
ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ ਵਿਖੇ ਐੱਸ ਐੱਸ ਜੀ ਡੀ ਭਰਤੀ ਲਈ ਯੁਵਕਾਂ ਦੀ ਮੁਫ਼ਤ ਲਿਖਤੀ ਅਤੇ ਫਿਜ਼ੀਕਲ ਟ੍ਰੇਨਿੰਗ ਕੈਂਪ ਸ਼ੁਰੂ..
ਫ਼ਰੀਦਕੋਟ:18,ਦਸੰਬਰ ( ਕੰਵਲ ਸਰਾਂ/ਗੌਤਮ ਬਾਂਸਲ) ਸੀ-ਪਾਈਟ ਕੈਂਪ ਹਕੂਮਤ ਸਿੰਘ ਵਾਲਾ (ਫਿਰੋਜ਼ਪੁਰ) ਵਿਖੇ ਪੰਜਾਬ ਸਰਕਾਰ ਵੱਲੋਂ ਯੁਵਕਾਂ ਨੂੰ ਐੱਸ ਐੱਸ ਜੀ ਡੀ ਭਰਤੀ ਲਈ ਲਿਖਤੀ ਪੇਪਰ ਅਤੇ ਫਿਜ਼ੀਕਲ ਟੈਸਟ ਦੀ ਮੁਫ਼ਤ ਤਿਆਰੀ ਕਰਵਾਉਣ ਲਈ ਵਿਸ਼ੇਸ਼ ਟ੍ਰੇਨਿੰਗ ਕੈਂਪ ਸ਼ੁਰੂ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੈਂਪ ਟ੍ਰੇਨਿੰਗ ਅਫਸਰ ਕੈਪਟਨ ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਵੱਖ-ਵੱਖ ਫੋਰਸਾਂ ਵਿੱਚ ਭਰਤੀ ਲਈ ਪੋਸਟਾਂ ਕੱਢੀਆਂ ਗਈਆਂ ਹਨ, ਜਿਨ੍ਹਾਂ ਵਿੱਚ ਐਸ.ਐਸ.ਸੀ., ਆਈ.ਟੀ.ਬੀ.ਪੀ., ਏ.ਆਰ., ਐਸ.ਐਸ.ਐਫ. ਅਤੇ ਐਸ.ਐਸ.ਬੀ. ਆਦਿ ਸ਼ਾਮਲ ਹਨ। ਇਨ੍ਹਾਂ ਪੋਸਟਾਂ ਲਈ ਆਨਲਾਈਨ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 31 ਦਸੰਬਰ 2025 ਹੈ ਅਤੇ ਫੀਸ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 01 ਜਨਵਰੀ 2026 ਨਿਰਧਾਰਤ ਕੀਤੀ ਗਈ ਹੈ। ਇਨ੍ਹਾਂ ਭਰਤੀਆਂ ਲਈ ਲਿਖਤੀ ਪੇਪਰ ਅਤੇ ਫਿਜ਼ੀਕਲ ਟੈਸਟ ਦੀ ਤਿਆਰੀ ਸੀ-ਪਾਈਟ ਕੈਂਪ ਵਿੱਚ ਕਰਵਾਈ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ ਵਿਖੇ ਫ਼ਰੀਦਕੋਟ, ਫਾਜ਼ਿਲਕਾ, ਮੁਕਤਸਰ, ਫਿਰੋਜ਼ਪੁਰ ਅਤੇ ਮੋਗਾ ਜ਼ਿਲ੍ਹਿਆਂ ਦੇ ਉਹ ਯੁਵਕ, ਜਿਨ੍ਹਾਂ ਨੇ ਉਪਰੋਕਤ ਪੋਸਟਾਂ ਲਈ ਆਨਲਾਈਨ ਅਪਲਾਈ ਕੀਤਾ ਹੋਇਆ ਹੈ, ਉਨ੍ਹਾਂ ਦੀ ਲਿਖਤੀ ਅਤੇ ਫਿਜ਼ੀਕਲ ਟ੍ਰੇਨਿੰਗ ਚੱਲ ਰਹੀ ਹੈ। ਜੋ ਯੁਵਕ ਇਨ੍ਹਾਂ ਫੋਰਸਾਂ ਵਿੱਚ ਭਰਤੀ ਹੋਣ ਲਈ ਲਿਖਤੀ ਅਤੇ ਫਿਜ਼ੀਕਲ ਟ੍ਰੇਨਿੰਗ ਲੈਣਾ ਚਾਹੁੰਦੇ ਹਨ, ਉਹ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 09:30 ਵਜੇ ਤੋਂ 11:30 ਵਜੇ ਤੱਕ ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ ਵਿਖੇ ਆਪਣਾ ਨਾਮ ਦਰਜ ਕਰਵਾਉਣ ਲਈ ਰਿਪੋਰਟ ਕਰਨ। ਕੈਂਪ ਵਿੱਚ ਹਾਜ਼ਰੀ ਲਗਾਉਂਦੇ ਸਮੇਂ ਯੁਵਕ ਆਪਣੇ ਨਾਲ ਆਨਲਾਈਨ ਅਪਲਾਈ ਕੀਤੀ ਭਰਤੀ ਦੀ ਫੋਟੋਸਟੇਟ ਕਾਪੀ, ਦਸਵੀਂ ਦਾ ਅਸਲ ਸਰਟੀਫਿਕੇਟ ਅਤੇ ਉਸ ਦੀ ਫੋਟੋਸਟੇਟ ਕਾਪੀ, ਪੰਜਾਬ ਰਿਹਾਇਸ਼ ਸਬੰਧੀ ਦਸਤਾਵੇਜ਼ ਦੀ ਫੋਟੋਸਟੇਟ ਕਾਪੀ, ਜਾਤਿ ਸਰਟੀਫਿਕੇਟ ਦੀ ਫੋਟੋਸਟੇਟ ਕਾਪੀ, ਆਧਾਰ ਕਾਰਡ ਦੀ ਫੋਟੋਸਟੇਟ ਕਾਪੀ, ਬੈਂਕ ਖਾਤੇ ਦੀ ਫੋਟੋਸਟੇਟ ਕਾਪੀ (ਖਾਤਾ ਚਾਲੂ ਹਾਲਤ ਵਿੱਚ ਹੋਵੇ), ਇੱਕ ਪਾਸਪੋਰਟ ਸਾਈਜ਼ ਫੋਟੋ, ਇੱਕ ਕਾਪੀ, ਇੱਕ ਪੈਨ, ਖਾਣਾ ਖਾਣ ਲਈ ਬਰਤਨ ਅਤੇ ਰਹਿਣ ਲਈ ਬਿਸਤਰਾ ਆਦਿ ਲੈ ਕੇ ਆਉਣ। ਉਨ੍ਹਾਂ ਨੇ ਦੱਸਿਆ ਕਿ ਕੈਂਪ ਦੌਰਾਨ ਰਹਿਣ ਅਤੇ ਖਾਣ-ਪੀਣ ਦੀ ਸੁਵਿਧਾ ਬਿਲਕੁਲ ਮੁਫ਼ਤ ਦਿੱਤੀ ਜਾਵੇਗੀ ਅਤੇ ਫਿਜ਼ੀਕਲ ਤਿਆਰੀ ਲਈ ਕਿਸੇ ਕਿਸਮ ਦੀ ਕੋਈ ਫੀਸ ਨਹੀਂ ਲਈ ਜਾਵੇਗੀ। ਵਧੇਰੇ ਜਾਣਕਾਰੀ ਲਈ 78888-78823 ਅਤੇ 88728-02046 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।