logo

ਪਿੰਡ ਸਿੱਖਾਂਵਾਲਾ ਵਿਖੇ 15ਵੇਂ ਕਾਸਕੋ ਕ੍ਰਿਕਟ ਟੂਰਨਾਮੈਂਟ ਦਾ ਮਣੀ ਧਾਲੀਵਾਲ ਵੱਲੋਂ ਉਦਘਾਟਨ..

ਫਰੀਦਕੋਟ:18,ਦਸੰਬਰ। (ਕੰਵਲ ਸਰਾਂ/ਗੌਤਮ ਬਾਂਸਲ)
ਕੋਟਕਪੂਰਾ ਦੇ ਨੇੜਲੇ ਪਿੰਡ ਸਿੱਖਾਂਵਾਲਾ ਦੀ ਆਜ਼ਾਦ ਸਪੋਰਟਸ ਵੈਲਫੇਅਰ ਸੁਸਾਇਟੀ ਵੱਲੋਂ ਨਗਰ ਨਿਵਾਸੀਆਂ ਅਤੇ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ 15ਵਾਂ ਸ਼ਾਨਦਾਰ ਕਾਸਕੋ ਕ੍ਰਿਕਟ ਟੂਰਨਾਮੈਂਟ ਮਿਤੀ 18 ਦਸੰਬਰ ਤੋਂ 21 ਦਸੰਬਰ ਤੱਕ ਖੇਡ ਗਰਾਊਂਡ ਪਿੰਡ ਸਿੱਖਾਂਵਾਲਾ ਵਿਖੇ ਕਰਵਾਇਆ ਜਾ ਰਿਹਾ ਹੈ। ਟੂਰਨਾਮੈਂਟ ਦੇ ਪਹਿਲੇ ਦਿਨ ਦਾ ਸ਼ੁਭ ਆਰੰਭ ਬਾਬਾ ਸ਼ਾਮ ਸਿੰਘ ਜੀ ਵੱਲੋਂ ਅਰਦਾਸ ਬੇਨਤੀ ਕਰਨ ਉਪਰੰਤ ਮਨਪ੍ਰੀਤ ਸਿੰਘ ਮਣੀ ਧਾਲੀਵਾਲ ਵੱਲੋਂ ਰਿਬਨ ਕੱਟ ਕੇ ਕੀਤਾ ਗਿਆ। ਇਸ ਮੌਕੇ ਮਣੀ ਧਾਲੀਵਾਲ ਨੇ ਪਿੰਡ ਦੇ ਨੌਜਵਾਨਾਂ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੋੜੀ ਰੱਖਣ ਲਈ ਸਾਰਿਆਂ ਨੂੰ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਸਹਿਯੋਗ ਦੇਣਾ ਚਾਹੀਦਾ ਹੈ। ਕਲੱਬ ਦੇ ਪ੍ਰਧਾਨ ਸੁਖਚੈਨ ਸਿੰਘ ਅਤੇ ਜਗਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲੇ ਦਿਨ ਦਾ ਪਹਿਲਾ ਮੈਚ ਪਿੰਡ ਚਮੇਲੀ ਅਤੇ ਟਹਿਣਾ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ, ਜਦਕਿ ਦੂਜਾ ਮੈਚ ਕੋਟਕਪੂਰਾ ਅਤੇ ਮੱਤਾ ਦੀਆਂ ਟੀਮਾਂ ਦਰਮਿਆਨ ਹੋਇਆ। ਪਹਿਲੇ ਦਿਨ ਲਗਭਗ ਵੀਹ ਟੀਮਾਂ ਨੇ ਟੂਰਨਾਮੈਂਟ ਵਿੱਚ ਭਾਗ ਲਿਆ। ਕਲੱਬ ਮੈਂਬਰ ਸਵਤੰਤਰ ਸਿੰਘ ਸੰਧੂ, ਰਘਬੀਰ ਸਿੰਘ, ਇੰਦਰਜੀਤ ਸਿੰਘ, ਨਿੱਕਾ ਇਲੈਕਟ੍ਰੀਸ਼ਨ, ਹਰਪ੍ਰੀਤ ਸਿੰਘ ਅਤੇ ਹਰਵਿੰਦਰ ਸਿੰਘ (ਪੀਪੀ) ਨੇ ਦੱਸਿਆ ਕਿ ਟੂਰਨਾਮੈਂਟ ਦੀ ਜੇਤੂ ਟੀਮ ਨੂੰ ਪਹਿਲਾ ਇਨਾਮ 22,000 ਰੁਪਏ, ਦੂਜੇ ਨੰਬਰ ਦੀ ਟੀਮ ਨੂੰ 12,000 ਰੁਪਏ, ਜਦਕਿ ਤੀਜੇ ਅਤੇ ਚੌਥੇ ਨੰਬਰ ਲਈ 3,100-3,100 ਰੁਪਏ ਦੇ ਇਨਾਮ ਦਿੱਤੇ ਜਾਣਗੇ। ਇਹ ਇਨਾਮ ਬਲਕਰਨ ਸਿੰਘ (ਕੈਨੇਡਾ), ਹਰਦੇਵ ਸਿੰਘ ਸੰਧੂ (ਕੈਨੇਡਾ), ਗੁਰਤੇਜ ਸਿੰਘ ਨੰਬਰਦਾਰ ਅਤੇ ਗੁਲਵਿੰਦਰ ਸਿੰਘ ਨੰਬਰਦਾਰ ਵੱਲੋਂ ਦਿੱਤੇ ਜਾਣਗੇ। ਟੂਰਨਾਮੈਂਟ ਦੇ ਅਖੀਰਲੇ ਦਿਨ, ਮਿਤੀ 21 ਦਸੰਬਰ ਨੂੰ ਇਨਾਮ ਵੰਡਣ ਦੀ ਰਸਮ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਨਿਭਾਈ ਜਾਵੇਗੀ।ਇਸ ਮੌਕੇ ਪਿੰਡ ਸਿੱਖਾਂਵਾਲਾ ਦੇ ਸਰਪੰਚ ਹਰਬੰਸ ਸਿੰਘ, ਪਿੰਡ ਚਮੇਲੀ ਦੇ ਸਰਪੰਚ ਦਿਲਬਾਗ ਸਿੰਘ ਬਰਾੜ, ਗੁਰਚਰਨ ਸਿੰਘ ਬਲਾਕ ਸੰਮਤੀ ਮੈਂਬਰ, ਚੰਨਾ ਸੰਧੂ ਮੈਂਬਰ, ਨਿਰਮਲ ਸਿੰਘ ਢਿੱਲੋਂ, ਰਣਧੀਰ ਸਿੰਘ ਮੈਂਬਰ, ਰਣਬੀਰ ਸਿੰਘ ਖ਼ਾਲਸਾ ਮੈਂਬਰ ਅਤੇ ਸਰਦੂਲ ਸਿੰਘ ਨੰਬਰਦਾਰ,ਦਵਿੰਦਰ ਸਿੰਘ ਰਾਜਾ ਬਰਾੜ,ਮਾਧੋ ਧਾਲੀਵਾਲ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।


---

37
1112 views