logo

ਪਰਾਲੀ ਪ੍ਰਬੰਧਨ ਬਾਰੇ ਕਿਸਾਨ ਜਾਗਰੂਕਤਾ ਪ੍ਰੋਗਰਾਮ ਦਲ ਸਿੰਘ ਵਾਲਾ ਵਿਖੇ ਆਯੋਜਿਤ

ਫ਼ਰੀਦਕੋਟ 18 ਦਸੰਬਰ (Sanjiv Mittal)
ਦਲ ਸਿੰਘ ਵਾਲਾ ਵਿਖੇ ਕ੍ਰਿਸ਼ੀ ਵਿਗਿਆਨ ਕੇਂਦਰ (ਕੇ.ਵੀ.ਕੇ.), ਫ਼ਰੀਦਕੋਟ ਵੱਲੋਂ ਪਰਾਲੀ ਪ੍ਰਬੰਧਨ ਸਬੰਧੀ ਕਿਸਾਨ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ, ਜਿਸ ਵਿੱਚ 192 ਕਿਸਾਨਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਇਹ ਸਮਾਗਮ ਡਾ. ਰਾਕੇਸ਼ ਕੁਮਾਰ, ਇੰਚਾਰਜ ਕੇ.ਵੀ.ਕੇ., ਫ਼ਰੀਦਕੋਟ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ਡਾ. ਰਾਕੇਸ਼ ਕੁਮਾਰ ਨੇ ਪਰਾਲੀ ਨੂੰ ਅੱਗ ਨਾ ਲਗਾ ਕੇ ਜ਼ਮੀਨ ਦੀ ਉਪਜਾਊ ਤਾਕਤ ਅਤੇ ਵਾਤਾਵਰਨ ਨੂੰ ਬਚਾਉਣ ਵਿੱਚ ਸਹਿਯੋਗ ਦੇਣ ਲਈ ਕਿਸਾਨਾਂ ਦਾ ਧੰਨਵਾਦ ਕੀਤਾ ਅਤੇ ਪਰਾਲੀ ਪ੍ਰਬੰਧਨ ਤੋਂ ਬਾਅਦ ਕਣਕ ਦੀ ਬਿਜਾਈ ਤੋਂ ਪਹਿਲਾਂ ਤੇ ਬਾਅਦ ਵਿੱਚ ਅਪਣਾਈਆਂ ਜਾਣ ਵਾਲੀਆਂ ਜ਼ਰੂਰੀ ਸਾਵਧਾਨੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਡਾ. ਫਤਿਹਜੀਤ ਸਿੰਘ ਸੇਂਖੋ, ਜ਼ਿਲ੍ਹਾ ਪਸਾਰ ਵਿਗਿਆਨ, ਫ਼ਰੀਦਕੋਟ ਨੇ ਪਰਾਲੀ ਪ੍ਰਬੰਧਨ ਤੋਂ ਬਾਅਦ ਬੀਜੀ ਗਈ ਕਣਕ ਵਿੱਚ ਆਉਣ ਵਾਲੇ ਨਦੀਨਾਂ ਅਤੇ ਕੀੜੇ-ਮਕੌੜਿਆਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਉਨ੍ਹਾਂ ਦੀ ਰੋਕਥਾਮ ਲਈ ਨਵੀਆਂ ਦਵਾਈਆਂ ਬਾਰੇ ਦੱਸਿਆ। ਇਸ ਮੌਕੇ ਡਾ. ਗੁਰਲਾਲ ਸਿੰਘ ਗਿੱਲ, ਸਹਾਇਕ ਪ੍ਰੋਫੈਸਰ (ਪਸ਼ੂ ਵਿਗਿਆਨ) ਨੇ ਕ੍ਰਿਸ਼ੀ ਵਿਗਿਆਨ ਕੇਂਦਰ ਦੀਆਂ ਵੱਖ-ਵੱਖ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦਿਆਂ ਧਾਤਾਂ ਦੇ ਚੂਰੇ ਦੀ ਮਹੱਤਤਾ ਉਤੇ ਰੋਸ਼ਨੀ ਪਾਈ ਅਤੇ ਇਸਨੂੰ ਪਸ਼ੂ ਖੁਰਾਕ ਦਾ ਅਹਿਮ ਹਿੱਸਾ ਬਣਾਉਣ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ। ਅੰਤ ਵਿੱਚ ਕਿਸਾਨਾਂ ਵੱਲੋਂ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਹਿੱਸਾ ਲੈਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ।

10
293 views