logo

ਕੇ.ਵੀ.ਕੇ.,ਐਸ.ਏ.ਐਸ. ਨਗਰ ਵੱਲੋਂ ਖੁੰਬਾਂ ਦੀ ਕਾਸ਼ਤ 'ਤੇ ਲਗਾਇਆ ਸਿਖਲਾਈ ਕੋਰਸ

ਸਾਹਿਬਜ਼ਾਦਾ ਅਜੀਤ ਸਿੰਘ ਨਗਰ:18 ਦਸੰਬਰ(ਕੰਵਲ ਸਰਾਂ/ਗੌਤਮ)ਜ਼ਿਲ੍ਹੇ ਵਿੱਚ ਖੁੰਬਾਂ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਕ੍ਰਿਸ਼ੀ ਵਿਗਿਆਨ ਕੇਂਦਰ, ਐਸ. ਏ. ਐਸ. ਨਗਰ ਦੁਆਰਾ ਡਿਪਟੀ ਡਾਇਰੈਕਟਰ, ਡਾ. ਬਲਬੀਰ ਸਿੰਘ ਖੱਦਾ ਦੀ ਅਗਵਾਈ ਹੇਠ ਕਿੱਤਾ ਮੁਖੀ ਸਿਖਲਾਈ ਕੋਰਸ ਲਗਾਇਆ ਗਿਆ, ਜਿਸ ਵਿੱਚ 25 ਕਿਸਾਨ ਵੀਰਾਂ, ਭੈਣਾਂ ਅਤੇ ਨੌਜਵਾਨਾਂ ਨੇ ਹਿੱਸਾ ਲਿਆ।ਇਸ ਮੌਕੇ ਡਾ. ਬਲਬੀਰ ਸਿੰਘ ਖੱਦਾ ਨੇ ਖੁੰਬਾਂ ਦੀ ਮਹੱਤਤਾ ਬਾਰੇ ਦੱਸਿਆ।ਪ੍ਰੋਗਰਾਮ ਇੰਚਾਰਜ ਡਾ. ਹਰਮੀਤ ਕੌਰ ਅਤੇ ਡਾ.ਪਾਰੁਲ ਗੁਪਤਾ ਨੇ ਸਿਖਿਆਰਥੀਆਂ ਨੂੰ ਪੰਜਾਬ ਵਿੱਚ ਹੋਣ ਵਾਲੀਆਂ ਖੁੰਬਾਂ ਦੀ ਕਾਸ਼ਤ ਅਤੇ ਉਹਨਾਂ ਦੀ ਗੁਣਵੱਤਾ ਅਤੇ ਮੁੱਲ ਵਰਧਕ ਉਤਪਾਦਾਂ ਸੰਬੰਧੀ ਜਾਣਕਾਰੀ ਦਿੱਤੀ। ਫਾਰਮ ਸਲਾਹਕਾਰ ਸੇਵਾ ਕੇਂਦਰ,ਰੂਪਨਗਰ ਤੋਂ ਡਾ. ਅਵਨੀਤ ਕੌਰ ਨੇ ਬਟਨ ਖੁੰਬਾਂ ਲਈ ਕੰਪੋਸਟ ਬਣਾਉਣ ਦੀ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਸ਼ਟਾਕੀ ਅਤੇ ਕੀੜਾ ਜੜੀ ਖੁੰਬ ਦੀ ਕਾਸ਼ਤ ਉੱਤੇ ਖੁੰਬ ਪਾਲਕ ਸ਼੍ਰੀਮਤੀ ਸੁੱਖਜੀਵਨ ਕੌਰ ਨੇ ਆਪਣੇ ਤਜ਼ਰਬੇ ਸਾਂਝੇ ਕੀਤੇ। ਕੇ.ਵੀ.ਕੇ., ਬਰਨਾਲਾ ਤੋਂ ਡਾ. ਹਰਜੋਤ ਸਿੰਘ ਸੋਹੀ ਨੇ ਖੁੰਬ ਉਤਪਾਦਨ ਦੀ ਆਰਥਿਕਤਾ ਅਤੇ ਮੰਡੀਕਰਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਮੈਡਮ ਰਾਜਦੀਪ ਕੌਰ, ਫ਼ੂਡ ਸੇਫਟੀ ਅਫਸਰ, ਮੋਹਾਲੀ ਨੇ ਖੁੰਬ ਕਾਰੋਬਾਰ ਲਈ ਫੂਡ ਸੇਫਟੀ ਸਟੈਂਡਰਡ ਐਕਟ ਨਿਯਮ ਅਤੇ ਅਰਜ਼ੀ ਪ੍ਰਕਿਰਿਆ ਬਾਰੇ ਚਾਨਣਾ ਪਾਇਆ। ਇਸ ਸਿਖਲਾਈ ਕੋਰਸ ਦੋਰਾਨ ਸਿਖਿਆਰਥੀਆਂ ਨੂੰ ਖੁੰਬਾਂ ਦੇ ਪ੍ਰੈਕਟੀਕਲ ਤਜਰਬੇ ਦੀ ਸਿੱਖਿਆ ਤਹਿਤ ਮੁਸ਼ਰੂਮ ਮਾਸਟਰ ਐਗਰੋਟੈਕ, ਧੜਾਕ ਕਲਾਂ ਵਿਖੇ ਲਿਜਾਇਆ ਗਿਆ ਜਿਥੇ ਸ਼੍ਰੀ ਵਿਕਾਸ ਬੇਨਲ ਨੇ ਬਟਨ ਖੁੰਬ ਦੀ ਕੰਪੋਸਟ ਤੋਂ ਲੈ ਕੇ ਕਾਸ਼ਤ ਤੱਕ ਭਰਪੂਰ ਜਾਣਕਾਰੀ ਦਿੱਤੀ। ਅੰਤ ਵਿੱਚ ਸਿਖਿਆਰਥੀਆਂ ਨੇ ਕੇ. ਵੀ. ਕੇ.ਟੀਮ ਦਾ ਇਸ ਪ੍ਰੋਗਰਾਮ ਨੂੰ ਉਲੀਕਣ ਅਤੇ ਉਹਨਾਂ ਦੇ ਗਿਆਨ ਵਿੱਚ ਵਾਧਾ ਕਰਨ ਲਈ ਧੰਨਵਾਦ ਕੀਤਾ।

9
193 views