logo

ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਿਤੀਆਂ ਦੀਆਂ ਚੋਣਾਂ ਸ਼ਾਂਤੀਪੂਰਵਕ ਸੰਪੰਨ


ਜ਼ਿਲ੍ਹੇ ਵਿੱਚ ਕਰੀਬ 40 ਫੀਸਦੀ ਪੋਲਿੰਗ, ਵੋਟਾਂ ਦੀ ਗਿਣਤੀ 17 ਦਸੰਬਰ ਨੂੰ

ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਵੋਟਰਾਂ ਤੇ ਚੋਣ ਅਮਲੇ ਦਾ ਧੰਨਵਾਦ

ਤਰਨ ਤਾਰਨ, 14 ਦਸੰਬਰ (AIMA MEDIA) – ਜ਼ਿਲ੍ਹਾ ਤਰਨ ਤਾਰਨ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀਆਂ ਦੀਆਂ ਚੋਣਾਂ ਦਾ ਅਮਲ ਅੱਜ ਅਮਨ-ਸ਼ਾਂਤੀ ਨਾਲ ਨੇਪਰੇ ਚੜ੍ਹ ਗਿਆ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਜ਼ਿਲ੍ਹਾ ਪ੍ਰੀਸ਼ਦ ਦੇ 7 ਜੋਨਾਂ ਅਤੇ 8 ਪੰਚਾਇਤ ਸਮਿਤੀਆਂ ਦੇ 67 ਜੋਨਾਂ ਵਿੱਚ 554 ਪੋਲਿੰਗ ਬੂਥਾਂ ਉੱਤੇ ਵੋਟਿੰਗ ਸ਼ਾਂਤੀਪੂਰਵਕ ਸੰਪੰਨ ਹੋਈ।

ਉਨ੍ਹਾਂ ਕਿਹਾ ਕਿ ਮਤਦਾਤਾਵਾਂ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀਆਂ ਲਈ ਵੱਖ-ਵੱਖ ਬੈਲਟ ਪੇਪਰਾਂ ਰਾਹੀਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਗਈ। ਪਿੰਡਾਂ ਵਿੱਚ ਵੋਟਰਾਂ ਵੱਲੋਂ ਕਾਫ਼ੀ ਉਤਸ਼ਾਹ ਵੇਖਣ ਨੂੰ ਮਿਲਿਆ ਅਤੇ ਕਈ ਪੋਲਿੰਗ ਬੂਥਾਂ ਉੱਤੇ ਲੰਬੀਆਂ ਕਤਾਰਾਂ ਵੀ ਦਰਜ ਕੀਤੀਆਂ ਗਈਆਂ।

ਜ਼ਿਲ੍ਹਾ ਚੋਣ ਅਫ਼ਸਰ ਅਨੁਸਾਰ ਸਵੇਰੇ 8 ਵਜੇ ਵੋਟਿੰਗ ਸ਼ੁਰੂ ਹੋਈ। ਸਵੇਰੇ 10 ਵਜੇ ਤੱਕ 7 ਫੀਸਦੀ, ਦੁਪਹਿਰ 12 ਵਜੇ ਤੱਕ 17.1 ਫੀਸਦੀ ਅਤੇ ਦੁਪਹਿਰ 2 ਵਜੇ ਤੱਕ 27.5 ਫੀਸਦੀ ਪੋਲਿੰਗ ਦਰਜ ਕੀਤੀ ਗਈ। ਸ਼ਾਮ 4 ਵਜੇ ਤੱਕ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਿਤੀਆਂ ਤਰਨ ਤਾਰਨ, ਭਿੱਖੀਵਿੰਡ, ਚੋਹਲਾ ਸਾਹਿਬ, ਖਡੂਰ ਸਾਹਿਬ, ਨਾਗੋਕੇ, ਨੌਸ਼ਿਹਰਾ ਪੰਨੂਆਂ, ਪੱਟੀ ਅਤੇ ਵਲਟੋਹਾ ਵਿੱਚ 39.3 ਫੀਸਦੀ ਵੋਟਿੰਗ ਹੋ ਚੁੱਕੀ ਸੀ। ਕੁਝ ਬੂਥਾਂ ਉੱਤੇ 4 ਵਜੇ ਤੋਂ ਬਾਅਦ ਵੀ ਵੋਟਰਾਂ ਦੀਆਂ ਲਾਈਨਾਂ ਹੋਣ ਕਾਰਨ ਕੁੱਲ ਪੋਲਿੰਗ ਕਰੀਬ 40 ਫੀਸਦੀ ਰਹਿਣ ਦੀ ਸੰਭਾਵਨਾ ਹੈ।

ਸ੍ਰੀ ਰਾਹੁਲ ਨੇ ਦੱਸਿਆ ਕਿ ਪੋਲਿੰਗ ਤੋਂ ਬਾਅਦ ਸਾਰੇ ਬੈਲਟ ਬਕਸੇ ਬਲਾਕ-ਵਾਈਜ਼ ਬਣਾਏ ਗਏ 8 ਸਟਰਾਂਗ ਰੂਮਾਂ ਵਿੱਚ ਸਖ਼ਤ ਸੁਰੱਖਿਆ ਹੇਠ ਰੱਖੇ ਜਾਣਗੇ। ਇਨ੍ਹਾਂ ਚੋਣਾਂ ਦੀ ਵੋਟਾਂ ਦੀ ਗਿਣਤੀ 17 ਦਸੰਬਰ 2025 ਨੂੰ ਨਿਰਧਾਰਤ ਗਿਣਤੀ ਕੇਂਦਰਾਂ ਵਿੱਚ ਕੀਤੀ ਜਾਵੇਗੀ।

ਅੰਤ ਵਿੱਚ ਜ਼ਿਲ੍ਹਾ ਚੋਣ ਅਫ਼ਸਰ ਨੇ ਸ਼ਾਂਤੀਪੂਰਵਕ ਚੋਣ ਪ੍ਰਕਿਰਿਆ ਮੁਕੰਮਲ ਹੋਣ ‘ਤੇ ਜ਼ਿਲ੍ਹੇ ਦੇ ਵੋਟਰਾਂ, ਅਧਿਕਾਰੀਆਂ ਅਤੇ ਸਮੂਹ ਚੋਣ ਅਮਲੇ ਦਾ ਧੰਨਵਾਦ ਕੀਤਾ।

30
1455 views