰਘਣੀ ਧੁੰਦ ਕਾਰਨ ਇਨ੍ਹਾਂ ਦਿਨਾਂ ਸੜਕ ਹਾਦਸਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਲੋਕਾਂ ਵੱਲੋਂ ਪ੍ਰਸ਼ਾਸਨ ਤੋਂ ਸੜਕ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕਰਨ ਅਤੇ ਯਾਤਰੀਆਂ ਨੂੰ ਖ਼ਾਸ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਗਈ ਹੈ।